ਟਵਿੱਟਰ ਦੇ ਸੀਈਓ ਜੈਕ ਡੋਰਸੇ ਵਿਰੁਧ ਐਫਆਈਆਰ ਦਾ ਹੁਕਮ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਜਿਸ ਤਸਵੀਰ ਨੂੰ ਲੈ ਕੇ ਵਿਵਾਦ ਸ਼ੁਰੂ ਹੋਇਆ ਉਸ ਵਿਚ ਜੈਕ ਪੋਸਟਰ ਫੜੇ ਹੋਏ ਨਜ਼ਰ ਆ ਰਹੇ ਹਨ। ਇਸ ਪੋਸਟਰ ਤੇ ਲਿਖਿਆ ਹੈ ਕਿ ਬ੍ਰਾਹਮਣ ਵੰਸ਼ ਦਾ ਨਾਸ਼ ਹੋਵੇ।

Twitter Jack Dorsey

ਰਾਜਸਥਾਨ, ( ਭਾਸ਼ਾ ) : ਬ੍ਰਾਹਮਣ ਵਿਰੋਧੀ ਪੋਸਟਰ ਨੂੰ ਲੈ ਕੇ ਜੋਧਪੁਰ ਅਦਾਲਤ ਵੱਲੋਂ ਟਵਿੱਟਰ ਦੇ ਸੀਈਓ ਜੈਕ ਡੋਰਸੇ ਵਿਰੁਧ ਐਫਆਈਆਰ ਦਾ ਹੁਕਮ  ਦਿਤਾ ਹੈ। ਵਿਪ੍ਰ ਫਾਉਂਡੇਸ਼ਨ ਦੇ ਯੂਵਾ ਮੋਰਚਾ ਦੇ ਉਪ ਮੁਖੀ ਰਾਜਕੁਮਾਰ ਸ਼ਰਮਾ ਨੇ ਬ੍ਰਾਹਮਣ ਵਿਰੋਧੀ ਪੋਸਟ ਸਾਂਝੀ ਕਰਨ ਦੇ ਵਿਰੁਧ ਪਟੀਸ਼ਨ ਦਾਖਲ ਕੀਤੀ ਸੀ। ਜਿਸ ਨੂੰ ਸਥਾਨਕ ਅਦਾਲਤ ਨੇ ਸਵੀਕਾਰ ਕਰ ਲਿਆ ਸੀ। ਮੈਟਰੋਪੋਲੀਟਨ ਜੱਜ ਰਚਨ ਬਿਸਾ ਨੇ ਇਸ ਨਾਲ ਜੁੜੀ ਪਟੀਸ਼ਨ ਨੂੰ ਸਵੀਕਾਰ ਕਰਦੇ ਹੋਏ ਸੁਣਵਾਈ ਦੌਰਾਨ ਅੱਜ ਅਦਾਲਤ ਨੇ ਜੈਕ ਵਿਰੁਧ ਮਾਮਲਾ ਦਰਜ ਕਰਨ ਦਾ ਹੁਕਮ ਦਿਤਾ।

ਜਿਸ ਤਸਵੀਰ ਨੂੰ ਲੈ ਕੇ ਵਿਵਾਦ ਸ਼ੁਰੂ ਹੋਇਆ ਉਸ ਵਿਚ ਜੈਕ ਪੋਸਟਰ ਫੜੇ ਹੋਏ ਨਜ਼ਰ ਆ ਰਹੇ ਹਨ। ਇਸ ਪੋਸਟਰ ਤੇ ਲਿਖਿਆ ਹੈ ਕਿ ਬ੍ਰਾਹਮਣ ਵੰਸ਼ ਦਾ ਨਾਸ਼ ਹੋਵੇ। ਇਸ ਬ੍ਰਾਹਮਣ ਵਿਰੋਧੀ ਪੋਸਟਰ ਨੂੰ ਲੈ ਕੇ ਡੋਰਸੇ ਵਿਵਾਦਾਂ ਵਿਚ ਘਿਰ ਗਏ ਸਨ। ਇਸ ਨੂੰ ਲੈ ਕੇ ਉਨ੍ਹਾਂ ਦੀ ਬਹੁਤ ਆਲੋਚਨਾ ਵੀ ਹੋਈ । ਇਹ ਤਸਵੀਰ ਜੈਕ ਡੋਰਸੇ ਦੇ ਭਾਰਤ ਦੌਰੇ ਵੇਲੇ ਦੀ ਹੈ। ਇਸ ਤਸਵੀਰ ਵਿਚ ਪੱਤਰਕਾਰ ਅਤੇ ਮਹਿਲਾ ਕਾਰਜਕਰਤਾ ਵੀ ਜੈਕ ਦੇ ਨਾਲ ਨਜ਼ਰ ਆ ਰਹੀਹੈ। ਇਸ ਤਸਵੀਰ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਨੇ ਟਵਿੱਟਰ 'ਤੇ ਇਸ ਦੀ ਬਹੁਤ ਆਲੋਚਨਾ ਕੀਤੀ ।

ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕੰਪਨੀ ਨੂੰ ਇਸ ਲਈ ਮਾਫੀ ਵੀ ਮੰਗਣੀ ਪਈ ਸੀ। ਟਵਿੱਟਰ ਨੇ ਅਪਣੇ ਇਕ ਬਿਆਨ ਵਿਚ ਕਿਹਾ ਸੀ ਕਿ ਪੋਸਟਰ ਇਕ ਮੈਂਬਰ ਵੱਲੋਂ ਜੈਕ ਨੂੰ ਦਿਤਾ ਗਿਆ ਸੀ ਅਤੇ ਇਸ ਦਾ ਮਤਲਬ ਇਹ ਹੈ ਕਿ ਕੰਪਨੀ ਸਾਰੇ ਲੋਕਾਂ ਦੀ ਗੱਲ ਸੁਣਦੀ ਹੈ ਅਤੇ ਨਾਲ ਹੀ ਅਪਣੇ ਸਾਰੇ ਯੂਜ਼ਰਸ ਦਾ ਵੀ ਖਿਆਲ ਰੱਖਦੀ ਹੈ।

ਉਥੇ ਹੀ ਟਵਿੱਟਰ ਇੰਡੀਆ ਨੇ ਵੀ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਸੀ ਕਿ ਪਿਛੇ ਜਿਹੇ ਕੰਪਨੀ ਨੇ ਔਰਤ ਪੱਤਰਕਾਰਾਂ ਦੇ ਨਾਲ ਇਕ ਪ੍ਰੋਗਰਾਮ ਵਿਚ ਹਿੱਸਾ ਲਿਆ ਸੀ ਤਾਂ ਕਿ ਸਾਰੇ ਲੋਕਾਂ ਨੂੰ ਨੇੜੇ ਤੋਂ ਸਮਝਿਆ ਜਾ ਸਕੇ। ਔਰਤਾਂ ਦੇ ਇਸ ਸਮੂਹ ਵਿਚੋਂ ਹੀ ਕਿਸੇ ਔਰਤ ਨੇ ਜੈਕ ਦੇ ਹੱਥ ਵਿਚ ਇਹ ਪੋਸਟਰ ਫੜਾ ਦਿਤਾ ਸੀ।