ਲੱਕੜ ਦੇ ਕਾਰੀਗਰ ਦੀ ਧੀ ਨੇ ਜੜਿਆ ਸਫ਼ਲਤਾ ਦਾ ਕੋਕਾ, ਭਾਰਤ ਦੀ ਸੀਨੀਅਰ ਮਹਿਲਾ ਕ੍ਰਿਕੇਟ ਟੀਮ 'ਚ ਬਣਾਈ ਥਾਂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਖ਼ੁਸ਼ੀ 'ਚ ਖੀਵੀ ਹੋਈ ਅਮਨਜੋਤ ਨੇ ਕਿਹਾ, "ਹਾਲੇ ਤਾਂ ਸਫ਼ਰ ਸ਼ੁਰੂ ਹੋਇਆ ਹੈ"

Image

 

ਚੰਡੀਗੜ੍ਹ - ਘਰੇਲੂ ਸੀਜ਼ਨ ਤੋਂ ਪਹਿਲਾਂ ਚੰਡੀਗੜ੍ਹ ਸੀਨੀਅਰ ਮਹਿਲਾ ਕ੍ਰਿਕੇਟ ਟੀਮ ਦੀ ਕਪਤਾਨੀ ਛੱਡ ਕੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਨਾਲ ਜੁੜਨਾ, ਆਲ-ਰਾਉਂਡਰ ਕ੍ਰਿਕੇਟਰ ਅਮਨਜੋਤ ਕੌਰ ਲਈ ਕੋਈ ਆਸਾਨ ਫ਼ੈਸਲਾ ਨਹੀਂ ਸੀ। ਹਾਲਾਂਕਿ, ਉਸ ਵੱਲੋਂ ਚੁੱਕੇ ਜੋਖਮ ਦਾ ਉਸ ਨੂੰ ਚੰਗਾ ਫ਼ਲ਼ ਮਿਲਿਆ, ਕਿਉਂਕਿ ਹੁਣ ਉਸ ਦੀ ਚੋਣ ਰਾਸ਼ਟਰੀ ਟੀਮ ਵਿੱਚ ਹੋ ਗਈ ਹੈ। 

ਭਾਵੇਂ ਕਿ 22 ਸਾਲਾਂ ਦੀ ਅਮਨਜੋਤ ਨੂੰ ਪਤਾ ਸੀ ਕਿ ਪੰਜਾਬ ਕੋਲ ਸਟਾਰ ਖਿਡਾਰੀਆਂ ਨਾਲ ਭਰੀ ਟੀਮ ਹੈ, ਅਤੇ ਉਸ ਦੇ ਇਸ ਦਲੇਰਾਨਾ ਫ਼ੈਸਲੇ ਬਦਲੇ ਉਸ ਨੂੰ ਵੱਡੀ ਕੀਮਤ ਤਾਰਨੀ ਪੈ ਸਕਦੀ ਹੈ। ਪਰ ਆਪਣੇ ਕੋਚ ਨਾਗੇਸ਼ ਗੁਪਤਾ ਅਤੇ ਲੱਕੜ ਦਾ ਕੰਮ ਕਰਨ ਵਾਲੇ ਪਿਤਾ ਭੁਪਿੰਦਰ ਸਿੰਘ ਦੀ ਦਿੱਤੀ ਹੱਲਾਸ਼ੇਰੀ ਨਾਲ ਅਮਨਜੋਤ ਨੇ ਸਵੈ-ਵਿਸ਼ਵਾਸ ਨਾਲ ਅੱਗੇ ਕਦਮ ਵਧਾਇਆ। 

ਪਹਿਲਾਂ ਪੰਜਾਬ ਲਈ, ਅਤੇ ਫ਼ੇਰ ਉੱਤਰੀ ਜ਼ੋਨ ਲਈ ਖੇਡਦਿਆਂ ਅਮਨਜੋਤ ਨੇ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ। ਕਾਮਯਾਬੀਆਂ ਦੀਆਂ ਪੌੜੀਆਂ ਚੜ੍ਹਦੇ ਹੋਏ, ਅਮਨਜੋਤ ਨੂੰ ਭਾਰਤ ਦੀ ਸੀਨੀਅਰ ਮਹਿਲਾ ਟੀਮ ਵਿੱਚ ਚੁਣਿਆ ਗਿਆ ਹੈ, ਜੋ ਦੱਖਣੀ ਅਫ਼ਰੀਕਾ ਅਤੇ ਵੈਸਟਇੰਡੀਜ਼ ਦੀ ਸ਼ਮੂਲੀਅਤ ਵਾਲੀ ਤਿਕੋਣੀ ਲੜੀ ਵਿੱਚ ਹਿੱਸਾ ਲੈ ਰਹੀ ਹੈ, ਅਤੇ ਇਹ ਸੀਰੀਜ਼ 19 ਜਨਵਰੀ ਤੋਂ ਦੱਖਣੀ ਅਫਰੀਕਾ ਵਿੱਚ ਖੇਡੀ ਜਾਵੇਗੀ।

ਚੰਡੀਗੜ੍ਹ ਮਹਿਲਾ ਟੀਮ ਦੀ ਕਪਤਾਨ ਹੋਣ ਦੇ ਨਾਤੇ, ਕਈ ਮੈਚਾਂ ਦੀ ਜਿੱਤ ਦਾ ਸਿਹਰਾ ਅਮਨਜੋਤ ਦੀ ਸ਼ਾਨਦਾਰ ਖੇਡ ਕਾਰਗ਼ੁਜ਼ਾਰੀ ਨੂੰ ਜਾਂਦਾ ਹੈ। ਇੱਕ ਵਾਰ ਉਹ ਇੰਡੀਆ ਕੈਂਪ ਵਿੱਚ ਵੀ ਜਾ ਚੁੱਕੀ ਹੈ। 

ਆਪਣੀ ਚੋਣ ਤੋਂ ਖ਼ੁਸ਼ੀ 'ਚ ਖੀਵੀ ਹੋਈ ਅਮਨਜੋਤ ਨੇ ਕਿਹਾ, "ਮੈਂ ਦੱਸ ਨਹੀਂ ਸਕਦੀ ਕਿ ਮੈਂ ਖ਼ੁਸ਼ੀ ਨਾਲ ਕਿੰਨੀ ਭਰੀ ਹੋਈ ਹਾਂ। ਲੰਮੇ ਸਮੇਂ ਤੋਂ ਮੈਂ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨ ਦਾ ਸੁਪਨਾ ਦੇਖ ਰਹੀ ਸੀ, ਅਤੇ ਆਖ਼ਿਰਕਾਰ ਮੇਰਾ ਉਹ ਸੁਪਨਾ ਪੂਰਾ ਹੋ ਰਿਹਾ ਹੈ।" 

ਅਮਨਜੋਤ ਦਾ ਕਹਿਣਾ ਹੈ ਕਿ ਉਸ ਦਾ ਇਹ ਸਫ਼ਰ ਐਨਾ ਸ਼ਾਨਦਾਰ ਕਦੇ ਨਾ ਹੁੰਦਾ, ਜੇਕਰ ਉਸ ਦੇ ਮਾਪੇ ਉਸ ਨੂੰ ਹਰ ਪੱਖ ਤੋਂ ਐਨੀ ਹੱਲਾਸ਼ੇਰੀ ਨਾ ਦਿੰਦੇ।

"ਮੈਂ ਕਦੇ ਨਹੀਂ ਭੁੱਲ ਸਕਦੀ ਕਿ ਕਿਵੇਂ ਮੇਰੇ ਪਿਤਾ ਨੇ ਤਿੰਨ ਸਾਲ ਪਹਿਲਾਂ ਮੈਨੂੰ ਇੱਕ ਸਕੂਟਰ ਲੈ ਕੇ ਦਿੱਤਾ ਸੀ, ਤਾਂ ਜੋ ਮੈਂ ਸਮੇਂ ਸਿਰ ਆਪਣੀ ਅਕੈਡਮੀ ਸੈਕਟਰ 16 ਵਿੱਚ ਪਹੁੰਚ ਸਕਾਂ।" ਅਮਨਜੋਤ ਨੇ ਕਿਹਾ। 

ਇਹ ਉਸ ਦੇ ਪਿਤਾ ਹੀ ਸੀ, ਜਿਨ੍ਹਾਂ ਨੇ ਆਪਣੀ ਧੀ ਦੀ ਖੇਡ ਪ੍ਰਤੀ ਜਨੂਨ ਨੂੰ ਦੇਖਦੇ ਹੋਏ, 15 ਸਾਲ ਦੀ ਉਮਰ 'ਚ ਉਸ ਦਾ ਕ੍ਰਿਕੇਟ ਅਕੈਡਮੀ ਵਿੱਚ ਦਾਖਲ ਕਰਵਾਇਆ। ਉਦੋਂ ਤੋਂ ਅਮਨਜੋਤ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਪਹਿਲਾਂ, ਉਸ ਦੀ ਚੋਣ ਅੰਡਰ-19 ਟੀਮ ਵਿੱਚ ਪੰਜਾਬ ਵੱਲੋਂ ਖੇਡਣ ਲਈ ਹੋਈ। 2019 ਵਿੱਚ ਜਦੋਂ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਨੇ ਚੰਡੀਗੜ੍ਹ ਟੀਮ ਨੂੰ ਮਾਨਤਾ ਦਿੱਤੀ, ਤਾਂ ਉਹ ਯੂ.ਟੀ. ਕ੍ਰਿਕੇਟ ਐਸੋਸੀਏਸ਼ਨ ਵਿੱਚ ਸ਼ਾਮਲ ਹੋ ਗਈ।

"ਚੰਡੀਗੜ੍ਹ ਦੀ ਅਗਵਾਈ ਕਰਨਾ ਮੇਰੇ ਲਈ ਸਨਮਾਨ ਵਾਲੀ ਗੱਲ ਸੀ। ਇਸ ਨਾਲ ਮੈਨੂੰ ਇੱਕ ਪਲੇਟਫ਼ਾਰਮ ਮਿਲਿਆ। ਪਰ, ਫ਼ਿਰ ਮੈਂ ਪੰਜਾਬ ਵਾਪਸ ਜਾਣ ਦਾ ਫ਼ੈਸਲਾ ਕੀਤਾ ਕਿਉਂਕਿ ਇੱਥੇ ਬਿਹਤਰ ਬੁਨਿਆਦੀ ਢਾਂਚਾ ਸੀ। ਮੈਨੂੰ ਉਮੀਦ ਹੈ ਕਿ ਮੈਂ ਭਾਰਤ ਲਈ ਚੰਗਾ ਪ੍ਰਦਰਸ਼ਨ ਕਰਾਂਗੀ, ਅਤੇ ਆਪਣੇ ਮਾਤਾ-ਪਿਤਾ ਦਾ ਮਾਣ ਵਧਾਵਾਂਗੀ। ਹਾਲੇ ਤਾਂ ਸਫ਼ਰ ਸ਼ੁਰੂ ਹੋਇਆ ਹੈ, ਅਤੇ ਮੈਂ ਜਾਣਦੀ ਹਾਂ ਕਿ ਟੀਮ ਵਿੱਚ ਆਪਣੀ ਥਾਂ ਪੱਕੀ ਕਰਨ ਲਈ ਮੈਨੂੰ ਸਖ਼ਤ ਮਿਹਨਤ ਕਰਨੀ ਪਵੇਗੀ" ਅਮਨਜੋਤ ਨੇ ਕਿਹਾ। 

ਚੰਡੀਗੜ੍ਹ ਲਈ ਖੇਡਦੇ ਹੋਏ ਅਮਨਜੋਤ ਦੋ ਸੈਂਕੜੇ ਜੜ ਚੁੱਕੀ ਹੈ, ਅਤੇ ਆਪਣੀ ਗੇਂਦਬਾਜ਼ੀ ਨਾਲ ਅਨੇਕਾਂ ਵਿਕਟਾਂ ਹਾਸਲ ਕਰ ਚੁੱਕੀ ਹੈ। 

ਜੇਕਰ ਉਸ ਨੂੰ ਪੁੱਛਿਆ ਜਾਵੇ ਕਿ ਉਸ ਦਾ ਰੋਲ ਮਾਡਲ ਕੌਣ ਹੈ, ਤਾਂ ਉਹ ਫ਼ੱਟ ਜਵਾਬ ਦਿੰਦੀ ਹੈ - ਭਾਰਤੀ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ।

ਆਪਣੀ ਧੀ ਨੂੰ ਰਾਹ ਦਿਖਾਉਣ ਲਈ ਅਮਨਜੋਤ ਦੇ ਪਿਤਾ ਪਰਮਾਤਮਾ ਅਤੇ ਉਸ ਦੇ ਕੋਚ ਦਾ ਸ਼ੁਕਰਾਨਾ ਕਰਦੇ ਨਹੀਂ ਥੱਕਦੇ। "ਇਹ ਸਾਡੇ ਪਰਿਵਾਰ ਲਈ ਬੜਾ ਖ਼ਾਸ ਦਿਨ ਹੈ। ਮੈਨੂੰ ਪੂਰੀ ਉਮੀਦ ਹੈ ਕਿ ਉਹ ਕਈ ਸਾਲਾਂ ਤੱਕ ਭਾਰਤ ਲਈ ਖੇਡੇਗੀ" ਅਮਨਜੋਤ ਦੇ ਪਿਤਾ ਭੁਪਿੰਦਰ ਸਿੰਘ ਨੇ ਕਿਹਾ।