ਕੈਨੇਡਾ : ਪਟੀਸ਼ਨ ਰਾਹੀਂ ਨਿੱਝਰ ਕਤਲ ਕਾਂਡ ਦੀ ਫ਼ੈਡਰਲ ਏਜੰਸੀ ਕੋਲੋਂ ਜਾਂਚ ਕਰਵਾਉਣ ਦੀ ਮੰਗ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਗਲੇ 45 ਦਿਨਾਂ ਅੰਦਰ ਕੈਨੇਡਾ ਦੀ ਸੰਸਦ ਲੈ ਸਕਦੀ ਹੈ ਫੈਸਲਾ

Hardeep Singh Nijjar

 

ਟੋਰਾਂਟੋ: ਕੈਨੇਡਾ ਦੇ ਪ੍ਰਮੁੱਖ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਡੇਢ ਮਹੀਨੇ ਪਹਿਲਾਂ ਸਰ੍ਹੀ ਦੇ ਇਕ ਗੁਰਦੁਆਰੇ ’ਚ ਕੀਤੇ ਕਤਲ ਪਿੱਛੇ ਵਿਦੇਸ਼ੀ ਦਖ਼ਲਅੰਦਾਜ਼ੀ ਹੋਣ ਦੀ ਜਾਂਚ ਮੰਗਦੀ ਇਕ ਈ-ਪਟੀਸ਼ਨ ਦਾਇਰ ਕੀਤੀ ਗਈ ਹੈ। 45 ਸਾਲਾਂ ਦੇ ਨਿੱਝਰ ਦਾ 18 ਜੂਨ ਨੂੰ ਗੁਰੂ ਨਾਨਕ ਸਿੱਖ ਗੁਰਦਵਾਰੇ ਦੀ ਪਾਰਕਿੰਗ ’ਚ ਕਤਲ ਕਰ ਦਿਤਾ ਗਿਆ ਸੀ। ਨਿੱਝਰ ਗੁਰਦਵਾਰੇ ਦੇ ਪ੍ਰਬੰਧਕਾਂ ’ਚੋਂ ਇਕ ਸੀ ਅਤੇ ਖ਼ਾਲਿਸਤਾਨ ਹਮਾਇਤੀ ਸੀ। ਭਾਰਤ ’ਚ ਉਸ ’ਤੇ ਅਤਿਵਾਦ ਫੈਲਾਉਣ ਅਤੇ ਹਿੰਦੂ ਆਗੂ ਦਾ ਕਤਲ ਕਰਨ ਦੇ ਦੋਸ਼ ਸਨ। ਜਾਂਚਕਰਤਾਵਾਂ ਨੇ ਉਸ ਦੀ ਮੌਤ ਨੂੰ ਮਿੱਥ ਕੇ ਕੀਤਾ ਕਤਲ ਦਸਿਆ ਸੀ, ਪਰ ਕਤਲ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ।

ਇਹ ਵੀ ਪੜ੍ਹੋ: ਕਪਿਲ ਦੇਵ ਦੀ ਟਿਪਣੀ ’ਤੇ ਰਵਿੰਦਰ ਜਡੇਜਾ ਦੀ ਤਿੱਖੀ ਪ੍ਰਤੀਕਿਰਿਆ

ਪਟੀਸ਼ਨ ’ਚ ਕਿਹਾ ਗਿਆ ਹੈ, ‘‘ਨਿੱਝਰ ਰੱਬ ਤੋਂ ਡਰਨ ਵਾਲਾ ਬੰਦਾ, ਕਾਨੂੰਨ ਦੀ ਪਾਲਣਾ ਕਰਨ ਵਾਲਾ ਅਤੇ ਕੈਨੇਡੀਆਈ ਸਿੱਖ ਸਮਾਜ ਦਾ ਸ਼ਾਂਤੀ ਪਸੰਦ ਵਿਅਕਤੀ ਸੀ ਜਿਸ ਦੀ ਕਿਸੇ ਵੀ ਜੁਰਮ ’ਚ ਸ਼ਮੂਲੀਅਤ ਨਹੀਂ ਰਹੀ।’’ ਹੁਣ ਤਕ ਇਸ ਈ-ਪਟੀਸ਼ਨ ’ਤੇ 1000 ਦਸਤਖ਼ਤ ਹੋ ਚੁੱਕੇ ਹਨ, ਜਦਕਿ ਕੈਨੇਡਾ ਦੀ ਸੰਸਦ ਵਲੋਂ ਇਸ ਪਟੀਸ਼ਨ ਬਾਰੇ ਫੈਸਲੇ ਲਈ 500 ਦਸਤਖ਼ਤਾਂ ਦੀ ਜ਼ਰੂਰਤ ਹੁੰਦੀ ਹੈ। ਪਟੀਸ਼ਨ 3 ਅਗੱਸਤ ਨੂੰ ਬੰਦ ਹੋਵੇਗੀ, ਜਿਸ ਤੋਂ ਬਾਅਦ ਸਰਕਾਰ ਕੋਲ ਇਸ ’ਤੇ ਫੈਸਲਾ ਕਰਨ ਲਈ 45 ਦਿਨਾਂ ਦਾ ਸਮਾਂ ਹੋਵੇਗਾ।

ਇਹ ਵੀ ਪੜ੍ਹੋ: ਪੰਜਾਬ ਕਾਂਗਰਸ ਪਾਰਟੀ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੀਤੀ ਪਾਰਟੀ ਮੀਟਿੰਗ

ਗੁਰਦੁਆਰੇ ਦੇ ਲੀਡਰਾਂ ਤੋਂ ਇਲਾਵਾ ਇਲਾਕੇ ਦੇ ਐਮ.ਪੀ. ਸੁੱਖ ਧਾਲੀਵਾਲ ਦਾ ਵੀ ਮੰਨਣਾ ਹੈ ਕਿ ਇਹ ਕਤਲ ਵਿਦੇਸ਼ੀ ਦਖ਼ਲਅੰਦਾਜ਼ੀ ਦਾ ਨਤੀਜਾ ਹੈ। ਲਿਹਾਜ਼ਾ ਇਸ ਮਾਮਲੇ ਦੀ ਜਾਂਚ ਫ਼ੈਡਰਲ ਸਰਕਾਰ ਨੂੰ ਕਰਨੀ ਚਾਹੀਦੀ ਹੈ। ਈ-ਪਟੀਸ਼ਨ ਦੀ ਵਰਤੋਂ ਕਿਸੇ ਅਹਿਮ ਜਨਤਕ ਹਿੱਤ ਜਾਂ ਚਿੰਤਾ ਦੇ ਮੁੱਦੇ ’ਤੇ ਧਿਆਨ ਖਿੱਚਣ ਲਈ ਕੀਤੀ ਜਾਂਦੀ ਹੈ ਅਤੇ ਹਾਊਸ ਔਫ਼ ਕੌਮਨਜ਼, ਫ਼ੈਡਰਲ ਸਰਕਾਰ, ਮੰਤਰੀ ਜਾਂ ਐਮ.ਪੀ. ਨੂੰ ਕਾਰਵਾਈ ਦੀ ਬੇਨਤੀ ਕੀਤੀ ਜਾਂਦੀ ਹੈ।

ਗੁਰਮੀਤ ਤੂਰ ਦੀ ਪਟੀਸ਼ਨ ਨੂੰ ਲਿਬਰਲ ਐਮ.ਪੀ. ਸੁੱਖ ਧਾਲੀਵਾਲ ਨੇ ਸਪਾਂਸਰ ਕੀਤਾ ਹੈ, ਜੋਕਿ ਸਰੀ-ਨਿਊਟਨ ਤੋਂ ਐਮ.ਪੀ. ਹਨ। ਐਮ.ਪੀ. ਧਾਲੀਵਾਲ ਨੇ ਕਿਹਾ ਕਿ ਭਾਈਚਾਰੇ ਦੇ ਲੋਕ ਨਿੱਝਰ ਦੀ ਮੌਤ ਦੀ ਸੱਚਾਈ ਸਾਹਮਣੇ ਲਿਆਉਣ ਤੇ ਕਾਤਲਾਂ ਦੀ ਪਛਾਣ ਲੋਕਾਂ ’ਚ ਲਿਆਉਣਾ ਚਾਹੁੰਦੇ ਹਨ। ਧਾਲੀਵਾਲ ਨੇ ਕਿਹਾ ਕਿ ਪਟੀਸ਼ਨ ਨੂੰ ਸਪਾਂਸਰ ਕਰਨਾ ਉਨ੍ਹਾਂ ਲਈ ਮਹੱਤਵਪੂਰਨ ਹੈ ਕਿਉਂਕਿ ਉਹ ਅਪਣੇ ਹਲਕੇ ਦੇ ਲੋਕਾਂ ਦੀਆਂ ਚਿੰਤਾਵਾਂ ਨੂੰ ਉਜਾਗਰ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਨਿੱਝਰ ਦੀ ਮੌਤ ਤੋਂ ਬਾਅਦ ਕੁਝ ਲੋਕਾਂ ਨੂੰ ਅਪਣੀ ਸੁਰੱਖਿਆ ਨੂੰ ਲੈ ਕੇ ਵੀ ਡਰ ਹੈ। ਜਨਤਕ ਸੁਰੱਖਿਆ ਮੰਤਰੀ ਦੇ ਦਫ਼ਤਰ ਨੇ ਕਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ ਜਿਸ ਕਾਰਨ ਉਹ ਇਸ ਬਾਰੇ ਕੋਈ ਟਿਪਣੀ ਨਹੀਂ ਕਰ ਸਕਦੇ।