ਦੀਪਿਕਾ-ਹਰਿੰਦਰ ਨੇ ਜਿਤਿਆ ਏਸ਼ੀਆਈ ਮਿਕਸਡ ਡਬਲਜ਼ ਖਿਤਾਬ
ਅਨਹਤ ਸਿੰਘ ਅਤੇ ਅਭੈ ਸਿੰਘ ਦੀ ਜੋੜੀ ਨੇ ਹਾਸਲ ਕੀਤਾ ਕਾਂਸੇ ਦਾ ਤਮਗਾ
ਹੁਆਂਗਜੋਊ (ਚੀਨ): ਦੀਪਿਕਾ ਪੱਲੀਕਲ ਕਾਰਤਿਕ ਅਤੇ ਹਰਿੰਦਰਪਾਲ ਸਿੰਘ ਸੰਧੂ ਦੀ ਭਾਰਤੀ ਜੋੜੀ ਨੇ ਸ਼ੁਕਰਵਾਰ ਨੂੰ ਇਥੇ ਏਸ਼ੀਆਈ ਸਕੁਆਸ਼ ਮਿਕਸਡ ਡਬਲਜ਼ ਚੈਂਪੀਅਨਸ਼ਿਪ ਦਾ ਸੋਨੇ ਦਾ ਤਮਗਾ ਅਪਣੇ ਨਾਂ ਕੀਤਾ। ਭਾਰਤ ਨੇ ਅਪਣੀ ਮੁਹਿੰਮ ਦੋ ਤਮਗਿਆਂ ਨਾਲ ਖ਼ਤਮ ਕੀਤੀ ਜਿਸ ’ਚ ਇਕ ਹੋਰ ਤਮਗਾ ਕਾਂਸੇ ਦੇ ਰੂਪ ’ਚ ਰਿਹਾ ਜੋ ਅਨਹਤ ਸਿੰਘ ਅਤੇ ਅਭੈ ਸਿੰਘ ਦੀ ਜੋੜੀ ਨੇ ਹਾਸਲ ਕੀਤਾ। ਇਸ ਭਾਰਤੀ ਜੋੜੀ ਨੂੰ ਸੈਮੀਫ਼ਾਈਨਲ ’ਚ ਇਵਾਨ ਯੁਯੇਨ ਅਤੇ ਰਸ਼ੇਲ ਆਰਨਾਲਡ ਦੀ ਜੋੜੀ ਤੋਂ ਹਾਰ ਮਿਲੀ।
ਇਵਾਨ ਅਤੇ ਰਸ਼ੇਲ ਨੂੰ ਹਾਲਾਂਕਿ ਦੀਪਿਕਾ ਅਤੇ ਸੰਧੂ ਦੀ ਤਜਰਬੇਕਾਰ ਭਾਰਤੀ ਜੋੜੀ ਨੇ 11-10, 11-8 ਨਾਲ ਹਰਾ ਕੇ ਖਿਤਾਬ ਅਪਣੇ ਨਾਂ ਕੀਤਾ। ਇਸ ਭਾਰਤੀ ਜੋੜੀ ਲਈ ਫ਼ਾਈਨਲ ਤਕ ਦਾ ਸਫ਼ਰ ਏਨਾ ਆਸਾਨ ਨਹੀਂ ਰਿਹਾ। ਉਨ੍ਹਾਂ ਨੇ ਕੁਆਰਟਰ ਫ਼ਾਈਨਲ ’ਚ ਆਇਰਾ ਅਜਮਾਨ ਅਤੇ ਸ਼ਫ਼ੀਕ ਕਮਲ ਦੀ ਮਲੇਸ਼ੀਆਈ ਜੋੜੀ ਨੂੰ ਹਰਾਇਆ ਅਤੇ ਫਿਰ ਸੈਮੀਫ਼ਾਈਨਲ ’ਚ ਪਾਕਿਸਤਾਨ ਦੀ ਤਈਅਬ ਅਸਲਮ ਅਤੇ ਫ਼ੈਜਾ ਜਫ਼ਰ ਦੀ ਜੋੜੀ ਨੂੰ ਹਰਾਇਆ।