ਹਾਂਗਕਾਂਗ 'ਚ ਨਵਾਂ ਚੀਨੀ ਕਾਨੂੰਨ ਹੋਇਆ ਲਾਗੂ, ਝੰਡਾ ਦਿਖਾਉਣ 'ਤੇ ਹੋਈ ਪਹਿਲੀ ਗ੍ਰਿਫ਼ਤਾਰੀ!

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕਾ ਸਮੇਤ ਦੁਨੀਆਂ ਭਰ ਦੇ ਕਈ ਦੇਸ਼ ਇਸ ਕਾਨੂੰਨ ਦੀ ਕਰ ਰਹੇ ਸੀ ਮੁਖਾਲਫ਼ਿਤ

Hong Kong Protest

ਨਵੀਂ ਦਿੱਲੀ : ਹਾਂਗਕਾਂਗ 'ਚ ਅਪਣਾ ਕਾਨੂੰਨ ਲਾਗੂ ਕਰਨ ਦੀ ਜਿੱਦ 'ਤੇ ਅੜਿਆ ਚੀਨ ਆਖਰਕਾਰ ਅਪਣੀ ਅੜੀ ਭੁਗਾਉਣ 'ਚ ਸਫ਼ਲ ਹੋ ਗਿਆ ਹੈ। ਅਮਰੀਕਾ ਸਮੇਤ ਦੁਨੀਆਂ ਭਰ ਦੇ ਜ਼ਿਆਦਾਤਰ ਦੇਸ਼ ਚੀਨ ਦੇ ਇਸ ਕਦਮ ਦੀ ਖੁਲ੍ਹ ਕੇ ਮੁਖਾਲਫ਼ਿਤ ਕਰ ਰਹੇ ਹਨ, ਇਸ ਦੇ ਬਾਵਜੂਦ ਚੀਨ ਨੇ ਆਖ਼ਿਰਕਾਰ ਹਾਂਗਕਾਂਗ ਵਿਚ ਅਪਣੇ ਕਨੂੰਨ ਨੂੰ ਲਾਗੂ ਕਰ ਹੀ ਦਿਤਾ ਹੈ। ਚੀਨ ਦੁਆਰਾ ਲਾਗੂ ਕੀਤੇ ਗਏ ਰਾਸ਼ਟਰੀ ਸੁਰੱਖਿਆ ਕਾਨੂੰਨ ਦਾ ਹਾਂਗਕਾਂਗ ਅੰਦਰ ਵਿਆਪਕ ਵਿਰੋਧ ਹੋ ਰਿਹਾ ਸੀ।

ਪਿਛਲੇ ਕਈ ਮਹੀਨਿਆਂ ਤੋਂ ਇੱਥੇ ਵਿਰੋਧ ਪ੍ਰਦਰਸ਼ਨਾਂ ਦਾ ਦੌਰ ਜਾਰੀ ਸੀ। ਭਾਵੇਂ ਕਰੋਨਾ ਮਹਾਮਾਰੀ ਕਾਰਨ ਇਨ੍ਹਾਂ ਪ੍ਰਦਰਸ਼ਨਾਂ 'ਚ ਕੁੱਝ ਕਮੀ ਆਈ ਸੀ, ਪਰ ਹੁਣ ਹਾਲਾਤ ਸੁਧਰਨ ਬਾਅਦ ਇਹ ਦੌਰ ਮੁੜ ਸ਼ੁਰੂ ਹੋਣ ਲੱਗਾ ਸੀ। ਇਸੇ ਦੌਰਾਨ ਚੀਨ ਨੇ ਇਸ ਕਾਨੂੰਨ ਨੂੰ ਪਹਿਲੀ ਜੁਲਾਈ ਨੂੰ ਲਾਗੂ ਕਰਨ ਦਾ ਐਲਾਨ ਕਰ ਦਿਤਾ ਸੀ ਜਿਸ ਦੇ ਤਹਿਤ ਇਹ ਕਾਨੂੰਨ ਲਾਗੂ ਹੋਣ ਬਾਅਦ ਬੁੱਧਵਾਰ ਨੂੰ ਇਸਦੇ ਤਹਿਤ ਪਹਿਲੀ ਗ੍ਰਿਫ਼ਤਾਰੀ ਵੀ ਕਰ ਲਈ ਗਈ। ਖ਼ਬਰਾਂ ਮੁਤਾਬਕ ਪਹਿਲੀ ਜੁਲਾਈ ਨੂੰ ਵੀ ਇੱਥੇ ਇਕ ਵਿਅਕਤੀ ਹਾਂਗਕਾਂਗ ਦੀ ਆਜ਼ਾਦੀ ਦੀ ਮੰਗ ਕਰਦੇ ਹੋਏ ਝੰਡਾ ਲੈ ਕੇ ਖੜ੍ਹਾ ਸੀ, ਜਿਸਨੂੰ ਕਨੂੰਨ ਦੀ ਉਲੰਘਣਾ ਮੰਨ ਕੇ ਤੁਰੰਤ ਗ੍ਰਿਫ਼ਤਾਰ ਕਰ ਲਿਆ ਗਿਆ।

ਕਾਬਲੇਗੌਰ ਹੈ ਕਿ ਬੀਤੇ ਦਿਨੀਂ ਚੀਨੀ ਸੰਸਦ ਨੇ ਇਸ ਕਨੂੰਨ ਨੂੰ ਸਰਬਸੰਮਤੀ ਨਾਲ ਪਾਸ ਕਰ ਦਿਤਾ ਸੀ। ਉਦੋਂ ਇਸ ਕਾਨੂੰਨ ਨੂੰ ਪਹਿਲੀ ਜੁਲਾਈ ਨੂੰ ਲਾਗੂ ਕਰਨ ਦਾ ਐਲਾਨ ਕੀਤਾ ਸੀ, ਜਿਸ ਨੂੰ ਅੱਜ ਲਾਗੂ ਕਰ ਦਿਤਾ ਗਿਆ ਹੈ। ਇਸ ਕਾਨੂੰਨ ਦੇ ਲਾਗੂ ਹੋਣ ਬਾਅਦ ਬੁੱਧਵਾਰ ਨੂੰ ਹਾਂਗਕਾਂਗ ਦੇ ਕਾਜਵੇ ਬੇ ਇਲਾਕੇ ਵਿਚ ਇਕ ਵਿਅਕਤੀ ਇਸ ਕਾਨੂੰਨ ਦੇ ਵਿਰੋਧ 'ਚ ਝੰਡਾ ਲੈ ਕੇ ਖੜ੍ਹਾ ਸੀ। ਪੁਲਿਸ ਨੇ ਇਸ ਨੂੰ ਕਾਨੂੰਨ ਵਿਰੋਧੀ ਮੰਨਦਿਆਂ ਉਸ ਵਿਅਕਤੀ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਹੈ।

ਕਾਬਲੇਗੌਰ ਹੈ ਕਿ ਚੀਨ ਵਲੋਂ ਬਣਾਏ ਗਏ ਇਸ ਕਾਨੂੰਨ 'ਤੇ ਹਾਂਗਕਾਂਗ ਪ੍ਰਸ਼ਾਸਨ ਦਾ ਕੋਈ ਕੰਟਰੋਲ ਨਹੀਂ ਹੋਵੇਗਾ। ਚੀਨੀ ਪੁਲਿਸ ਅਤੇ ਪ੍ਰਸ਼ਾਸਨ ਇਸਦੇ ਤਹਿਤ ਕਿਸੇ ਵੀ ਹਾਂਗਕਾਂਗ ਨਿਵਾਸੀ ਖਿਲਾਫ਼ ਸਿੱਧਾ ਕਾਰਵਾਈ ਕਰ ਸਕਦਾ ਹੈ। ਇਸ ਕਨੂੰਨ ਦੇ ਤਹਿਤ ਜੇਕਰ ਕੋਈ ਵੀ ਵਿਅਕਤੀ ਚੀਨ ਦੀ ਕੰਮਿਉਨਿਸਟ ਸਰਕਾਰ ਦਾ ਵਿਰੋਧ ਕਰਦਾ ਹੈ ਜਾਂ ਫਿਰ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਂਦਾ ਹੈ ਤਾਂ ਉਸ ਖਿਲਾਫ਼ ਕਾਰਵਾਈ ਕੀਤੀ ਜਾ ਸਕਦੀ ਹੈ।

ਇਸ ਦੇ ਨਾਲ ਹੀ ਜਨਤਕ ਜਾਇਦਾਦ  ਦੀ ਭੰਨਤੋੜ ਅਤੇ ਆਗਜਨੀ ਨੂੰ ਅਤਿਵਾਦ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਚੀਨੀ ਪੁਲਿਸ ਇਸ ਕਨੂੰਨ ਦੇ ਤਹਿਤ ਕਿਸੇ ਵੀ ਵਿਅਕਤੀ ਨੂੰ ਪੁਛਗਿੱਛ ਲਈ ਗ੍ਰਿਫ਼ਤਾਰ ਕਰ ਸਕਦੀ ਹੈ। ਇਸ ਕਨੂੰਨ ਦਾ ਇੱਥੇ ਪਿਛਲੇ ਸਾਲ ਤੋਂ ਹੀ ਵਿਰੋਧ ਹੋ ਰਿਹਾ ਹੈ ਪਰ ਲੇਕਿਨ ਚੀਨ ਇਸ ਤੋਂ ਪਿੱਛੇ ਹਟਣ ਨੂੰ ਤਿਆਰ ਨਹੀਂ ਹੋਇਆ ਅਤੇ ਅਖ਼ੀਰ ਉਸ ਨੇ ਅੱਜ ਇਸ ਨੂੰ ਕਾਨੂੰਨ ਨੂੰ ਲਾਗੂ ਕਰ ਹੀ ਦਿਤਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।