ਤੇਂਦੁਲਕਰ ਦਾ ਲੋਕਪਾਲ ਨੂੰ ਜਵਾਬ : ਮੁੰਬਈ ਇੰਡੀਅਨਜ਼ ਤੋਂ ਨਹੀਂ ਲਿਆ ਆਰਥਕ ਲਾਭ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਸਚਿਨ ਨੇ ਕਿਹਾ - ਮੈਂ ਮੁੰਬਈ ਇੰਡੀਅਨਜ਼ ਆਈ.ਪੀ.ਐਲ. ਫ਼੍ਰੈਂਚਾਈਜ਼ੀ ਤੋਂ ਟੀਮ 'ਆਈਕਾਨ' ਦੀ ਸਮਰਥਾ 'ਚ ਕੋਈ ਵੀ ਖ਼ਾਸ ਆਰਥਕ ਲਾਭ/ਫ਼ਾਇਦਾ ਨਹੀਂ ਲਿਆ

Cricketer Sachin Tendulkar said received no monetary benefit from Mumbai Indians

 ਨਵੀਂ ਦਿੱਲੀ : ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਅਪਣੇ ਉਪਰ ਲੱਗੇ ਹਿਤਾਂ ਦੇ ਟਕਰਾਅ ਦੇ ਮਾਮਲੇ ਨੂੰ ਖ਼ਾਰਜ ਕਰਦੇ ਹੋਏ ਦਾਅਵਾ ਕੀਤਾ ਕਿ ਉਨ੍ਹਾਂ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਫ਼੍ਰੈਂਚਾਈਜ਼ੀ ਮੁੰਬਈ ਇੰਡੀਅਨਜ਼ ਤੋਂ ਨਾ ਤਾਂ 'ਕੋਈ ਫਾਇਦਾ' ਉਠਾਇਆ ਹੈ ਨਾ ਹੀ ਉਹ ਫ਼ੈਸਲਾ ਲੈਣ ਦੀ ਕਿਸੇ ਪ੍ਰਕਿਰਿਆ ਵਿਚ ਹਿੱਸੇਦਾਰ ਰਹੇ ਹਨ। ਤੇਂਦੁਲਕਰ ਨੇ ਐਤਵਾਰ ਨੂੰ ਬੀ.ਸੀ.ਸੀ.ਆਈ. ਦੇ ਲੋਕਪਾਲ ਅਤੇ ਨੈਤਿਕ ਅਧਿਕਾਰੀ ਜੱਜ (ਸੇਵਾ ਮੁਕਤ) ਡੀ.ਕੇ. ਜੈਨ ਦੇ ਭੇਜੇ ਗਏ ਨੋਟਿਸ ਦਾ ਲਿਖਤੀ ਜਵਾਬ ਦਾਖ਼ਲ ਕੀਤਾ ਜਿਸ ਵਿਚ 14 ਬਿੰਦੂਆਂ ਦਾ ਜ਼ਿਕਰ ਹੈ।

ਤੇਂਦੁਲਕਰ ਅਤੇ ਵੀ.ਵੀ.ਐਸ. ਲਕਸ਼ਮਣ ਨੂੰ ਮੱਧ ਪ੍ਰਦੇਸ਼ ਕ੍ਰਿਕਟ ਸੰਘ (ਐਮ.ਪੀ.ਸੀ.ਏ.) ਦੇ ਮੈਂਬਰ ਸੰਜੀਵ ਗੁਪਤਾ ਵਲੋਂ ਦਾਇਰ ਕੀਤੀ ਗਈ ਸ਼ਿਕਾਇਤ 'ਤੇ ਨੋਟਿਸ ਭੇਜਿਆ ਗਿਆ ਸੀ। ਸ਼ਿਕਾਇਤ ਅਨੁਸਾਰ ਲਕਸ਼ਮਣ ਅਤੇ ਤੇਂਦੁਲਕਰ ਨੇ ਆਈ.ਪੀ.ਐਲ. ਫ਼੍ਰੈਂਚਾਈਜ਼ੀ ਟੀਮਾਂ ਕ੍ਰਮਵਾਰ ਸਨਰਾਈਜ਼ਰਜ਼ ਹੈਦਰਾਬਾਦ ਅਤੇ ਮੁੰਬਈ ਇੰਡੀਅਨਜ਼ ਦੇ 'ਸਹਾਇਕ ਮੈਂਬਰ' ਅਤੇ ਬੀ.ਸੀ.ਸੀ.ਆਈ. ਦੇ ਕ੍ਰਿਕਟ ਸਲਾਹਕਾਰ ਕਮੇਟੀ (ਸੀ.ਏ.ਸੀ.) ਦੇ ਮੈਂਬਰ ਦੇ ਰੂਪ 'ਚ ਦੋਹਰੀ ਭੂਮਿਕਾ ਨਿਭਾਈ ਸੀ ਜਿਸ ਨੂੰ ਕਥਿਤ ਹਿਤਾਂ ਦੇ ਟਕਰਾਅ ਦਾ ਮਾਮਲਾ ਦਸਿਆ ਗਿਆ ਸੀ।

ਅਪਣੇ ਜਵਾਬ ਵਿਚ ਤੇਂਦੁਲਕਰ ਨੇ ਲਿਖਿਆ, ''ਸਭ ਤੋਂ ਪਹਿਲਾਂ, ਨੋਟਿਸ ਪ੍ਰਾਪਤਕਰਤਾ (ਤੇਂਦੁਲਕਰ) ਸਾਰੀਆਂ ਸ਼ਿਕਾਇਤਾਂ ਨੂੰ ਖ਼ਾਰਜ ਕਰਦਾ ਹੈ। (ਬਿਆਨਾਂ ਨੂੰ ਛੱਡ ਕੇ ਜੋ ਖ਼ਾਸ ਤੌਰ 'ਤੇ ਇੱਥੇ ਸਵੀਕਾਰ ਕੀਤੇ ਜਾਂਦੇ ਹਨ।)'' ਇਸ ਦੇ ਜਵਾਬ ਦੀ ਕਾਪੀ ਪੀ.ਟੀ.ਆਈ. ਕੋਲ ਵੀ ਹੈ ਜਿਸ ਵਿਚ ਕਿਹਾ ਗਿਆ, ''ਨੋਟਿਸ ਪ੍ਰਾਪਤਕਰਤਾ (ਤੇਂਦੁਲਕਰ) ਨੇ ਸੰਨਿਆਸ ਲੈਣ ਦੇ ਬਾਅਦ ਮੁੰਬਈ ਇੰਡੀਅਨਜ਼ ਆਈ.ਪੀ.ਐਲ. ਫ਼੍ਰੈਂਚਾਈਜ਼ੀ ਤੋਂ ਟੀਮ 'ਆਈਕਾਨ' ਦੀ ਸਮਰਥਾ 'ਚ ਕੋਈ ਵੀ ਖ਼ਾਸ ਆਰਥਕ ਲਾਭ/ਫ਼ਾਇਦਾ ਨਹੀਂ ਲਿਆ ਹੈ ਅਤੇ ਉਹ ਕਿਸੇ ਵੀ ਭੂਮਿਕਾ ਵਿਚ ਫ਼੍ਰੈਂਚਾਈਜ਼ੀ ਦੇ ਲਈ ਕੰਮ ਨਹੀਂ ਕਰਦੇ ਹਨ।''

ਕੌਮਾਂਤਰੀ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਨੇ ਕਿਹਾ ਕਿ ਉਹ ਕਿਸੇ ਵੀ ਅਹੁਦੇ 'ਤੇ ਕਾਬਜ਼ ਨਹੀਂ ਹਨ, ਨਾ ਹੀ ਉਨ੍ਹਾਂ ਨੇ ਕੋਈ ਫ਼ੈਸਲਾ ਲਿਆ ਹੈ। ਇਸ ਲਈ ਬੀ.ਸੀ.ਸੀ.ਆਈ. ਦੇ ਨਿਯਮਾਂ ਦੇ ਤਹਿਤ ਜਾਂ ਕਿਤੇ ਹੋਰ, ਇੱਥੇ ਹਿਤਾਂ ਦਾ ਟਕਰਾਅ ਨਹੀਂ ਹੋਇਆ ਹੈ।'' ਕ੍ਰਿਕਟ ਸਲਾਹਕਾਰ ਕਮੇਟੀ ਵਿਚ ਉਨ੍ਹਾਂ ਦੀ ਭੂਮਿਕਾ ਦੇ ਸਵਾਲ 'ਤੇ ਤੇਂਦੁਲਕਰ ਨੇ ਕਿਹਾ ਕਿ ਉਨ੍ਹਾਂ ਨੂੰ 2015 'ਚ ਬੀ.ਸੀ.ਸੀ.ਆਈ. ਕਮੇਟੀ ਦੇ ਮੈਂਬਰ ਦੇ ਰੂਪ 'ਚ ਨਿਯੁਕਤ ਕੀਤਾ ਗਿਆ ਸੀ ਅਤੇ ਉਹ ਨਿਯੁਕਤੀ ਮੁੰਬਈ ਇੰਡੀਅਨਜ਼ ਦੇ ਨਾਲ ਉਨ੍ਹਾਂ ਦੀ ਭਾਗਾਦਾਰੀ ਦੇ ਕਈ ਸਾਲ ਬਾਅਦ ਹੋਈ ਸੀ।