ਨੈਸ਼ਨਲ ਡੇਅ ਪਰੇਡ 'ਚ ਚੀਨ ਨੇ ਵਿਖਾਈ ਆਪਣੀ ਤਾਕਤ

ਏਜੰਸੀ

ਖ਼ਬਰਾਂ, ਕੌਮਾਂਤਰੀ

30 ਮਿੰਟ 'ਚ ਅਮਰੀਕਾ ਦੇ ਕਿਸੇ ਵੀ ਸ਼ਹਿਰ ਨੂੰ ਨਿਸ਼ਾਨਾ ਬਣਾ ਸਕਦੀ ਹੈ ਇਹ ਚੀਨੀ ਮਿਜ਼ਾਈਲ

China shows off military in anniversary parade

ਬੀਜਿੰਗ : ਚੀਨ 'ਚ ਕਮਿਊਨਿਸ਼ਟ ਸ਼ਾਸਨ ਦੀ ਸਥਾਪਨਾ ਨੂੰ 70 ਸਾਲ ਪੂਰੇ ਹੋ ਗਏ ਹਨ। ਬੀਜਿੰਗ 'ਚ ਮੰਗਲਵਾਰ ਨੂੰ ਜ਼ੋਰ-ਸ਼ੋਰ ਨਾਲ ਇਸ ਦਾ ਜਸ਼ਨ ਮਨਾਇਆ ਹੈ। ਇਸ ਮੌਕੇ ਚੀਨੀ ਫ਼ੌਜੀਆਂ ਨੇ ਮਿਲਟਰੀ ਪਰੇਡ ਦੇ ਨਾਲ-ਨਾਲ ਆਪਣੇ ਖ਼ਤਰਨਾਕ ਹਥਿਆਰਾਂ, ਮਿਜ਼ਾਈਲਾਂ ਦਾ ਪ੍ਰਦਰਸ਼ਨ ਕੀਤਾ। ਚੀਨ ਦੀ ਇਸ ਪਰੇਡ ਨੂੰ ਦੁਨੀਆਂ ਦੇ ਸਾਹਮਣੇ ਸ਼ਕਤੀ ਪ੍ਰਦਰਸ਼ਨ ਵਜੋਂ ਵੇਖਿਆ ਜਾ ਰਿਹਾ ਹੈ। ਖ਼ਾਸ ਤੌਰ 'ਤੇ ਉਸ ਦੀਆਂ ਮਿਜ਼ਾਈਲਾਂ ਦੁਨੀਆਂ ਨੂੰ ਹੈਰਾਨ ਕਰ ਰਹੀਆਂ ਹਨ। 

ਚੀਨ ਨੇ ਜਿਨ੍ਹਾਂ ਮਿਜ਼ਾਈਲਾਂ ਦਾ ਪ੍ਰਦਰਸ਼ਨ ਕੀਤਾ, ਉਨ੍ਹਾਂ 'ਚ ਇੰਟਰਕਾਂਟੀਨੈਂਟਲ ਮਿਜ਼ਾਈਲਾਂ ਡੋਗਫੇਂਗ-41 ਅਤੇ ਡੋਂਗਫੇਂਗ-17 ਵੀ ਸ਼ਾਮਲ ਹਨ, ਜੋ 15 ਹਜ਼ਾਰ ਕਿਲੋਮੀਟਰ ਦੂਰ ਤਕ ਨਿਸ਼ਾਨਾ ਲਗਾ ਸਕਦੀਆਂ ਹਨ। ਡੀਐਫ-41 ਦੁਨੀਆ ਦੀ ਸੱਭ ਤੋਂ ਦੂਰ ਤਕ ਨਿਸ਼ਾਨਾ ਲਗਾਉਣ ਵਾਲੀ ਮਿਜ਼ਾਈਲ ਮੰਨੀ ਜਾਂਦੀ ਹੈ। ਚੀਨ ਨੇ ਪਹਿਲੀ ਵਾਰ ਇਸ ਮਿਜ਼ਾਈਲ ਨੂੰ ਪਰੇਡ 'ਚ ਵਿਖਾਇਆ। ਇਹ ਮਿਜ਼ਾਈਲ ਸਿਰਫ਼ 30 ਮਿੰਟ ਦੇ ਅੰਦਰ ਚੀਨ ਤੋਂ ਅਮਰੀਕਾ ਦੇ ਕਿਸੇ ਵੀ ਸ਼ਹਿਰ ਨੂੰ ਆਪਣਾ ਨਿਸ਼ਾਨਾ ਬਣਾ ਸਕਦੀ ਹੈ। 

ਫ਼ੌਜੀ ਪਰੇਡ 'ਚ ਚੀਨ ਨੇ ਆਪਣੇ ਆਧੁਨਿਕ ਅਤੇ ਸ਼ਕਤੀਸ਼ਾਲੀ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ। ਇਨ੍ਹਾਂ ਹਥਿਆਰਾਂ 'ਚ ਫ਼ਾਈਟਰ ਪਲੇਨ, ਏਅਰਕ੍ਰਾਫ਼ਟ ਕੈਰੀਅਰ, ਸੁਪਰਸੋਨਿਕ ਮਿਜ਼ਾਈਲ ਅਤੇ ਨਿਊਕਲੀਅਰ ਸਮਰੱਥਾ ਨਾਲ ਲੈਸ ਪਣਡੁੱਬੀਆਂ ਦਾ ਪ੍ਰਦਰਸ਼ਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਚੀਨ 'ਚ ਗ੍ਰਹਿ ਯੁੱਧ ਤੋਂ ਬਾਅਦ 1 ਅਕਤੂਬਰ 1949 ਨੂੰ ਮਾਓਤਸੇ ਤੁੰਗ ਨੇ ਪੀਪਲਜ਼ ਰਿਪਬਲਿਕ ਆਫ਼ ਚਾਈਨਾ ਦੀ ਸਥਾਪਨਾ ਦੀ ਘੋਸ਼ਣਾ ਕੀਤੀ ਸੀ।

ਨੈਸ਼ਨਲ ਡੇਅ ਪਰੇਡ ਮੌਕੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ, "ਚੀਨ ਨੇ ਜ਼ਬਰਦਸਤ ਬਦਲਾਅ ਕੀਤਾ। ਉਹ ਤਰੱਕੀ ਦੀ ਰਾਹ 'ਤੇ ਹੈ ਅਤੇ ਹੋਰ ਮਜ਼ਬੂਤ ਬਣ ਰਿਹਾ ਹੈ। ਉਹ ਨਵੀਂ ਤਕਨੀਕ ਦੇ ਨਾਲ ਕਦਮ ਤੋਂ ਕਦਮ ਮਿਲਾ ਰਿਹਾ ਹੈ। ਦੁਨੀਆ ਦਾ ਕੋਈ ਵੀ ਦੇਸ਼ ਚੀਨ ਅਤੇ ਚੀਨ ਦੇ ਲੋਕਾਂ ਨੂੰ ਅੱਗੇ ਵਧਣ ਤੋਂ ਨਹੀਂ ਰੋਕ ਸਕਦਾ।" ਜ਼ਿਕਰਯੋਗ ਹੈ ਕਿ ਚੀਨ ਕੋਲ ਦੁਨੀਆ ਦੀ ਸੱਭ ਤੋਂ ਵੱਡੀ ਫ਼ੌਜ ਹੈ, ਜਦਕਿ ਚੀਨ ਦੀ ਹਵਾਈ ਫ਼ੌਜ ਦੁਨੀਆ 'ਚ ਤੀਜੇ ਨੰਬਰ 'ਤੇ ਆਉਂਦੀ ਹੈ।