''ਮਹਿੰਗਾਈ ਨੇ ਭਾਰਤੀਆਂ ਦਾ ਜੀਣਾ ਕੀਤਾ ਦੁੱਭਰ''
ਪ੍ਰਵਾਸੀ ਉਵਰਸੀਜ਼ ਕਾਂਗਰਸ ਦੇ ਆਗੂਆਂ ਪਾਲ ਸਹੋਤਾ, ਸੁੱਖੀ ਘੁੰਮਣ ਅਤੇ ਰਾਣਾ ਗਿੱਲ ਨੇ ਸਾਂਝੇ ਬਿਆਨ ਵਿਚ ਦਸਿਆ ਕਿ ਭਾਰਤ ਦੀ ਭਾਜਪਾ ਸਰਕਾਰ ਨੇ ਲੋਕਾਂ ਨਾਲ....
ਸਾਨਫ਼ਰਾਂਸਿਸਕੋ (ਕੈਲੀਫੋਰਨੀਆ) : ਪ੍ਰਵਾਸੀ ਉਵਰਸੀਜ਼ ਕਾਂਗਰਸ ਦੇ ਆਗੂਆਂ ਪਾਲ ਸਹੋਤਾ, ਸੁੱਖੀ ਘੁੰਮਣ ਅਤੇ ਰਾਣਾ ਗਿੱਲ ਨੇ ਸਾਂਝੇ ਬਿਆਨ ਵਿਚ ਦਸਿਆ ਕਿ ਭਾਰਤ ਦੀ ਭਾਜਪਾ ਸਰਕਾਰ ਨੇ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਸਿਰੇ ਚੜਾਉਣਾ ਤਾਂ ਦੂਰ ਦੀ ਗੱਲ ਹੋ ਗਈ ਹੈ। ਭਾਰਤ ਦੇ ਲੋਕ ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਆਦਿ ਸਮਸਿਆਵਾਂ ਵਿਚ ਬੁਰੀ ਤਰ੍ਹਾਂ ਗਰੱਸੇ ਹੋਏ ਹਨ।
ਜਿਸ ਕਰ ਕੇ ਉਨ੍ਹਾਂ ਦਾ ਜੀਣਾ ਕਾਫੀ ਮੁਸ਼ਕਲ ਬਣ ਚੁੱਕਾ ਹੈ। ਮਹਿੰਗਾਈ ਦੀ ਦਰ ਵੱਧਣ ਕਾਰਨ ਨਿੱਤ ਵਰਤਣ ਵਾਲੀਆ ਚੀਜਾਂ ਦੇ ਭਾਅ ਅਸਮਾਨੀ ਚੜ੍ਹ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਲੋਕਾਂ ਨਾਲ ਸਬੰਧਤ ਮਸਲਿਆਂ ਦਾ ਹੱਲ ਕਰਨਾ ਚਾਹੀਦਾ ਹੈ, ਪਰ ਸਰਕਾਰ ਲੋਕਾਂ ਨੂੰ ਆਪਸ ਵਿਚ ਲੜਾਉਣ, ਐਨਆਰਸੀ, ਸੀਏਏ ਦੇ ਮੁੱਦਿਆਂ ਵਿਚ ਧਿਆਨ ਲੱਗਾ ਕੇ ਅਸਲ ਮੱਸਲਿਆਂ ਤੋਂ ਭਟਕਾ ਰਹੀ ਹੈ।
ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਤਿੱਖੀ ਅਲੋਚਨਾ ਕਰਦੇ ਕਿਹਾ ਕਿ ਉਹ ਸਿਰਫ ਬੀਬੀ ਹਰਸਿਮਰਤ ਕੌਰ ਬਾਦਲ ਦੀ ਗੱਦੀ ਨੂੰ ਬਚਾਉਣ ਲਈ ਸਰਕਾਰ ਵਿਰੁਧ ਸਿੱਖ ਘੱਟ ਗਿਣਤੀ ਵਿਚ ਹੋਣ ਦੇ ਬਾਵਜੂਦ ਭਾਜਪਾ ਸਰਕਾਰ ਵਿਰੁਧ ਇਕ ਲਫ਼ਜ ਵੀ ਮੂੰਹੋਂ ਨਹੀਂ ਕੱਢ ਰਹੀ। ਭਾਜਪਾ ਨੇ ਜਿੰਨੀ ਬੇਇਜਤੀ ਅਕਾਲੀਆਂ ਦੀ ਕੀਤੀ ਹੈ ਇਸ ਨੇ ਸਾਰੀ ਸਿੱਖ ਕੌਮ ਦਾ ਸਿਰ ਨੀਵਾਂ ਕਰਾ ਦਿਤਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਸਾਰੇ ਅਮਰੀਕਾ ਵਿਚ ਨਾਗਰਿਕਤਾ ਸੋਧ ਬਿੱਲ ਦੇ ਵਿਰੁਧ ਰੋਸ ਮੁਜ਼ਾਹਰੇ ਲਗਾਤਾਰ ਹੋ ਰਹੇ ਹਨ ਜੋ ਰੁੱਕਣ ਦਾ ਨਾਂ ਨਹੀਂ ਲੈ ਰਹੇ । ਇਨ੍ਹਾਂ ਆਗੂਆਂ ਨੇ ਹੋਰ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਪ੍ਰਕਿਰਿਆ ਕਾਫੀ ਔਖੀ ਹੈ ਇਸ ਨੂੰ ਸੁਖਾਲਾ ਕਰਨ ਦੀ ਜ਼ਰੂਰਤ ਹੈ।
ਉਨ੍ਹਾਂ ਨੇ ਭਾਜਪਾ ਸਰਕਾਰ ਨੂੰ ਕਿਹਾ ਕਿ ਜਦੋਂ ਦੇਸ਼ ਵਿਦੇਸ਼ ਵਿਚ ਨਾਗ੍ਰਿਕਤਾ ਸੋਧ ਬਿਲ ਦਾ ਵਿਰੋਧ ਹੋ ਰਿਹਾ ਹੈ ਤਾਂ ਸਰਕਾਰ ਨੂੰ ਇਸ ਤੇ ਪੁਨਰ ਵਿਚਾਰ ਕਰਨਾ ਚਾਹੀਦਾ ਹੈ । ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਵਲੋਂ ਲੋਕਾਂ ਲਈ ਚੰਗੇ ਕੀਤੇ ਜਾ ਰਹੇ ਕੰਮਾਂ ਦੀ ਪ੍ਰਸੰਸਾ ਵੀ ਕੀਤੀ।