ਭਾਰਤੀ ਪੁਰਸ਼ ਹਾਕੀ ਟੀਮ ਦੇ ਕੋਚ ਗ੍ਰਾਹਮ ਰੀਡ ਵੱਲੋਂ ਅਸਤੀਫ਼ਾ

ਏਜੰਸੀ

ਖ਼ਬਰਾਂ, ਖੇਡਾਂ

ਸਹਾਇਕ ਸਟਾਫ਼ ਦੇ ਦੋ ਮੈਂਬਰਾਂ ਵੱਲੋਂ ਵੀ ਅਸਤੀਫ਼ਾ, ਹਾਕੀ ਇੰਡੀਆ ਵੱਲੋਂ ਪ੍ਰਵਾਨ 

Image

 

ਨਵੀਂ ਦਿੱਲੀ - ਵਿਸ਼ਵ ਕੱਪ ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਭਾਰਤੀ ਪੁਰਸ਼ ਹਾਕੀ ਟੀਮ ਦੇ ਮੁੱਖ ਕੋਚ ਗ੍ਰਾਹਮ ਰੀਡ ਅਤੇ ਸਹਾਇਕ ਸਟਾਫ਼ ਦੇ ਦੋ ਹੋਰ ਮੈਂਬਰਾਂ ਨੇ ਅਸਤੀਫ਼ਾ ਦੇ ਦਿੱਤਾ ਹੈ, ਜਿਸ ਨੂੰ ਹਾਕੀ ਇੰਡੀਆ ਨੇ ਸਵੀਕਾਰ ਕਰ ਲਿਆ ਹੈ।

ਕੋਚ ਰੀਡ ਦੀ ਅਗਵਾਈ ਹੇਠ ਟੋਕੀਓ ਓਲੰਪਿਕ ਵਿੱਚ ਇਤਿਹਾਸਿਕ ਕਾਂਸੀ ਦਾ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਓਡੀਸ਼ਾ ਵਿੱਚ ਵਿਸ਼ਵ ਕੱਪ ਦੇ ਕੁਆਰਟਰ ਫ਼ਾਈਨਲ ਵਿੱਚ ਥਾਂ ਬਣਾਉਣ ਵਿੱਚ ਨਾਕਾਮ ਰਹੀ ਅਤੇ ਨੌਵੇਂ ਸਥਾਨ ’ਤੇ ਰਹੀ।

ਰੀਡ ਤੋਂ ਇਲਾਵਾ, ਵਿਸ਼ਲੇਸ਼ਣ ਕੋਚ ਗ੍ਰੇਗ ਕਲਾਰਕ ਅਤੇ ਵਿਗਿਆਨਕ ਸਲਾਹਕਾਰ ਮਿਸ਼ੇਲ ਡੇਵਿਡ ਪੇਮਬਰਟਨ ਨੇ ਵੀ ਅਸਤੀਫ਼ਾ ਦੇ ਦਿੱਤਾ ਹੈ।

ਹਾਕੀ ਇੰਡੀਆ ਵੱਲੋਂ ਜਾਰੀ ਬਿਆਨ ਮੁਤਾਬਕ ਰੀਡ ਨੇ ਵਿਸ਼ਵ ਕੱਪ ਖਤਮ ਹੋਣ ਤੋਂ ਇਕ ਦਿਨ ਬਾਅਦ ਆਪਣਾ ਅਸਤੀਫ਼ਾ ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਟਿਰਕੀ ਨੂੰ ਸੌਂਪਿਆ। ਟਿਰਕੀ ਅਤੇ ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾਨਾਥ ਸਿੰਘ ਨੇ ਟੀਮ ਦੇ ਪ੍ਰਦਰਸ਼ਨ 'ਤੇ ਚਰਚਾ ਕਰਨ ਲਈ ਰੀਡ ਅਤੇ ਹੋਰ ਸਹਾਇਕ ਸਟਾਫ਼ ਨਾਲ ਮੁਲਾਕਾਤ ਕੀਤੀ ਸੀ।

ਰੀਡ ਤੋਂ ਇਲਾਵਾ ਕਲਾਰਕ ਅਤੇ ਡੇਵਿਡ ਨੇ ਵੀ ਸੋਮਵਾਰ ਸਵੇਰੇ ਅਸਤੀਫ਼ਾ ਦੇ ਦਿੱਤਾ। ਤਿੰਨੋਂ ਅਗਲੇ ਮਹੀਨੇ ਨੋਟਿਸ ਪੀਰੀਅਡ ਵਿੱਚ ਰਹਿਣਗੇ।

ਰੀਡ ਨੇ ਕਿਹਾ, "ਇਹ ਮੇਰੇ ਲਈ ਅਹੁਦਾ ਛੱਡਣ ਅਤੇ ਨਵੇਂ ਪ੍ਰਬੰਧਨ ਨੂੰ ਵਾਗਡੋਰ ਸੌਂਪਣ ਦਾ ਸਮਾਂ ਹੈ। ਇਸ ਟੀਮ ਅਤੇ ਹਾਕੀ ਇੰਡੀਆ ਨਾਲ ਕੰਮ ਕਰਕੇ ਬਹੁਤ ਖੁਸ਼ੀ ਹੋਈ। ਮੈਂ ਇਸ ਸ਼ਾਨਦਾਰ ਯਾਤਰਾ ਦੇ ਹਰ ਪਲ ਦਾ ਆਨੰਦ ਮਾਣਿਆ। ਟੀਮ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ।''

ਰੀਡ ਅਤੇ ਉਨ੍ਹਾਂ ਦੀ ਟੀਮ ਨਾਲ ਭਾਰਤ ਨੇ 41 ਸਾਲਾਂ ਬਾਅਦ ਓਲੰਪਿਕ ਕਾਂਸੀ ਦਾ ਤਮਗਾ ਜਿੱਤਿਆ। ਇਸ ਤੋਂ ਇਲਾਵਾ ਟੀਮ ਨੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤਿਆ, ਅਤੇ ਐਫ਼.ਆਈ.ਐੱਚ. ਪ੍ਰੋ ਲੀਗ 2021-22 ਸੀਜ਼ਨ ਵਿੱਚ ਤੀਜਾ ਸਥਾਨ ਹਾਸਲ ਕੀਤਾ।

ਭਾਰਤੀ ਟੀਮ ਨੇ 2019 ਵਿੱਚ ਐਫ਼.ਆਈ.ਐੱਚ. ਵਿਸ਼ਵ ਸੀਰੀਜ਼ ਫ਼ਾਈਨਲ ਜਿੱਤਿਆ ਸੀ ਜਦੋਂ ਰੀਡ ਕੋਚ ਸਨ। ਇਸ ਤੋਂ ਬਾਅਦ ਉਸ ਨੇ ਭੁਵਨੇਸ਼ਵਰ ਵਿੱਚ ਓਲੰਪਿਕ ਕੁਆਲੀਫ਼ਾਇਰ ਜਿੱਤ ਕੇ ਟੋਕੀਓ ਖੇਡਾਂ ਲਈ ਕੁਆਲੀਫ਼ਾਈ ਕੀਤਾ।

ਰੀਡ ਸਮੇਤ ਤਿੰਨਾਂ ਦੇ ਅਸਤੀਫ਼ੇ ਸਵੀਕਾਰ ਕਰਦੇ ਹੋਏ, ਹਾਕੀ ਇੰਡੀਆ ਦੇ ਪ੍ਰਧਾਨ ਟਿਰਕੀ ਨੇ ਕਿਹਾ, "ਚੰਗੇ ਨਤੀਜੇ ਦੇਣ ਲਈ ਭਾਰਤ ਗ੍ਰਾਹਮ ਰੀਡ ਅਤੇ ਉਸ ਦੀ ਟੀਮ ਦਾ ਹਮੇਸ਼ਾ ਰਿਣੀ ਰਹੇਗਾ। ਖਾਸ ਕਰਕੇ ਓਲੰਪਿਕ ਖੇਡਾਂ ਵਿੱਚ। ਹਰ ਸਫ਼ਰ 'ਚ ਨਵੇਂ ਪੜਾਅ ਆਉਂਦੇ ਹਨ ਅਤੇ ਹੁਣ ਸਾਨੂੰ ਟੀਮ ਲਈ ਨਵੇਂ ਵਿਚਾਰ ਨਾਲ ਅੱਗੇ ਵਧਣਾ ਹੋਵੇਗਾ।"