ਤਾਇਵਾਨ ਵਿਚ ਆਏ ਭੂਚਾਲ ਕਾਰਨ 17 ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

6.1 ਤੀਬਰਤਾ ਨਾਲ ਆਇਆ ਭੂਚਾਲ

Taiwan is Hit by Powerful Earthquake

ਤਾਇਪੇ : ਤਾਇਵਾਨ ਵਿਚ ਅੱਜ ਵੀਰਵਾਰ ਨੂੰ 6.1 ਦੀ ਤੀਬਰਤਾ ਨਾਲ ਆਏ ਭੂਚਾਲ ਕਾਰਨ ਜਿਥੇ 17 ਲੋਕ ਜ਼ਖ਼ਮੀ ਹੋਏ ਗਏ, ਉਥੇ ਆਵਾਜਾਈ ਵੀ ਪ੍ਰਭਾਵਤ ਹੋਈ। ਇਸ ਭੁਚਾਲ ਕਾਰਨ ਤਾਇਵਾਨ ਦੀ ਰਾਜਧਾਨੀ ਤਾਇਪੇ ਦੀਆਂ ਵੱਡੀਆਂ-ਵੱਡੀਆਂ ਇਮਾਰਤਾਂ ਹਿਲ ਗਈਆਂ ਅਤੇ ਯਿਲਾਨ ਕਾਊਟੀ ਵਿਚ ਸਕੂਲੀ ਬੱਚੇ ਅਪਣੀਆਂ ਕਲਾਸਾਂ ਤੋਂ ਬਾਹਰ ਆ ਗਏ। 

ਅਧਿਕਾਰੀਆਂ ਨੇ ਦਸਿਆ ਕਿ ਭੂਚਾਲ ਦੇ ਝਟਕੇ ਪੂਰੇ ਤਾਇਵਾਨ ਵਿਚ ਮਹਿਸੂਸ ਕੀਤੇ ਗਏ। ਹੁਲੀਏਨ ਕਾਊਂਟੀ ਵਿਚ ਅੱਗ ਬੁਝਾਊ ਟੀਮ ਦੇ ਇਕ ਅਧਿਕਾਰੀ ਨੇ ਦਸਿਆ ਕਿ ਇਸ ਭੂਚਾਲ ਕਾਰਨ ਪਹਾੜ ਤੋਂ ਡਿੱਗਣ ਕਾਰਨ ਦੋ ਵਿਅਕਤੀ ਜ਼ਖ਼ਮੀ ਹੋਏ ਹਨ। ਕੌਮੀ ਰਾਹਤ ਏਜੰਸੀ ਨੇ ਦਸਿਆ ਕਿ ਜ਼ਖ਼ਮੀਆਂ ਨੂੰ ਇਕ ਮਲੇਸ਼ੀਆ ਦਾ ਨਾਗਰਿਕ ਵੀ ਹੈ ਜਿਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਸ ਵਿਅਕਤੀ ਨੂੰ ਦਿਲ ਦਾ ਦੌਰਾ ਪਿਆ ਸੀ ਜਿਸ ਕਾਰਨ ਸਿਰ ਅਤੇ ਪੈਰ 'ਤੇ ਸੱਟਾਂ ਲੱਗੀਆਂ ਹਨ।

ਏਜੰਸੀ ਨੇ ਦਸਿਆ ਕਿ ਤਾਇਪੇ ਦੇ ਨੇੜੇ 15 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ ਅਤੇ ਭੂਚਾਲ ਕਾਰਨ ਸ਼ਹਿਰ ਦੀਆਂ ਦੋ ਇਮਾਰਤਾਂ ਦੇ ਨੁਕਸਾਨੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਅਧਿਕਾਰੀਆਂ ਨੇ ਦਸਿਆ ਕਿ ਭੂਚਾਲ ਤੋਂ ਬਾਅਦ ਸੁਰੱਖਿਆ ਜਾਂਚ ਲਈ ਲਗਭਗ ਇਕ ਘੰਟੇ ਤਕ ਤਾਇਪੇ ਮੈਟਰੋ ਬੰਦ ਰਹੀ ਜਦਕਿ ਤਾਇਪੇ ਰੇਲਵੇ ਪ੍ਰਸ਼ਾਸਨ ਨੇ ਅਪਣੀਆਂ ਕਈ ਗੱਡੀਆਂ ਨੂੰ ਕੁੱਝ ਸਮੇਂ ਤਕ ਰੋਕ ਕੇ ਰਖਿਆ। ਸੋਸ਼ਲ ਮਡੀਆ 'ਤੇ ਲੋਕਾਂ ਨੇ ਭੂਚਾਲ ਨਾਲ ਹੋਏ ਨੁਕਸਾਨ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ। ਇਨ੍ਹਾਂ ਵਿਚ ਇਕ ਦੁਕਾਨ ਦੇ ਸ਼ੀਸ਼ੇ ਟੁੱਟਣ ਦੀਆਂ ਤਸਵੀਰਾਂ ਵੀ ਸ਼ਾਮਲ ਹਨ। ਜਾਪਾਨ ਮੌਸਮ ਵਿਗਿਆਨ ਏਜੰਸੀ ਨੇ ਕਿਹਾ ਕਿ ਸਮੁੰੰਦਰ ਵਿਚ ਕੁੱਝ ਹਲਚਲ ਵੇਖਣ ਨੂੰ ਮਿਲ ਸਕਦੀ ਹੈ ਪਰ ਸੁਨਾਮੀ ਦਾ ਕੋਈ ਖ਼ਦਸ਼ਾ ਨਹੀਂ ਹੈ ਅਤੇ ਨਾ ਹੀ ਕੋਈ ਨੁਕਸਾਨ ਹੋਣ ਦਾ ਖ਼ਦਸ਼ਾ ਹੈ।