ਤਖਤਾ ਪਲਟ ਦੀ ਕੋਸ਼ਿਸ਼ ਵਿਚਾਲੇ ਵੈਨਜ਼ੁਏਲਾ 'ਚ ਭੜਕੇ ਦੰਗੇ, 69 ਲੋਕ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਰਾਸ਼ਟਰਪਤੀ ਨਿਕੋਲਸ ਮਾਦੁਰੋ ਟੀਵੀ ਅਤੇ ਰੇਡੀਉ 'ਤੇ ਕਿਹਾ, "ਇਸ ਦੀ ਸਜਾ ਮਿਲੇਗੀ"

69 people injured in riots in Venezuela

ਕਾਰਾਕਸ : ਫੌਜ ਨੂੰ ਰਾਸ਼ਟਰਪਤੀ ਨਿਕੋਲਸ ਮਾਦੁਰੋ ਦੇ ਵਿਰੁਧ ਖੜ੍ਹੇ ਹੋਣ ਦੀ ਵਿਰੋਧੀ ਨੇਤਾ ਜੁਆਨ ਗੁਇਡੋ ਦੀ ਅਪੀਲ ਦੇ ਬਾਅਦ ਮੰਗਲਵਾਰ ਨੂੰ ਵੈਨਜ਼ੁਏਲਾ ਦੀ ਰਾਜਧਾਨੀ ਕਾਰਾਕਸ 'ਚ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਹਿੰਸਕ ਝੜਪ ਹੋਈ। ਜਿਸ ਵਿਚ 69 ਲੋਕ ਜ਼ਖਮੀ ਹੋ ਗਏ। ਦੂਜੇ ਪਾਸੇ, ਰਾਸ਼ਟਰਪਤੀ ਮਾਦੁਰੋ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਤਖਤਾ ਪਲਟ ਦੀ ਕੋਸ਼ਿਸ਼ ਨੂੰ ਹੁਣੇ-ਹੁਣੇ ਅਸਫਲ ਕੀਤਾ ਹੈ।

ਗੁਇਡੋ ਵਲੋਂ ਅਪਣੇ ਪੱਖ ਵਿਚ ਫ਼ੌਜ ਦਾ ਵੱਧਦਾ ਸਮਰਥਨ ਦਿਖਾਉਣ ਲਈ ਬੇਹਦ ਸਾਵਧਾਨੀ ਨਾਲ ਬਣਾਈ ਗਈ ਯੋਜਨਾ ਦੰਗੇ ਸ਼ੁਰੂ ਹੋਣ ਦੇ ਨਾਲ ਹੀ  ਠੰਢੀ ਪੈ ਗਈ। ਉਥੇ ਹੀ ਮਾਦੁਰੋ ਨੇ ਮੰਗਲਵਾਰ ਸ਼ਾਮ ਇਸ ਤਖਤਾ ਪਲਟ ਨੂੰ ਨਾਕਾਮ ਕਰਨ ਦਾ ਐਲਾਨ ਕਰਦੇ ਹੋਏ ਫ਼ੌਜ ਨੂੰ ਇਸ ਲਈ ਵਧਾਈ ਦਿਤੀ। ਉਨ੍ਹਾਂ ਨੇ ਟੀਵੀ ਅਤੇ ਰੇਡੀਉ 'ਤੇ ਕਿਹਾ, ''ਇਸਦੀ ਸਜਾ ਮਿਲੇਗੀ। '' ਹਾਲਾਂਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤੁਰੰਤ ਗੁਇਡੋ ਦਾ ਸਮਰਥਨ ਕਰਦੇ ਹੋਏ ਟਵੀਟ ਕੀਤਾ ਕਿ ਅਮਰੀਕਾ ਵੈਨਜ਼ੁਏਲਾ ਦੀ ਜਨਤਾ ਅਤੇ ਉਨ੍ਹਾਂ ਦੀ ਸੁਤੰਤਰਤਾ ਦੇ ਨਾਲ ਹੈ। 

ਨੈਸ਼ਨਲ ਅਸੈਂਬਲੀ ਦੇ ਨੇਤਾ 35 ਸਾਲਾ ਜੁਆਨ ਗੁਇਡੋ ਨੇ ਮੰਗਲਵਾਰ ਸਵੇਰੇ ਇਕ ਵੀਡੀਓ ਜਾਰੀ ਕਰਕੇ ਫੌਜ ਨੂੰ ਅਪੀਲ ਕੀਤੀ ਸੀ ਕਿ ਉਹ ਮਾਦੁਰੋ ਖਿਲਾਫ ਖੜ੍ਹੇ ਹੋਣ। ਇਹ ਵੀਡੀਓ ਲਾ ਕਾਰਲੋਟਾ ਏਅਰ ਬੇਸ ਦੇ ਬਾਹਰ ਬਣਾਈ ਗਈ ਅਤੇ ਉਨ੍ਹਾਂ ਨਾਲ ਕੁਝ ਫੌਜੀ ਵੀ ਸਨ। ਵੀਡੀਓ 'ਚ ਉਨ੍ਹਾਂ ਦੇ ਨਾਲ ਇਕ ਹੋਰ ਵਿਰੋਧੀ ਨੇਤਾ ਲਿਓਪੋਲਡੋ ਲੋਪਾਜ ਵੀ ਦਿਖਾਈ ਦੇ ਰਹੇ ਸਨ, ਜਿਨ੍ਹਾਂ ਨੇ ਕਿਹਾ ਕਿ ਫੌਜੀਆਂ ਨੇ ਉਨ੍ਹਾਂ ਨੂੰ ਕਈ ਸਾਲਾਂ ਦੀ ਨਜ਼ਰਬੰਦੀ ਤੋਂ ਆਜ਼ਾਦ ਕਰ ਦਿਤਾ ਹੈ।

ਵੀਡੀਓ 'ਚ ਗੁਇਡੋ ਵਾਰ-ਵਾਰ ਕਹਿ ਰਹੇ ਸਨ ਕਿ ਮਾਦੁਰੋ ਰਾਜ ਦੇ 'ਅੰਤ ਦੀ ਸ਼ੁਰੂਆਤ' ਹੈ ਅਤੇ ਹੁਣ 'ਪਿੱਛੇ ਨਹੀਂ ਹਟਣਾ' ਹੈ। ਬਾਅਦ 'ਚ ਬੁਧਵਾਰ ਨੂੰ ਇਕ ਹੋਰ ਵੀਡੀਓ ਮੈਸਜ 'ਚ ਉਨ੍ਹਾਂ ਨੇ ਲੋਕਾਂ ਨੂੰ ਮਾਦੁਰੋ ਸਾਸ਼ਨ ਖਤਮ ਕਰਨ ਲਈ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਬੀਤੇ ਦਿਨ ਫੌਜ ਮੁਖੀ ਨੇ ਦੇਸ਼ 'ਚ ਖੂਨੀ ਝੜਪ ਹੋਣ ਦੀ ਚਿਤਾਵਨੀ ਵੀ ਦਿਤੀ ਸੀ। ਤੁਹਾਨੂੰ ਦੱਸ ਦਈਏ ਕਿ ਵਿਰੋਧੀ ਨੇਤਾ ਜੁਆਨ ਗੁਇਡੋ ਲਗਾਤਾਰ ਦੇਸ਼ ਦਾ ਸ਼ਾਸਨ ਅਪਣੇ ਹੱਥਾਂ 'ਚ ਲੈਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਫੌਜ ਵਿਵਾਦਾਂ 'ਚ ਘਿਰੇ ਰਾਸ਼ਟਰਪਤੀ ਨਿਕੋਲਸ ਦਾ ਸਮਰਥਨ ਕਰ ਰਹੀ ਹੈ। ਗੁਇਡੋ ਨੂੰ ਅਮਰੀਕਾ ਸਮੇਤ ਕਈ ਦੇਸ਼ਾਂ ਵਲੋਂ ਸਾਥ ਮਿਲ ਰਿਹਾ ਹੈ।