ਹਰ ਦੋ ਮਹੀਨੇ ਬਾਅਦ ਨਵੇਂ ਉਗ ਆਉਂਦੇ ਸਨ ਡਾਇਨਾਸੋਰ ਦੇ ਦੰਦ!

ਏਜੰਸੀ

ਖ਼ਬਰਾਂ, ਕੌਮਾਂਤਰੀ

ਡਾਇਨਾਸੋਰ ਬਾਰੇ ਨਵੀਂ ਖੋਜ ਆਈ ਸਾਹਮਣੇ

file photo

ਨਿਊਯਾਰਕ : ਧਰਤੀ ਤੋਂ ਹਜ਼ਾਰਾਂ ਸਾਲ ਪਹਿਲਾਂ ਲੁਪਤ ਹੋ ਚੁੱਕੇ ਡਾਇਨਾਸੋਰ ਬਾਰੇ ਵੱਧ ਤੋਂ ਵੱਧ ਜਾਣਨ ਦੀ ਮਨੁੱਖ ਦੀ ਸ਼ੁਰੂ ਤੋਂ ਹੀ ਦਿਲਚਸਪੀ ਰਹੀ ਹੈ। ਇਸੇ ਮਕਸਦ ਤਹਿਤ ਡਾਇਨਾਸੋਰ ਬਾਰੇ ਵੱਧ ਤੋਂ ਵੱਧ ਜਾਣਕਾਰੀ ਇਕੱਤਰ ਕਰਨ ਲਈ ਖੋਜ਼ੀਆਂ ਵਲੋਂ ਯਤਨ ਜਾਰੀ ਰਹਿੰਦੇ ਹਨ। ਡਾਇਨਾਸੋਰ ਦੇ ਰਹਿਣ-ਸਹਿਣ ਤੇ ਉਸ ਦੀਆਂ ਹੋਰ ਵਿਸ਼ੇਸ਼ਤਾਵਾਂ ਬਾਰੇ ਕਲਪਨਿਕ ਦ੍ਰਿਸ਼ਾਂ ਵਾਲੀਆਂ ਵੱਡੀਆਂ ਵੱਡੀਆਂ ਫ਼ਿਲਮਾਂ ਵੀ ਬਣ ਚੁੱਕੀਆਂ ਹਨ।

ਹੁਣ ਡਾਇਨਾਸੋਰ ਬਾਰੇ ਇਕ ਨਵੀਂ ਖੋਜ਼ ਸਾਮਣੇ ਆਈ ਹੈ। ਖੋਜ਼ ਮੁਤਾਬਕ ਹਿੰਦ ਮਹਾਂਸਾਗਰ ਵਿਚ ਅਫ਼ਰੀਕਾ ਦੇ ਪੂਰਬੀ ਤੱਟ 'ਤੇ ਸਥਿਤ ਟਾਪੂ ਦੇਸ਼ ਮੈਡਾਗਾਸਕਰ ਵਿਚ ਕਰੀਬ ਸੱਤ ਕਰੋੜ ਸਾਲ ਪਹਿਲਾਂ ਅਜਿਹੇ ਮਾਸਾਹਾਰੀ ਡਾਇਨਾਸੋਰ ਰਹਿੰਦੇ ਸਨ ਜਿਨ੍ਹਾਂ ਦੇ ਹਰ ਦੋ ਮਹੀਨੇ ਬਾਅਦ ਨਵੇਂ ਦੰਦ ਆ ਜਾਂਦੇ ਸਨ।

ਪਲੋਸ ਵਨ ਰਸਾਲੇ ਵਿਚ ਛਪੇ ਇਕ ਅਧਿਐਨ 'ਚ ਦਾਅਵਾ ਕੀਤਾ ਗਿਆ ਹੈ ਕਿ ਮਜੁਨਗਾਸੌਰਸ ਨਾਮ ਦੇ ਡਾਇਨਾਸੋਰ ਦੇ ਹਰ ਦੋ ਮਹੀਨੇ ਬਾਅਦ ਨਵੇਂ ਦੰਦ ਉਗ ਆਉਂਦੇ ਸਨ। ਹੋਰ ਮਾਸਾਹਾਰੀ ਡਾਇਨਾਸੋਰਾਂ ਦੀ ਤੁਲਨਾ ਵਿਚ ਇਸ ਪ੍ਰਜਾਤੀ ਦੇ ਡਾਇਨਾਸੋਰ ਵਿਚ ਇਹ ਦਰ 2 ਤੋਂ 13 ਗੁਣਾਂ ਜ਼ਿਆਦਾ ਹੈ।

ਖੋਜ਼ ਮੁਤਾਬਕ ਇਸ ਪ੍ਰਜਾਤੀ ਦੇ ਡਾਇਨਾਸੋਰ ਦੇ ਪੁਰਾਣੇ ਦੰਦ ਛੇਤੀ ਡਿੱਗ ਜਾਂਦੇ ਸਨ। ਜਿਹਾ ਸ਼ਾਇਦ ਇਸ ਲਈ ਹੁੰਦਾ ਸੀ ਕਿਉਂਕਿ ਉਹ ਹੱਡੀਆਂ ਵੀ ਖਾ ਜਾਂਦੇ ਸਨ। ਖੋਜਕਰਤਾਵਾਂ ਨੇ ਅਮਰੀਕਾ ਦੀ ਅਡੇਲਫੀ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੂੰ ਵੀ ਸ਼ਾਮਲ ਕੀਤਾ ਸੀ।

ਇਸ ਅਧਿਐਨ ਨੂੰ ਜਾਰੀ ਰੱਖਣ ਲਈ ਵਿਗਿਆਨੀਆਂ ਨੇ ਡਾਇਨਾਸੋਰ ਦੇ ਦੰਦਾਂ ਦੇ ਜੈਵਿਕ ਰਾਹੀਂ ਦੰਦਾਂ ਦੇ ਸੂਖਮ ਵਾਧੇ ਦੀ ਜਾਂਚ ਕੀਤੀ। ਉਨ੍ਹਾਂ ਨੇ ਦਸਿਆ ਕਿ ਦੰਦਾਂ 'ਤੇ ਵਾਧੇ ਦੀਆਂ ਲਕੀਰਾਂ ਦਰੱਖਤ ਦੀ ਰਿੰਗ ਦੇ ਬਰਾਬਰ ਹਨ ਅਤੇ ਇਹ ਸਾਲ ਵਿਚ ਇਕ ਵਾਰ ਜਮ੍ਹਾਂ ਹੋਣ ਦੀ ਬਜਾਏ ਰੋਜ਼ ਜਮ੍ਹਾਂ ਹੁੰਦਾ ਸੀ।

ਖੋਜ ਦੇ ਸਹਿ-ਲੇਖਕ ਅਤੇ ਯੂਨੀਵਰਸਿਟੀ ਦੇ ਮਾਈਕਲ ਡੀ ਡੀਇਮਿਕ ਅਨੁਸਾਰ ਹੱਡੀਆਂ ਨੂੰ ਖਾਣ ਲਈ ਮਜ਼ਬੂਤ ਦੰਦਾਂ ਦੀ ਲੋੜ ਹੁੰਦੀ ਸੀ, ਪਰ ਮਜੁਨਗਾਸੌਰਸ ਦੇ ਦੰਦ ਮਜ਼ਬੂਤ ਨਹੀਂ ਸਨ। ਇਸ ਲਈ ਜਲਦੀ ਹੀ ਉਨ੍ਹਾਂ ਦੇ ਦੰਦ ਡਿੱਗ ਜਾਂਦੇ ਸਨ ਅਤੇ ਨਵੇਂ ਦੰਦ ਆ ਜਾਂਦੇ ਸਨ।

ਅਧਿਐਨ ਟੀਮ ਵਿਚ ਸ਼ਾਮਲ ਵਿਗਿਆਨੀਆਂ ਅਨੁਸਾਰ ਛੇਤੀ ਆਉਣ ਵਾਲੇ ਦੰਦਾਂ ਨੇ ਮਜੁਨਗਾਸੌਰਸ ਡਾਇਨਾਸੋਰ ਨੂੰ ਸ਼ਾਰਕ ਅਤੇ ਵੱਡੇ ਅਤੇ ਸ਼ਾਕਾਹਾਰੀ ਡਾਇਨਾਸੋਰ ਦੀ ਸ਼੍ਰੇਣੀ ਵਿਚ ਲਿਆ ਦਿਤਾ। ਕਾਬਲੇਗੌਰ ਹੈ ਕਿ ਡਾਇਨਾਸੋਰ ਦੀ ਦੁਨੀਆਂ ਬਾਰੇ ਜਿਉਂ ਨਵੇਂ ਨਵੇਂ ਤੱਥ ਸਾਹਮਣੇ ਆਉਂਦੇ ਰਹੇ ਹਨ, ਵਿਗਿਆਨੀਆਂ ਦੀ ਇਨ੍ਹਾਂ ਬਾਰੇ ਜਾਣਨ ਦੀ ਇੱਛਾ ਹੋਰ ਪ੍ਰਬਲ ਹੁੰਦੀ ਜਾ ਰਹੀ ਹੈ। ਆਉਂਦੇ ਸਮੇਂ 'ਚ ਡਾਇਨਾਸੋਰ ਬਾਰੇ ਹੋਰ ਵੀ ਹੈਰਾਨਜਨਕ ਤੱਥ ਸਾਹਮਣੇ ਆਉਣ ਦੀ ਉਮੀਦ ਹੈ।