'ਚੈਂਪੀਅਨ ਜਰਮਨੀ' ਫ਼ੀਫ਼ਾ ਵਿਸ਼ਵ ਕਪ 'ਚੋਂ ਬਾਹਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਕਜ਼ਾਨ ਏਰੀਨਾ 'ਚ ਬੁਧਵਾਰ ਨੂੰ ਗਰੁੱਪ-ਐਫ ਵਿਚ ਦੱਖਣ ਕੋਰੀਆ ਨੇ ਜਰਮਨੀ ਨੂੰ 2-0 ਨਾਲ ਹਰਾ ਕੇ ਵਿਸ਼ਵ ਕਪ 'ਚੋਂ ਬਾਹਰ ਕਰ ਦਿਤਾ.......

Match Between Germany And South Korea

ਕਜ਼ਾਨ : ਕਜ਼ਾਨ ਏਰੀਨਾ 'ਚ ਬੁਧਵਾਰ ਨੂੰ ਗਰੁੱਪ-ਐਫ ਵਿਚ ਦੱਖਣ ਕੋਰੀਆ ਨੇ ਜਰਮਨੀ ਨੂੰ 2-0 ਨਾਲ ਹਰਾ ਕੇ ਵਿਸ਼ਵ ਕਪ 'ਚੋਂ ਬਾਹਰ ਕਰ ਦਿਤਾ। ਜਰਮਨੀ ਨੂੰ ਅੰਤਮ-16 'ਚ ਥਾਂ ਬਣਾਉਣ ਲਈ ਇਸ ਮੈਚ ਨੂੰ ਜਿੱਤਣਾ ਜ਼ਰੂਰੀ ਸੀ। ਹਾਲਾਂਕਿ ਪਹਿਲਾਂ ਹੀ ਬਾਹਰ ਹੋ ਚੁਕੀ ਦੱਖਣ ਕੋਰੀਆ ਨੇ ਅਜਿਹਾ ਨਾ ਹੋਣ ਦਿਤਾ। ਉਥੇ ਹੀ ਦੂਜੇ ਮੈਚ 'ਚ ਸਵੀਡਨ ਨੇ ਮੈਕਸੀਕੋ ਨੂੰ 3-0 ਨਾਲ ਕਰਾਰੀ ਮਾਤ ਦਿਤੀ। ਸਵੀਡਨ 12 ਸਾਲ ਬਾਅਦ ਅੰਤਮ-16 'ਚ ਪੁੱਜੀ ਹੈ।

ਜ਼ਿਕਰਯੋਗ ਹੈ ਕਿ ਜਰਮਨੀ ਨੇ ਪਿਛਲਾ ਫ਼ੁਟਬਾਲ ਵਿਸ਼ਵ ਕਪ ਜਿਤਿਆ ਸੀ। ਜਰਮਨੀ ਦੀ ਟੀਮ ਨੇ ਕਈ ਵਾਰ ਗੋਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਦੱਖਣ ਕੋਰੀਆ ਦੇ ਡਿਫੈਂਸ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਇਕ ਵੀ ਗੋਲ ਨਾ ਹੋਣ ਦਿਤਾ। ਬੇਹੱਦ ਅਹਿਮ ਇਸ ਮੁਕਾਬਲੇ ਦੇ ਪਹਿਲੇ ਹਾਫ਼ 'ਚ ਕੋਈ ਵੀ ਟੀਮ ਗੋਲ ਨਾ ਕਰ ਸਕੀ। ਉਮੀਦ ਸੀ ਕਿ ਜਰਮਨੀ ਦੀ ਟੀਮ ਦੂਜੇ ਹਾਫ਼ 'ਚ ਕੁੱਝ ਕਮਾਲ ਕਰੇਗੀ, ਪਰ ਅਜਿਹਾ ਸੰਭਵ ਨਾ ਹੋ ਸਕਿਆ।

ਕੋਰੀਆ ਦੇ ਵਾਈ ਜੀ ਕਿਮ ਨੇ ਇੰਜਰੀ ਟਾਈਮ 93 ਮਿੰਟ 'ਚ ਟੀਮ ਦਾ ਪਹਿਲਾ ਗੋਲ ਕੀਤਾ। ਤਿੰਨ ਮਿੰਟ ਬਾਅਦ (96 ਮਿੰਟ) ਐਚ.ਐਮ. ਸੋਨ ਨੇ ਦੱਖਣ ਕੋਰੀਆ ਲਈ ਦੂਜਾ ਗੋਲ ਕਰ ਕੇ ਟੀਮ ਨੂੰ 2-0 ਨਾਲ ਟੂਰਨਾਮੈਂਟ 'ਚ ਪਹਿਲੀ ਜਿੱਤ ਦਿਵਾਈ। ਜਰਮਨ ਟੀਮ ਅਪਣੇ ਗਰੁੱਪ 'ਚ ਚੌਥੇ ਨੰਬਰ 'ਤੇ ਰਹੀ। ਕੋਰੀਆਈ ਟੀਮ ਨੇ ਪਹਿਲੀ ਜਿੱਤ ਦਰਜ ਕਰਦਿਆਂ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਗਰੁੱਪ 'ਚੋਂ ਸਵੀਡਨ ਅਤੇ ਮੈਕਸੀਕੋ ਨੇ ਅੰਤਮ-16 ਲਈ ਕੁਆਲੀਫ਼ਾਈ ਕੀਤਾ। ਜ਼ਿਕਰਯੋਗ ਹੈ ਕਿ ਜਰਮਨੀ ਦੀ ਟੀਮ 1938 ਤੋਂ ਬਾਅਦ ਪਹਿਲੇ ਦੌਰ 'ਚ ਕਦੇ ਵੀ ਬਾਹਰ ਨਹੀਂ ਹੋਈ ਹੈ।