16 ਭੂਮੀਗਤ ਮਿਜ਼ਾਈਲ ਸਟੋਰਾਂ ਦਾ ਨਿਰਮਾਣ ਕਰ ਰਿਹੈ  ਚੀਨ : ਅਮਰੀਕੀ ਮਾਹਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਉਪਗ੍ਰਹਿ ਤੋਂ ਲਈਆਂ ਤਸਵੀਰਾਂ ਤੋਂ ਹੋਇਆ ਪ੍ਰਗਟਾਵਾ

underground missile stores

ਵਾਸ਼ਿੰਗਟਨ : ਅਮਰੀਕਾ ਦੇ ਇਕ ਮਾਹਰ ਨੇ ਉਪਗ੍ਰਹਿ ਤੋਂ ਲਈਆਂ ਗਈਆਂ ਚੀਨੀ ਮਿਜ਼ਾਈਲ ਖੇਤਰ ਵਿਚ ਹਾਲੀਆ ਨਿਰਮਾਣ ਦੀਆਂ ਤਸਵੀਰਾਂ ਦੇ ਵਿਸ਼ਲੇਸ਼ਣ ਦੇ ਆਧਾਰ ’ਤੇ ਕਿਹਾ ਕਿ ਚੀਨ 16 ਨਵੇਂ ਭੂਮੀਗਤ ਅੰਤਰ ਮਹਾਂਦੀਪੀ ਬੈਲਿਸਟਿਕ ਮਿਜ਼ਾਈਲ ਲਾਂਚ ਖੇਤਰਾਂ (ਆਈ.ਸੀ.ਬੀ.ਐਮ) ਸਾਈਲਾਂ (ਸਟੋਰਾਂ) ਦਾ ਨਿਰਮਾਣ ਕਰ ਰਿਹਾ ਹੈ। ਅਮਰੀਕੀ, ਰੂਸੀ ਅਤੇ ਚੀਨੀ ਪਰਮਾਣੂ ਤਾਕਤ ’ਤੇ ਲੰਮੇ ਸਮੇਂ ਤੋਂ ਨਜ਼ਰ ਰੱਖ ਰਹੇ ਹੈਂਸ ਕ੍ਰਿਸਟੇਨਸਨ ਨੇ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਚੀਨ ਭੂਮੀਗਤ ਸਾਈਲਾਂ ਨਾਲ ਨਵੀਂਆਂ ਪਰਮਾਣੂ ਮਿਜ਼ਾਈਲਾਂ ਛੱਡਣ ਵਾਲੇ ਖੇਤਰ ਦਾ ਨਿਰਮਾਣ ਕਰਨ ਦੀ ਦਿਸ਼ਾ ਵਿਚ ਤੇਜ਼ੀ ਨਾਲ ਕੰਮ ਕਰ ਰਿਹਾ ਹੈ, ਤਾਕਿ ਉਹ ਕੋਈ ਪਰਮਾਣੂ ਹਮਲਾ ਹੋਣ ਦੀ ਸਥਿਤੀ ਵਿਚ ਤੁਰਤ ਕਾਰਵਾਈ ਕਰਨ ਦੀ ਅਪਣੀ ਸਮਰਥਾ ਵਿਚ ਸੁਧਾਰ ਕਰ ਸਕੇ।

ਕ੍ਰਿਸਟੇਨਸਨ ਨੇ ਕਿਹਾ ਕਿ ਤਸਵੀਰਾਂ ਸੰਕੇਤ ਦਿੰਦੀਆਂ ਹਨ ਕਿ ਚੀਨ ‘‘ਅਮਰੀਕਾ ਨਾਲ ਸੰਭਾਵਤ ਵੱਧ ਰਹੇ ਖ਼ਤਰੇ ਦਾ ਮੁਕਾਬਲਾ ਕਰਨ ਦੀ ਤਿਆਰੀ’’ ਕਰ ਰਿਹਾ ਹੈ। ਅਮਰੀਕਾ ਅਪਣੇ ਨਵੇਂ ਪਰਮਾਣੂ ਸ਼ਸਤਰ ਘਰ ਦੇ ਨਿਰਮਾਣ ਲਈ ਅਗਲੇ ਦੋ ਦਹਾਕਿਆਂ ਵਿਚ ਸੈਂਕੜੇ ਅਰਬਾਂ ਡਾਲਰ ਦੇ ਖ਼ਰਚੇ ਨੂੰ ਸਹੀ ਠਹਿਰਾਉਣ ਲਈ ਚੀਨ ਦੇ ਪਰਮਾਣੂ ਆਧੁਨੀਕੀਕਰਨ ਦਾ ਹਵਾਲਾ ਦਿੰਦਾ ਰਿਹਾ ਹੈ। ਹਾਲਾਂਕਿ ਇਸ ਗੱਲ ਦਾ ਕੋਈ ਸੰਕੇਤ ਨਹੀਂ ਹੈ ਕਿ ਅਮਰੀਕਾ ਅਤੇ ਚੀਨ ਹਥਿਆਰਾਂ ਦੇ ਸੰਘਰਸ਼ ਵਲ ਅੱਗੇ ਵੱਧ ਰਹੇ ਹਨ ਪਰ ਕ੍ਰਿਸਟੇਨਸਨ ਦੀ ਰਿਪੋਰਟ ਅਜਿਹੇ ਸਮੇਂ ਵਿਚ ਸਾਹਮਣੇ ਆਈ ਹੈ ਜਦੋਂ ਵਪਾਰ ਨੂੰ ਲੈ ਕੇ ਰਾਸ਼ਟਰੀ ਸੁਰੱਖਿਆ ਤਕ ਕਈ ਮਾਮਲਿਆਂ ’ਤੇ ਅਮਰੀਕਾ ਅਤੇ ਚੀਨ ਵਿਚਾਲੇ ਤਣਾਅ ਵੱਧ ਗਿਆ ਹੈ। ਪੈਂਟਾਗਨ ਨੇ ਿਸਟੇਨਸਨ ਦੇ ਵਿਸ਼ਲੇਸ਼ਣਾਂ ’ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿਤਾ।

ਫ਼ੈਡਰੇਸ਼ਨ ਆਫ਼ ਅਮਰੀਕਨ ਸਾਇੰਸ ਦੇ ਮਾਹਰ ਿਸਟੇਨਸਨ ਨੇ ਕਿਹਾ ਕਿ ਉਨ੍ਹਾਂ ਨੂੰ ਮਿਲਿਆਂ ਵਣਜ ਉਪਗ੍ਰਹਿ ਦੀਆਂ ਤਸਵੀਰਾਂ ਦਰਸਾਉਦੀਆਂ ਹਨ ਕਿ ਚੀਨ ਨੇ ਉੱਤਰ-ਮੱਧ ਚੀਨ ਵਿਚ ਜਿਲਨਤਾਈ ਨੇੜੇ ਇਕ ਵੱਡੀ ਮਿਜ਼ਾਈਲ ਰੇਂਜ ਵਿਚ 11 ਭੂਮੀਗਤ ਸਾਈਲਾਂ ਦਾ ਪਿਛਲੇ ਸਾਲ ਦੇ ਅੰਤ ਵਿਚ ਨਿਰਮਾਣ ਸ਼ੁਰੂ ਕੀਤਾ। ਪੰਜ ਹੋਰ ਸਾਈਲਾਂ ਦਾ ਨਿਰਮਾਣ ਇਸ ਤੋਂ ਪਹਿਲਾਂ ਸ਼ੁਰੂ ਹੋਇਆ। 

ਚੀਨ ਕੋਲ 18 ਤੋਂ 20 ਸਾਈਲਾਂ : ਕ੍ਰਿਸਟੇਨਸਨ ਨੇ ਜਿਨਾਂ 16 ਸਾਈਲਾਂ ਦਾ ਜ਼ਿਕਰ ਕੀਤਾ ਹੈ ਉਸ ਤੋਂ ਇਲਾਵਾ ਵੀ ਚੀਨ ਕੋਲ 18 ਤੋਂ 20 ਸਾਈਲਾਂ ਹਨ, ਜਿਨ੍ਹਾਂ ਦਾ ਉਹ ਪੁਰਾਣੀ ਅੰਤਰ ਮਹਾਂਦੀਪੀ ਬੈਲਿਸਟਿਕ ਮਿਜ਼ਾਈਲ ਡੀਐਫ਼-5 ਦੇ ਨਾਲ ਸੰਚਾਲਨ ਕਰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਚੀਨ ਅਪਣੀਆਂ ਸਾਈਲਾਂ ਦੀ ਗਿਣਤੀ ਦੁਗਣੀ ਜਾਂ ਤਿਗਣੀ ਕਰਦਾ ਵੀ ਹੈ ਤਾਂ ਵੀ ਉਨ੍ਹਾਂ ਦੀ ਗਿਣਤੀ ਅਮਰੀਕਾ ਅਤੇ ਰੂਸ ਦੀਆਂ ਸਾਈਲਾਂ ਤੋਂ ਘੱਟ ਹੋਵੇਗੀ। ਉਨ੍ਹਾਂ ਦਸਿਆ ਕਿ ਅਮਰੀਕੀ ਹਵਾਈ ਫ਼ੌਜ ਕੋਲ 450 ਸਾਈਲਾਂ ਅਤੇ ਰੂਸ ਕੋਲ 130 ਸਾਈਲਾਂ ਹਨ। ਇਨ੍ਹਾਂ ਤਸਵੀਰਾਂ ਤੋਂ ਇਹ ਵੀ ਪਤਾ ਚਲਦਾ ਹੈ ਕਿ ਉਹ ਮਿਜ਼ਾੲਹਲ ਲਾਂਚਿੰਗ ਦੀ ਨਵੀਂ ਸਹੂਲਤ ਅਤੇ ਲੋਡਿੰਗ ਅਪਰੇਸ਼ਨ ਨੂੰ ਲੁਕਾਉਣ ਲਈ ਸੁਰੰਗਾਂ ਬਣਾ ਰਿਹਾ ਹੈ। ਇਸ ਟਰੇਨਿੰਗ ਖੇਤਰ ਵਿਚ ਪੀਪਲਜ਼ ਰੀਪਬਲਿਕ ਆਫ ਚਾਈਨਾ ਰਾਕੇਟ ਫ਼ੋਰਸ ਅਪਣੇ ਮਿਜ਼ਾਈਲ ਅਮਲੇ ਨੂੰ ਸਿਖਲਾਈ ਦਿੰਦੀ ਹੈ। ਇਸ ਵਿਚ ਟਰੱਕ ਜਾਂ ਟ੍ਰੇਨ ’ਤੇ ਲਗੀਆਂ ਮਿਜ਼ਾਇਲਾਂ ਅਤੇ ਸਪੋਰਟਿੰਗ ਗੱਡੀਆਂ ਸ਼ਾਮਲ ਹੁੰਦੀਆਂ ਹਨ।