106 ਸਾਲਾ ਦਾਦੀ ਰਾਮਬਾਈ ਨੇ ਫਿਰ ਰਚਿਆ ਇਤਿਹਾਸ, 18ਵੀਂ ਨੈਸ਼ਨਲ ਅਥਲੈਟਿਕਸ ਚੈਂਪੀਅਨਸ਼ਿਪ 'ਚ ਜਿੱਤੇ 2 ਸੋਨ ਤਮਗ਼ੇ 

ਏਜੰਸੀ

ਖ਼ਬਰਾਂ, ਖੇਡਾਂ

ਖੇਤ 'ਚ ਕੱਚੇ ਰਸਤਿਆਂ 'ਤੇ ਦੌੜਨ ਦਾ ਅਭਿਆਸ ਕਰ ਕੇ ਬਣੇ ਚੈਂਪੀਅਨ 

18th National Athletics Championship : Rambai won gold medals

ਹਰਿਆਣਾ : ਚਰਖੀ ਦਾਦਰੀ ਦੀ ਰਹਿਣ ਵਾਲੀ 106 ਸਾਲਾ ਦਾਦੀ ਇਕ ਵਾਰ ਫਿਰ ਸੁਰਖ਼ੀਆਂ 'ਚ ਹੈ। ਸੋਮਵਾਰ ਤੋਂ ਦੇਹਰਾਦੂਨ 'ਚ ਯੁਵਰਾਨੀ ਮਹਿੰਦਰ ਕੁਮਾਰੀ ਦੀ ਯਾਦ 'ਚ 18ਵੀਂ ਰਾਸ਼ਟਰੀ ਅਥਲੈਟਿਕਸ ਚੈਂਪੀਅਨਸ਼ਿਪ ਸ਼ੁਰੂ ਹੋ ਗਈ ਹੈ। 2 ਦਿਨ ਚੱਲਣ ਵਾਲੇ ਇਸ ਮੁਕਾਬਲੇ ਵਿਚ ਵੱਖ-ਵੱਖ ਸੂਬਿਆਂ ਦੇ 5 ਸਾਲ ਤੋਂ 106 ਸਾਲ ਤਕ ਦੇ 800 ਤੋਂ ਵੱਧ ਖਿਡਾਰੀ ਭਾਗ ਲੈ ਰਹੇ ਹਨ।

ਦੂਜੇ ਪਾਸੇ ਸੋਮਵਾਰ ਨੂੰ ਹੋਏ ਇਸ ਮੁਕਾਬਲੇ ਵਿਚ ਹਰਿਆਣਾ ਦੇ ਚਰਖੀ ਦਾਦਰੀ ਦੀ ਰਹਿਣ ਵਾਲੀ 106 ਸਾਲਾ ਦਾਦੀ ਰਮਾਬਾਈ ਖਿੱਚ ਦਾ ਕੇਂਦਰ ਰਹੀ। ਉਨ੍ਹਾਂ ਨੇ ਇਕ ਵਾਰ ਫਿਰ ਅਪਣੇ ਪ੍ਰਦਰਸ਼ਨ ਨਾਲ ਸਭ ਨੂੰ ਹੈਰਾਨ ਕਰ ਦਿਤਾ। ਉਨ੍ਹਾਂ ਨੇ 100, 200 ਮੀਟਰ ਦੌੜ ਵਿਚ ਭਾਗ ਲੈ ਕੇ ਦੋ ਸੋਨ ਤਮਗ਼ੇ ਜਿੱਤੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਸ਼ਾਟਪੁਟ ਈਵੈਂਟ 'ਚ ਵੀ ਅਪਣੇ ਦਮਦਾਰ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਹੈਰਾਨ ਕਰ ਦਿਤਾ।

 

ਦੱਸ ਦੇਈਏ ਕਿ ਰਮਾਬਾਈ ਨੇ ਵਡੋਦਰਾ 'ਚ ਹੋਈ ਰਾਸ਼ਟਰੀ ਪੱਧਰ ਦੀ ਅਥਲੈਟਿਕਸ ਚੈਂਪੀਅਨਸ਼ਿਪ 'ਚ 100 ਮੀਟਰ ਦੌੜ 'ਚ ਨਵਾਂ ਵਿਸ਼ਵ ਰਿਕਾਰਡ ਬਣਾਇਆ ਸੀ। ਚਰਖੀ ਦਾਦਰੀ ਜ਼ਿਲ੍ਹੇ ਦੇ ਪਿੰਡ ਕਦਮਾ ਦੀ ਰਹਿਣ ਵਾਲੀ ਰਮਾਬਾਈ ਰਾਸ਼ਟਰੀ ਪੱਧਰ ਦੀ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਅਪਣੀਆਂ 3 ਪੀੜ੍ਹੀਆਂ ਨਾਲ 100, 200 ਮੀਟਰ ਦੌੜ, ਰਿਲੇਅ ਦੌੜ, ਲੰਬੀ ਛਾਲ ਵਿਚ 4 ਸੋਨ ਤਮਗ਼ੇ ਜਿੱਤ ਕੇ ਇਤਿਹਾਸ ਬਣਾ ਚੁੱਕੀ ਹੈ।

ਇਸ ਤੋਂ ਪਹਿਲਾਂ ਨਵੰਬਰ 2021 ਵਿਚ ਹੋਏ ਮੁਕਾਬਲੇ ਵਿਚ 4 ਸੋਨ ਤਮਗ਼ੇ ਜਿੱਤੇ ਸਨ। ਰਮਾਬਾਈ ਪਿੰਡ ਦੀ ਸਭ ਤੋਂ ਬਜ਼ੁਰਗ ਔਰਤ ਹੈ ਅਤੇ ਹਰ ਕੋਈ ਉਸ ਨੂੰ ਉਡਣ ਪੜਦਾਦੀ ਆਖਦਾ ਹੈ। ਰਮਾਬਾਈ ਆਮ ਤੌਰ 'ਤੇ ਖੇਤਾਂ ਅਤੇ ਅਪਣੇ ਘਰ ਵਿਚ ਕੰਮ ਕਰਦੀ ਦਿਖਾਈ ਦਿੰਦੀ ਹੈ। ਉਹ ਪੂਰੀ ਤਰ੍ਹਾਂ ਤੰਦਰੁਸਤ ਹੈ ਅਤੇ ਇਸ ਉਮਰ ਵਿਚ ਵੀ ਰੋਜ਼ਾਨਾ 5 ਤੋਂ 6 ਕਿਲੋਮੀਟਰ ਦੌੜਦੀ ਹੈ।

ਇਹ ਵੀ ਪੜ੍ਹੋ: ਅਣਖ ਖ਼ਾਤਰ ਭਰਾ ਨੇ ਵੱਢਿਆ ਭੈਣ ਦਾ ਗਲ! ਦਿੱਤੀ ਖ਼ੌਫ਼ਨਾਕ ਮੌਤ

ਦੱਸ ਦੇਈਏ ਕਿ 1 ਜਨਵਰੀ 1917 ਨੂੰ ਜਨਮੀ ਪਿੰਡ ਕੜਮਾ ਦੀ ਰਹਿਣ ਵਾਲੀ ਰਮਾਬਾਈ ਇਕ ਬਜ਼ੁਰਗ ਅਥਲੈਟਿਕਸ ਖਿਡਾਰਨ ਹੈ। ਉਨ੍ਹਾਂ ਨੇ ਨਵੰਬਰ, 2021 ਵਿਚ ਵਾਰਾਣਸੀ ਵਿਖੇ ਕਰਵਾਈ ਗਈ ਮਾਸਟਰਜ਼ ਅਥਲੈਟਿਕਸ ਮੀਟ ਵਿਚ ਹਿੱਸਾ ਲਿਆ। ਵਡੇਰੀ ਉਮਰ ਵਿਚ ਵੀ ਉਹ ਬੁਢਾਪੇ ਦੀ ਪਰਵਾਹ ਕੀਤੇ ਬਗ਼ੈਰ ਖੇਡਾਂ ਨੂੰ ਜ਼ਿੰਦਗੀ ਦਾ ਹਿੱਸਾ ਬਣਾ ਕੇ ਸਖ਼ਤ ਮਿਹਨਤ ਨਾਲ ਅੱਗੇ ਵਧਦੇ ਰਹੇ ਹਨ।

ਬਜ਼ੁਰਗ ਅਥਲੀਟ ਰਾਮ ਬਾਈ ਨੇ ਖੇਤਾਂ ਦੇ ਕੱਚੇ ਰਸਤਿਆਂ 'ਤੇ ਖੇਡਾਂ ਦਾ ਅਭਿਆਸ ਕੀਤਾ। ਉਹ ਅਪਣੇ ਦਿਨ ਦੀ ਸ਼ੁਰੂਆਤ ਸਵੇਰੇ 4 ਵਜੇ ਉੱਠ ਕੇ ਕਰਦੀ ਹੈ। ਨਿਯਮਤ ਤੌਰ 'ਤੇ ਦੌੜਨ ਅਤੇ ਚੱਲਣ ਦਾ ਅਭਿਆਸ ਕਰਨ ਤੋਂ ਇਲਾਵਾ ਉਹ ਇਸ ਉਮਰ ਵਿਚ ਵੀ 5-6 ਕਿਲੋਮੀਟਰ ਤਕ ਦੌੜਦੀ ਹੈ।

ਇਹ ਵੀ ਪੜ੍ਹੋ: ਹਾਈਵੇ ਦੇ ਨਾਲ ਲੱਗਦੀਆਂ ਪਰਲਜ਼ ਗਰੁੱਪ ਦੀਆਂ ਜ਼ਮੀਨਾਂ ’ਤੇ ਲੱਗਣਗੀਆਂ ਸਨਅਤਾਂ

ਆਮ ਤੌਰ 'ਤੇ 80 ਸਾਲ ਦੀ ਉਮਰ ਤਕ ਪਹੁੰਚ ਕੇ ਬਹੁਤੇ ਲੋਕ ਮੰਜੇ 'ਤੇ ਪੈ ਜਾਂਦੇ ਹਨ ਯਾਨੀ ਤੁਰਨਾ ਔਖਾ ਹੋ ਜਾਂਦਾ ਹੈ। ਇਸ ਦੇ ਉਲਟ ਰਮਾਬਾਈ ਨੇ 106 ਸਾਲ ਦੀ ਉਮਰ ਵਿਚ ਵੀ ਇਕ ਮਿਸਾਲ ਕਾਇਮ ਕੀਤੀ ਹੈ ਅਤੇ ਖੇਡਾਂ ਵਿਚ ਹਿੱਸਾ ਲੈ ਰਹੀ ਹੈ। ਜੇਕਰ ਬਜ਼ੁਰਗ ਦਾਦੀ ਰਮਾਬਾਈ ਦੀ ਖੁਰਾਕ ਦੀ ਗੱਲ ਕਰੀਏ ਤਾਂ ਉਹ ਚੂਰਮਾ ਅਤੇ ਦਹੀਂ ਦੇ ਨਾਲ-ਨਾਲ ਕਾਫ਼ੀ ਮਾਤਰਾ ਵਿਚ ਦੁੱਧ ਦਾ ਸੇਵਨ ਵੀ ਕਰਦੇ ਹਨ। ਜਾਣਕਾਰੀ ਅਨੁਸਾਰ, ਰੋਟੀ ਜਾਂ ਚੂਰਮਾ ਵਿਚ 250 ਗ੍ਰਾਮ ਘਿਓ ਰੋਜ਼ਾਨਾ ਅਤੇ ਅੱਧਾ ਕਿਲੋ ਦਹੀਂ ਰਮਾਬਾਈ ਦੀ ਰੋਜ਼ਾਨਾ ਖੁਰਾਕ ਦਾ ਹਿੱਸਾ ਹੈ।

ਪ੍ਰਾਪਤ ਵੇਰਵਿਆਂ ਅਨੁਸਾਰ ਉਨ੍ਹਾਂ ਦਾ ਪੂਰਾ ਪ੍ਰਵਾਰ ਖੇਡਾਂ ਵਿਚ ਨਾਂਅ ਕਮਾ ਰਿਹਾ ਹੈ। ਉਨ੍ਹਾਂ ਦੀ ਬੇਟੀ 62 ਸਾਲਾ ਸੰਤਰਾ ਦੇਵੀ ਨੇ ਰਿਲੇਅ ਦੌੜ ਵਿਚ ਸੋਨ ਤਗ਼ਮਾ ਜਿੱਤਿਆ ਹੈ। ਰਮਾਬਾਈ ਦੇ ਪੁੱਤਰ 70 ਸਾਲਾ ਮੁਖਤਿਆਰ ਸਿੰਘ ਨੇ 200 ਮੀਟਰ ਦੌੜ ਵਿਚ ਕਾਂਸੀ ਦਾ ਤਮਗ਼ਾ ਜਿੱਤਿਆ ਹੈ। ਉਨ੍ਹਾਂ ਦੀ ਨੂੰਹ ਭਤੇਰੀ ਨੇ ਵੀ ਰਿਲੇਅ ਦੌੜ ਵਿਚ ਸੋਨ ਤਮਗ਼ਾ ਅਤੇ 200 ਮੀਟਰ ਦੌੜ ਵਿਚ ਕਾਂਸੀ ਦਾ ਤਮਗ਼ਾ ਜਿੱਤ ਕੇ ਪਿੰਡ ਅਤੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ।