ਸੌਰਵ ਗਾਂਗੁਲੀ ਨੂੰ ਹਸਪਤਾਲ ‘ਚੋਂ ਮਿਲੀ ਛੁੱਟੀ, ਤਿੰਨ ਦਿਨ ਪਹਿਲਾਂ ਹੋਈ ਸੀ ਐਂਜੀਓਪਲਾਸਟੀ
ਦਿਲ ਸਬੰਧੀ ਸਮੱਸਿਆ ਦੇ ਚਲਦਿਆਂ ਹਸਪਤਾਲ ਵਿਚ ਕਰਵਾਇਆ ਗਿਆ ਸੀ ਭਰਤੀ
ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਪ੍ਰਧਾਨ ਸੌਰਵ ਗਾਂਗੁਲੀ ਨੂੰ ਐਤਵਾਰ ਸਵੇਰੇ ਹਸਪਤਾਲ ‘ਚੋਂ ਛੁੱਟੀ ਦੇ ਦਿੱਤੀ ਗਈ ਹੈ। ਦੱਸ ਦਈਏ ਕਿ ਤਿੰਨ ਦਿਨ ਪਹਿਲਾਂ ਹੀ ਸੌਰਵ ਗਾਂਗੁਲੀ ਦੀ ਐਂਜੀਓਪਲਾਸਟੀ ਕੀਤੀ ਗਈ ਸੀ। ਇਹ ਜਾਣਕਾਰੀ ਡਾਕਟਰਾਂ ਵੱਲੋਂ ਸਾਂਝੀ ਕੀਤੀ ਗਈ।
ਦਿਲ ਸਬੰਧੀ ਸਮੱਸਿਆ ਦੇ ਚਲਦਿਆਂ ਗਾਂਗੁਲੀ ਨੂੰ ਬੀਤੇ ਦਿਨੀਂ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਗਾਂਗੁਲੀ ਨੂੰ ਇਕ ਮਹੀਨੇ ਵਿਚ ਦੂਜੀ ਵਾਰ ਹਸਪਤਾਲ ਲਿਆਂਦਾ ਗਆ। ਪ੍ਰਸਿੱਧ ਦਿਲ ਦੇ ਮਾਹਰ ਡਾਕਟਰ ਦੇਵੀ ਸ਼ੈਟੀ ਅਤੇ ਡਾਕਟਰ ਅਸ਼ਵਿਨ ਮਹਿਤਾ ਸਮੇਤ ਕਈ ਡਾਕਟਰਾਂ ਦੀ ਇਕ ਟੀਮ ਨੇ ਗਾਂਗੁਲੀ ਦੀ ਵੀਰਵਾਰ ਨੂੰ ਐਂਜੀਓਪਲਾਸਟੀ ਕੀਤੀ ਸੀ।
ਹਸਪਤਾਲ ਦੇ ਇਕ ਸੀਨੀਅਰ ਡਾਕਟਰ ਨੇ ਕਿਹਾ, ‘ਗਾਂਗੁਲੀ ਦੀ ਸਿਹਤ ਠੀਕ ਹੈ ਅਤੇ ਉਹਨਾਂ ਦਾ ਦਿਲ ਵੀ ਆਮ ਵਿਅਕਤੀ ਦੀ ਤਰ੍ਹਾਂ ਤੰਦਰੁਸਤ ਹੈ। ਉਹਨਾਂ ਦੀ ਸਿਹਤ ਬਹੁਤ ਤੇਜ਼ੀ ਨਾਲ ਠੀਕ ਹੋਈ ਹੈ ਅਤੇ ਸਾਨੂੰ ਉਮੀਦ ਹੈ ਕਿ ਕੁਝ ਹੀ ਦਿਨਾਂ ਵਿਚ ਉਹ ਬਿਲਕੁਲ ਤੰਦਰੁਸਤ ਹੋ ਜਾਣਗੇ’।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸੌਰਵ ਗਾਂਗੁਲੀ ਕੋਲਕਾਤਾ ਦੇ ਵੁੱਡਲੈਂਡ ਹਸਪਤਾਲ ਵਿਚ ਦਾਖਲ ਸਨ। ਗਾਂਗੁਲੀ ਨੂੰ ਛਾਤੀ ਵਿਚ ਦਰਦ ਦੀ ਸ਼ਿਕਾਇਤ ਸੀ, ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ।