ਭਗੌੜੇ ਆਰਥਿਕ ਅਪਰਾਧੀਆਂ ਵਿਰੁਧ ਕਾਰਵਾਈ ਲਈ ਪ੍ਰਧਾਨ ਮੰਤਰੀ ਨੇ ਪੇਸ਼ ਕੀਤਾ 9 ਸੂਤਰੀ ਏਜੰਡਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪ੍ਰਧਾਨ ਮੰਤਰੀ ਨੇ 9 ਸੂਤਰੀ ਏਜੰਡੇ ਵਿਚ ਕਿਹਾ ਕਿ ਭਗੋੜੇ ਆਰਿਥਕ ਅਪਰਾਧੀਆਂ ਨਾਲ ਸਾਂਝੇ ਤੌਰ 'ਤੇ ਨਿਪਟਣ ਲਈ ਜੀ-20 ਦੇਸ਼ਾਂ ਵਿਚਕਾਰ ਅਸਰਦਾਰ ਸਹਿਯੋਗ ਹੋਣਾ ਚਾਹੀਦਾ ਹੈ।

PM Modi at G20 Summit 2018

ਅਰਜਨਟੀਨਾ, ( ਭਾਸ਼ਾ ) : ਭਗੌੜੇ ਆਰਥਿਕ ਅਪਰਾਧੀਆਂ 'ਤੇ ਲਗਾਮ ਲਗਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੀ-20 ਕਾਨਫਰੰਸ ਵਿਚ 9 ਸੂਤਰੀ ਏਜੰਡੇ ਦਾ ਸੁਝਾਅ ਪੇਸ਼ ਕੀਤਾ ਗਿਆ। ਕਾਨਫਰੰਸ ਦੇ ਦੂਜੇ ਦਿਨ ਮੋਦੀ ਨੇ ਕਿਹਾ ਕਿ ਆਰਥਿਕ ਅਪਰਾਧੀਆਂ ਦੀ ਪਛਾਣ, ਹਵਾਲਗੀ ਅਤੇ ਉਨ੍ਹਾਂ ਵਿਰੁਧ ਕਾਨੂੰਨੀ ਕਾਰਵਾਈ ਕਰਨ ਲਈ ਸਾਰੇ ਦੇਸ਼ਾਂ ਦੀ ਆਪਸੀ ਸਹਿਮਤੀ ਅਤੇ ਤਾਲਮੇਲ ਹੋਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ  9 ਸੂਤਰੀ ਏਜੰਡੇ ਵਿਚ ਕਿਹਾ ਕਿ ਭਗੋੜੇ ਆਰਿਥਕ ਅਪਰਾਧੀਆਂ ਨਾਲ ਸਾਂਝੇ ਤੌਰ 'ਤੇ ਨਿਪਟਣ ਲਈ

ਜੀ-20 ਦੇਸ਼ਾਂ ਵਿਚਕਾਰ ਅਸਰਦਾਰ ਅਤੇ ਕਿਰਿਆਸੀਲ ਸਹਿਯੋਗ ਹੋਣਾ ਚਾਹੀਦਾ ਹੈ। ਅਜਿਹੇ ਅਪਰਾਧੀਆਂ ਵਿਰੁਧ ਕਾਨੂੰਨੀ ਕਾਰਵਾਈ ਅਤੇ ਛੇਤੀ ਹਵਾਲਗੀ ਲਈ ਮੈਂਬਰ ਦੇਸ਼ਾਂ ਵਿਚ ਸਹਿਯੋਗ ਹੋਣਾ ਚਾਹੀਦਾ ਹੈ। ਜੀ-20 ਦੇਸ਼ਾਂ ਨੂੰ ਅਜਿਹੀ ਵਿਧੀ ਬਣਾਉਣੀ ਚਾਹੀਦੀ ਹੈ ਜਿਸ ਨਾਲ ਭਗੌੜੇ ਆਰਥਿਕ ਅਪਰਾਧੀਆਂ ਦੇ ਇਕ ਦੂਜੇ ਦੇ ਦੇਸ਼ਾਂ ਵਿਚ ਦਾਖਲੇ 'ਤੇ ਰੋਕ ਲਗਾਈ ਜਾ ਸਕੇ ਅਤੇ ਦੇਸ਼ ਉਨ੍ਹਾਂ ਦੇ ਲਈ ਸੁਰੱਖਿਅਤ ਪਨਾਹਗਾਰ ਨਾ ਬਣ ਸਕੇ। ਭ੍ਰਿਸ਼ਟਾਚਾਰ ਵਿਰੁਧ ਅੰਤਰਰਾਸ਼ਟਰੀ ਸਹਿਯੋਗ ਦੇ ਸਬੰਧ ਵਿਚ ਸੰਯੁਕਤ ਰਾਸ਼ਟਰ ਦੇ ਸਿਧਾਂਤ ਅਸਰਦਾਰ ਤਰੀਕੇ

ਨਾਲ ਲਾਗੂ ਹੋਣੇ ਚਾਹੀਦੇ ਹਨ। ਵਿੱਤੀ ਐਕਸ਼ਨ ਟਾਸਕ ਫੋਰਸ ਰਾਹੀ ਅਜਿਹੀ ਪ੍ਰਣਾਲੀ ਲਾਗੂ ਕਰਨੀ ਚਾਹੀਦੀ ਹੈ ਜਿਸ ਨਾਲ ਸਬੰਧਤ ਸੰਸਥਾਵਾਂ ਅਤੇ ਵਿੱਤੀ ਇੰਟੈਲੀਜੇਂਸ ਯੂਨਿਟ ਵਿਚਕਾਰ ਸਹੀ ਸਮੇਂ ਤੇ ਜਾਣਕਾਰੀ ਨੂੰ ਇੱਕ ਦੂਜੇ ਤੱਕ ਪਹੁੰਚਾਇਆ ਜਾ ਸਕੇ। ਐਫਏਟੀਐਫ ਨੂੰ ਭਗੌੜੇ ਆਰਥਿਕ ਅਪਰਾਧਿਆਂ ਦੀ ਪਰਿਭਾਸ਼ਾ ਨਿਰਧਾਰਤ ਕਰਨ ਦੀ ਜਿਮ੍ਹੇਵਾਰੀ ਸੌਂਪੀ ਜਾਣੀ ਚਾਹੀਦੀ ਹੈ। ਭਗੌੜੇ ਆਰਥਿਕ ਅਪਰਾਧੀਆਂ ਦੀ ਪਛਾਣ,

ਹਵਾਲਗੀ ਅਤੇ ਉਨ੍ਹਾਂ ਵਿਰੁਧ ਕਾਰਵਾਈ ਦੇ ਲਈ ਐਫਏਟੀਐਫ ਨੂੰ ਅਜਿਹੇ ਮਿਆਰੀ ਉਪਰਾਲੇ ਨਿਰਧਾਰਤ ਕਰਨੇ ਚਾਹੀਦੇ ਹਨ ਜਿਨ੍ਹਾਂ 'ਤੇ ਸਾਰੇ ਜੀ-20 ਦੇਸ਼ ਸਹਿਮਤ ਹੋਣ। ਹਵਾਲਗੀ ਅਤੇ ਕਾਨੂੰਨੀ ਮਦਦ ਦੇ ਮੌਜੂਦਾ ਨਿਯਮਾਂ ਵਿਚ ਖ਼ਾਮੀਆਂ ਅਤੇ ਕਾਮਯਾਬ ਹਵਾਲਗੀ ਦੇ ਮਾਮਲਿਆਂ ਦੇ ਤਜ਼ੁਰਬੇ ਇਕ ਦੂਜੇ ਨਾਲ ਸਾਂਝਾ ਕਰਨ ਲਈ ਮੰਚ ਹੋਣਾ ਚਾਹੀਦਾ ਹੈ। ਜੀ-20 ਫੋਰਮ ਨੂੰ ਭਗੌੜੇ ਅਪਰਾਧੀਆਂ ਦੀ ਜਾਇਦਾਦ ਦਾ ਪਤਾ ਲਗਾਉਣ ਲਈ ਕੋਸ਼ਿਸ਼ਾਂ ਸ਼ੁਰੂ ਕਰਨ 'ਤੇ ਵਿਚਾਰ ਕਰਨਾ ਚਾਹੀਦਾ ਹੈ। ਤਾਂ ਕਿ ਅਪਰਾਧੀਆਂ ਦੇ ਬਕਾਇਆ ਕਰਜ ਦੀ ਵਸੂਲੀ ਕੀਤੀ ਜਾ ਸਕੇ।