ਬੀਸੀਸੀਆਈ ਨੇ ਰੱਦ ਹੋਣੋਂ ਬਚਾਇਆ ਮੁਹੰਮਦ ਸ਼ੰਮੀ ਦਾ ਅਮਰੀਕੀ ਵੀਜ਼ਾ

ਏਜੰਸੀ

ਖ਼ਬਰਾਂ, ਖੇਡਾਂ

ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਹਾਲ ਹੀ ਵਿਚ ਖ਼ੁਲਾਸਾ ਕੀਤਾ ਹੈ ਕਿ ਅਮਰੀਕਾ ਨੇ ਭਾਰਤੀ ਕ੍ਰਿਕਟ ਖਿਡਾਰੀ ਮੁਹੰਮਦ ਸ਼ੰਮੀ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

Mohammed Shami

ਨਵੀਂ ਦਿੱਲੀ: ਅਗਸਤ ਤੋਂ ਸ਼ੁਰੂ ਹੋ ਰਹੇ ਟੀਮ ਇੰਡੀਆ ਦੇ ਵੈਸਟ ਇੰਡੀਜ਼ ਦੌਰੇ ਲਈ ਪਹਿਲਾਂ ਭਾਰਤੀ ਕ੍ਰਿਕਟ ਟੀਮ ਨੇ ਅਮਰੀਕਾ ਜਾਣਾ ਹੈ। ਭਾਰਤੀ ਟੀਮ ਇੱਥੇ ਵੈਸਟ ਇੰਡੀਜ਼ ਵਿਰੁੱਧ ਟੀ-20 ਸੀਰੀਜ਼ ਦੇ ਪਹਿਲੇ ਦੋ ਮੈਚ ਖੇਡੇਗੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਹਾਲ ਹੀ ਵਿਚ ਖ਼ੁਲਾਸਾ ਕੀਤਾ ਹੈ ਕਿ ਅਮਰੀਕਾ ਨੇ ਭਾਰਤੀ ਕ੍ਰਿਕਟ ਖਿਡਾਰੀ ਮੁਹੰਮਦ ਸ਼ੰਮੀ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਬਾਅਦ ਵਿਚ ਉਹਨਾਂ ਨੂੰ ਵੀਜ਼ਾ ਦੇ  ਦਿੱਤਾ ਗਿਆ।

ਦੱਸਿਆ ਗਿਆ ਹੈ ਕਿ ਅਮਰੀਕੀ ਅੰਬੈਸੀ ਨੇ ਇਕ ਵੀਜ਼ਾ ਸ਼ੰਮੀ ਦੀ ਅਧੂਰੀ ਪੁਲਿਸ ਵੈਰੀਫੀਕੇਸ਼ਨ ਕਾਰਨ ਰੋਕਿਆ ਸੀ। ਮੁਹੰਮਦ ਸ਼ੰਮੀ ਇਹਨੀਂ ਦਿਨੀਂ ਘਰੇਲੂ ਹਿੰਸਾ ਸਬੰਧੀ ਮੁਕੱਦਮੇ ਦਾ ਸਾਹਮਣਾ ਕਰ ਰਹੇ ਹਨ। ਪਿਛਲੇ ਸਾਲ ਸ਼ੰਮੀ ਦੀ ਪਤਨੀ ਨੇ ਕੋਲਕਾਤਾ ਪੁਲਿਸ ਵਿਚ ਉਹਨਾਂ ਵਿਰੁੱਧ ਮਾਮਲਾ ਦਰਜ ਕਰਵਾਇਆ ਸੀ। ਇਸ ਮਾਮਲੇ ਕਾਰਨ ਉਹਨਾਂ ਨੂੰ ਵੀਜ਼ਾ ਨਹੀਂ ਦਿੱਤਾ ਗਿਆ ਸੀ।

ਬੀਸੀਸੀਆਈ ਸੂਰਤਾਂ ਮੁਤਾਬਕ ਬੀਸੀਸੀਆਈ ਸੀਈਓ ਰਾਹੁਲ ਜੌਹਰੀ ਨੇ ਅਮਰੀਕੀ ਅੰਬੈਸੀ ਨੂੰ ਇਕ ਚਿੱਠੀ ਲਿਖੀ ਸੀ, ਜਿਸ ਤੋਂ ਬਾਅਦ ਉਹਨਾਂ ਨੂੰ ਵੀਜ਼ਾ ਮਿਲ ਸਕਿਆ। ਟੀ-20 ਸੀਰੀਜ਼ ਦੇ ਪਹਿਲੇ ਦੋ ਮੈਚ 3 ਅਤੇ 4 ਅਗਸਤ ਨੂੰ ਅਮਰੀਕਾ  ਵਿਚ ਹੋਣਗੇ। ਅਮਰੀਕੀ ਅੰਬੈਸੀ ਨੂੰ ਜੌਹਰੀ ਨੇ ਦੱਸਿਆ ਕਿ ਸ਼ੰਮੀ ਭਾਰਤ ਦੇ ਪ੍ਰਸਿੱਧ ਕ੍ਰਿਕਟਰ ਹਨ ਅਤੇ ਉਹਨਾਂ ਨੇ ਸ਼ੰਮੀ ਦੇ ਯੋਗਦਾਨ ਬਾਰੇ ਦੱਸਿਆ। ਸ਼ੰਮੀ ਹੁਣ 29 ਜੁਲਾਈ ਨੂੰ ਮੁੰਬਈ ਤੋਂ ਅਮਰੀਕਾ ਲਈ ਰਵਾਨਾ ਹੋਣਗੇ।

Sports ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ