ਕ੍ਰਿਕਟ ਵਿਸ਼ਵ ਕੱਪ: ਜਾਣੋ ਬਾਰਿਸ਼ ਕਾਰਨ ਸੈਮੀਫਾਈਨਲ ਅਤੇ ਫਾਈਨਲ ਦੇ ਮੈਚ ਰੱਦ ਹੋਏ ਤਾਂ ਕੀ ਹੋਵੇਗਾ?

ਏਜੰਸੀ

ਖ਼ਬਰਾਂ, ਖੇਡਾਂ

ਕਈ ਲੋਕਾਂ ਦੇ ਮਨਾਂ ਵਿਚ ਅਜਿਹੇ ਸਵਾਲ ਖੜ੍ਹੇ ਹੁੰਦੇ ਹਨ ਕਿ ਜੇਕਰ ਸੈਮੀਫਾਈਨਲ ਅਤੇ ਫਾਈਨਲ ਦੇ ਮੈਚ ਦੌਰਾਨ ਬਾਰਿਸ਼ ਹੋਈ ਤਾਂ ਕੀ ਹੋਵੇਗਾ।

Play Ground

ਮੈਨਚੇਸਟਰ: ਆਈਸੀਸੀ ਕ੍ਰਿਕਟ ਵਿਸ਼ਵ ਕੱਪ 2019 ਦੇ ਸੈਮੀਫਾਈਨਲ ਵਿਚ ਇਹ ਬਹੁਤ ਹੀ ਦਿਲਚਸਪ ਸਮਾਂ ਹੈ ਕਿਉਂਕਿ ਇਸ ਦੌਰਾਨ ਅੰਕ ਸੂਚੀ ਵਿਚ ਟਾਪ ਚਾਰ ਟੀਮਾਂ ਦਾ ਮੁਕਾਬਲਾ ਹੋਵੇਗਾ। ਇਸ ਦੌਰਾਨ ਅੰਕ ਸੂਚੀ ਵਿਚ ਟਾਪ ‘ਤੇ ਭਾਰਤ ਦੀ ਟੀਮ ਦਾ ਮੁਕਾਬਲਾ ਨਿਊਜ਼ੀਲੈਂਡ ਨਾਲ ਹੋਵੇਗਾ। ਅੰਕ ਸੂਚੀ ਵਿਚ ਪਹਿਲੇ ਨੰਬਰ ‘ਤੇ ਭਾਰਤ ਦੂਜੇ ਨੰਬਰ ‘ਤੇ ਆਸਟ੍ਰੇਲੀਆ, ਤੀਜੇ ਨੰਬਰ ‘ਤੇ ਇੰਗਲੈਂਡ ਅਤੇ ਅਤੇ ਚੌਥੇ ਨੰਬਰ ‘ਤੇ ਨਿਊਜ਼ੀਲੈਂਡ ਦੀਆਂ ਟੀਮਾਂ ਹਨ।

ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ ਦੌਰਾਨ ਭਾਰਤ ਅਤੇ ਨਿਊਜ਼ੀਲੈਂਡ ਵਿਚ ਮੁਕਾਬਲਾ ਮੈਨਚੇਸਟਰ ਵਿਖੇ ਓਲਡ ਟਰੈਫਰਡ ਮੈਦਾਨ ਵਿਚ ਖੇਡਿਆ ਜਾਵੇਗਾ ਜਦਕਿ ਦੂਜਾ ਮੁਕਾਬਲਾ ਬਰਮਿੰਘਮ ਦੇ ਐਜ਼ਬੇਸਟਨ ਮੈਦਾਨ ਵਿਚ ਆਸਟ੍ਰੇਲੀਆ ਅਤੇ ਇੰਗਲੈਂਡ ਵਿਚਕਾਰ ਖੇਡਿਆ ਜਾਵੇਗਾ। ਇੰਗਲੈਂਡ ਵਿਚ ਕਈ ਵਾਰ ਅਜਿਹਾ ਹੋਇਆ ਹੈ ਕਿ ਬਾਰਿਸ਼ ਖੇਡ ਦਾ ਮਜ਼ਾ ਖ਼ਰਾਬ ਕਰ ਦਿੰਦੀ ਹੈ। ਟੂਰਨਾਮੈਂਟ ਦੇ ਪਹਿਲੇ ਪੜਾਅ ਦੌਰਾਨ ਚਾਰ ਮੈਚ ਬਾਰਿਸ਼ ਕਾਰਨ ਰੱਦ ਹੋ ਗਏ ਸਨ, ਜਿਨ੍ਹਾਂ ਵਿਚ ਹਰੇਕ ਟੀਮ ਨੂੰ ਇਕ ਇਕ ਅੰਕ ਦਿੱਤੇ ਗਏ।

ਸੈਮੀ ਫਾਈਨਲ ਅਤੇ ਫਾਈਨਲ ਲਈ ਦਿਨ ਪਹਿਲਾਂ ਤੋਂ ਹੀ ਤੈਅ ਕੀਤੇ ਗਏ ਹੁੰਦੇ ਹਨ। ਇਸ ਦੌਰਾਨ ਕਈ ਲੋਕਾਂ ਦੇ ਮਨਾਂ ਵਿਚ ਅਜਿਹੇ ਸਵਾਲ ਖੜ੍ਹੇ ਹੁੰਦੇ ਹਨ ਕਿ ਜੇਕਰ ਸੈਮੀਫਾਈਨਲ ਅਤੇ ਫਾਈਨਲ ਦੇ ਮੈਚ ਦੌਰਾਨ ਬਾਰਿਸ਼ ਹੋਈ ਤਾਂ ਕੀ ਹੋਵੇਗਾ। ਇਸ ਦਾ ਜਵਾਬ ਇਹ ਹੈ ਕਿ ਜੇਕਰ ਮੰਗਲਵਾਰ ਨੂੰ ਸੈਮੀਫਾਈਨਲ ਦੌਰਾਨ ਬਾਰਿਸ਼ ਕਾਰਨ ਮੈਚ ਰੁਕਿਆ ਤਾਂ ਇਹ ਮੈਚ ਅਗਲੇ ਦਿਨ ਬੁੱਧਵਾਰ ਨੂੰ ਹੋਵੇਗਾ।

ਜੇਕਰ ਬਾਰਿਸ਼ ਕਾਰਨ ਮੰਗਲਵਾਰ ਅਤੇ ਬੁੱਧਵਾਰ ਦੋਵੇਂ ਦਿਨ ਹੀ ਮੈਚ ਨਾ ਹੋ ਸਕਿਆ ਤਾਂ ਭਾਰਤ ਸਿੱਧਾ ਫਾਈਨਲ ਵਿਚ ਖੇਡੇਗਾ। ਇਸੇ ਤਰ੍ਹਾਂ ਸੈਮੀਫਾਈਨਲ ਵਿਚ ਬਾਰਿਸ਼ ਹੋਣ ਨਾਲ ਆਸਟ੍ਰੇਲੀਆ ਨੂੰ ਵੀ ਫਾਇਦਾ ਹੋਵੇਗਾ। ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ 14 ਜੁਲਾਈ 2019 ਨੂੰ ਲਾਡਜ਼ ਵਿਚ ਖੇਡਿਆ ਜਾਵੇਗਾ। ਇਸ ਦੇ ਲਈ ਵੀ ਦਿਨ ਰਾਖਵੇਂ ਹੁੰਦੇ ਹਨ। ਜੇਕਰ ਫਾਈਨਲ ਮੈਚ ਦੌਰਾਨ ਬਾਰਿਸ਼ ਹੋ ਜਾਂਦੀ ਹੈ ਤਾਂ ਇਹ ਮੈਚ ਅਗਲੇ ਦਿਨ ਹੋਵੇਗਾ ਜੇਕਰ ਉਸ ਦਿਨ ਵੀ ਬਾਰਿਸ਼ ਹੋਈ ਤਾਂ ਜੇਤੂ ਟਰਾਫੀ ਦੋਵੇਂ ਟੀਮਾਂ ਵਿਚ ਸਾਂਝੀ ਕੀਤੀ ਜਾਵੇਗੀ।