ਧੋਨੀ ਮਹਾਨ ਖਿਡਾਰੀ ਹਨ : ਕੋਹਲੀ

ਏਜੰਸੀ

ਖ਼ਬਰਾਂ, ਖੇਡਾਂ

ਅਫ਼ਗਾਨਿਸਤਾਨ ਅਤੇ ਵੈਸਟਇੰਡੀਜ਼ ਵਿਰੁਧ ਵੀ ਹੌਲੀ ਬੱਲੇਬਾਜ਼ੀ ਕਰਨ 'ਤੇ ਧੋਨੀ ਦੀ ਕਾਫੀ ਆਲੋਚਨਾ ਹੋਈ

Dhoni is a legend of the game : Kohli

ਮੈਨਚੈਸਟਰ : ਮਹਿੰਦਰ ਸਿੰਘ ਧੋਨੀ ਦੀ ਮੱਧ ਦੇ ਓਵਰਾਂ 'ਚ ਤੇਜ਼ੀ ਨਾਲ ਦੌੜਾਂ ਜੁਟਾਉਣ 'ਚ ਅਸਫ਼ਲਤਾ ਟੀਮ ਲਈ ਚਿੰਤਾ ਦਾ ਕਾਰਨ ਹੋ ਸਕਦੀ ਹੈ ਪਰ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਲਈ ਇਹ ਕੋਈ ਮੁੰਦਾ ਨਹੀਂ ਹੈ ਜਿਨ੍ਹਾਂ ਨੇ ਤਜ਼ਰਬੇਕਾਰ ਵਿਕਟਕੀਪਰ ਬੱਲੇਬਾਜ਼ ਦਾ ਬਚਾਅ ਕਰਦੇ ਹੋਏ ਉਨ੍ਹਾਂ ਦੇ ਤਜ਼ਰਬੇਕਾਰ ਅਤੇ ਉਨ੍ਹਾਂ ਦੀ ਸਲਾਹ ਨੂੰ ਕੀਮਤੀ ਕਰਾਰ ਦਿਤਾ। ਅਫ਼ਗਾਨਿਸਤਾਨ ਵਿਰੁਧ ਤੇ ਵੀਰਵਾਰ ਨੂੰ ਇਥੇ ਵੈਸਟਇੰਡੀਜ਼ ਵਿਰੁਧ ਵੀ ਹੌਲੀ ਬੱਲੇਬਾਜ਼ੀ ਕਰਨ 'ਤੇ ਧੋਨੀ ਦੀ ਕਾਫੀ ਆਲੋਚਨਾ ਹੋਈ।

ਸਾਬਕਾ ਭਾਰਤੀ ਕਪਤਾਨ ਨੇ ਸ਼ੁਰੂਆਤ 'ਚ ਕਾਫੀ ਦਿਕਤ ਹੋਈ ਪਰ ਅੰਤਮ ਓਵਰ 'ਚ ਉਨ੍ਹਾਂ ਨੇ 16 ਦੌੜਾਂ ਬਣਾਈਆਂ ਅਤੇ 61 ਗੇਂਦਾਂ 'ਤੇ 56 ਦੌੜਾਂ ਬਣਾਈਆਂ ਜਿਸ ਨਾਲ ਸਕੋਰ 7 ਵਿਕਟਾਂ 'ਤੇ 268 ਦੌੜਾਂ ਹੋ ਗਿਆ। ਕੋਹਲੀ ਨੇ ਵੈਸਟਇੰਡੀਜ਼ 'ਤੇ 125 ਦੌੜਾਂ ਦੀ ਜਿੱਤ ਦੇ ਬਾਅਦ ਕਿਹਾ, ''ਧੋਨੀ ਨੂੰ ਪਤਾ ਹੈ ਕਿ ਉਹ ਕ੍ਰੀਜ਼ 'ਤੇ ਕੀ ਕਰਨਾ ਚਾਹੁੰਦੇ ਹਨ। ਜਦੋਂ ਕਦੀ-ਕਦਾਈਂ ਉਨ੍ਹਾਂ ਦਾ ਪ੍ਰਦਰਸ਼ਨ ਖ਼ਰਾਬ ਹੋ ਜਾਂਦਾ ਹੈ ਤਾਂ ਹਰ ਕੋਈ ਉਨ੍ਹਾਂ ਬਾਰੇ ਗੱਲਾਂ ਕਰਨਾ ਸ਼ੁਰੂ ਕਰ ਦਿੰਦਾ ਹੈ। ਅਸੀਂ ਧੋਨੀ ਦਾ ਸਮਰਥਨ ਕਰਾਂਗੇ। ਉਨ੍ਹਾਂ ਨੇ ਇੰਨੇ ਸਾਰੇ ਮੈਚ ਜਿੱਤੇ ਹਨ।''

ਉਨ੍ਹਾਂ ਕਿਹਾ, ''ਉਨ੍ਹਾਂ ਜਿਹੇ ਖਿਡਾਰੀ ਦੇ ਹੋਣ ਦੇ ਬਾਰੇ 'ਚ ਸਭ ਤੋਂ ਚੰਗੀ ਗੱਲ ਇਹ ਹੈ ਕਿ ਜਦੋਂ ਤੁਹਾਨੂੰ 15-20 ਦੌੜਾਂ ਦੀ ਜ਼ਰੂਰਤ ਹੁੰਦੀ ਹੈ ਤਾਂ ਉਹ ਜਾਣਦਾ ਹੈ ਕਿ ਇਨ੍ਹਾਂ ਨੂੰ ਕਿਵੇਂ ਬਣਾਇਆ ਜਾਵੇ। ਉਨ੍ਹਾਂ ਦਾ ਤਜ਼ਰਬਾ 10 'ਚੋਂ ਅੱਠ ਵਾਰ ਸਾਡੇ ਲਈ ਚੰਗਾ ਰਿਹਾ ਹੈ।'' ਕੋਹਲੀ ਨੇ ਕਿਹਾ ਕਿ ਇਹ ਧੋਨੀ ਨੇ ਟੀਮ ਨੂੰ ਭਰੋਸਾ ਦਿਤਾ ਕਿ 268 ਦੌੜਾਂ ਦਾ ਸਕੋਰ ਚੁਨੌਤੀ ਦੇਣ ਲਈ ਚੰਗਾ ਹੈ।

ਉਨ੍ਹਾਂ ਕਿਹਾ, ''ਸਾਡੇ ਕੋਲ ਬਹੁਤ ਘੱਟ ਖਿਡਾਰੀ ਅਜਿਹੇ ਹਨ ਜੋ ਸਹਿਜ ਕ੍ਰਿਕਟ ਖੇਡਦੇ ਹਨ ਅਤੇ ਰਣਨੀਤੀ ਦੇ ਹਿਸਾਬ ਨਾਲ ਚਲਦੇ ਹਨ। ਉਨ੍ਹਾਂ ਨੂੰ ਖੇਡ ਦੀ ਇੰਨੀ ਡੂੰਘੀ ਸਮਝ ਹੈ ਕਿ ਉਹ ਹਮੇਸ਼ਾ ਸਾਨੂੰ ਸਲਾਹ ਦਿੰਦੇ ਰਹਿੰਦੇ ਹਨ ਜਿਸ ਤਰ੍ਹਾਂ ਉਨ੍ਹਾਂ ਕਿਹਾ ਕਿ 260 ਦੌੜਾਂ ਦਾ ਸਕੋਰ ਚੰਗਾ ਹੈ। ਉਹ ਮਹਾਨ ਖਿਡਾਰੀ ਹਨ। ਅਸੀਂ ਸਾਰੇ ਇਸ ਗੱਲ ਨੂੰ ਜਾਣਦੇ ਹਾਂ।''