ਮਹਿੰਗਾਈ ਦਾ ਖਾਣ ਵਾਲੇ ਤੇਲ ’ਤੇ ਵੀ ਦਿਸਿਆ ਅਸਰ, ਕੀਮਤਾਂ ਵਿਚ ਭਾਰੀ ਉਛਾਲ!  

ਏਜੰਸੀ

ਖ਼ਬਰਾਂ, ਰਾਸ਼ਟਰੀ

ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐੱਕਸ.) 'ਤੇ ਸ਼ੁੱਕਰਵਾਰ ਨੂੰ ਜਨਵਰੀ...

Edible oil prices rise

ਨਵੀਂ ਦਿੱਲੀ: ਮਹਿੰਗਾਈ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਕਦੇ ਸਬਜ਼ੀਆਂ, ਕਦੇ ਗਹਿਣੇ ਤੇ ਕਦੇ ਪੈਟਰੋਲ-ਡੀਜ਼ਲ। ਰੋਜ਼ ਇਹਨਾਂ ਦੀਆਂ ਕੀਮਤਾਂ ਵਿਚ ਬਦਲਾਅ ਹੁੰਦੇ ਹੀ ਰਹਿੰਦੇ ਹਨ। ਪਰ ਹੁਣ ਖਾਣ ਵਾਲੇ ਤੇਲ ਦੀਆਂ ਕੀਮਤਾਂ ਵੀ ਅਸਮਾਨ ਛੂਹ ਰਹੀਆਂ ਹਨ। ਮਲੇਸ਼ੀਆ ਤੋਂ ਰਿਫਾਇੰਡ ਪਾਮ ਤੇਲ ਦੀ ਦਰਾਮਦ 'ਤੇ ਪਾਬੰਦੀ ਲਗਾਏ ਜਾਣ ਮਗਰੋਂ ਪਿਛਲੇ ਇਕ ਮਹੀਨੇ 'ਚ ਕੱਚਾ ਪਾਮ ਤੇਲ 15 ਫੀਸਦੀ ਮਹਿੰਗਾ ਹੋ ਚੁੱਕਾ ਹੈ।

ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐੱਕਸ.) 'ਤੇ ਸ਼ੁੱਕਰਵਾਰ ਨੂੰ ਜਨਵਰੀ ਐਕਸਪਾਇਰੀ ਫਿਊਚਰਜ਼ ਦੀ ਕੀਮਤ 839.80 ਰੁਪਏ ਪ੍ਰਤੀ 10 ਕਿਲੋ ਹੋ ਗਈ, ਜੋ ਇਕ ਮਹੀਨਾ ਪਹਿਲਾਂ 10 ਦਸੰਬਰ ਨੂੰ 731.40 ਰੁਪਏ ਪ੍ਰਤੀ 10 ਕਿਲੋ ਸੀ। ਇਸ ਦਾ ਮਤਲਬ ਹੈ ਕਿ ਪਿਛਲੇ ਇਕ ਮਹੀਨੇ 'ਚ ਕੀਮਤਾਂ 'ਚ 15 ਫੀਸਦੀ ਦਾ ਵਾਧਾ ਹੋਇਆ ਹੈ। ਇੰਨਾ ਹੀ ਨਹੀਂ ਇਸ ਨਾਲ ਸਾਰੇ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ 'ਚ ਵੀ ਵਾਧਾ ਹੋਇਆ ਹੈ।

ਕੇਂਦਰੀ ਖਪਤਕਾਰ ਮਾਮਲਿਆਂ ਦੇ ਮੰਤਰਾਲੇ ਦੀ ਵੈੱਬਸਾਈਟ 'ਤੇ ਉਪਲੱਬਧ ਪ੍ਰਚੂਨ ਕੀਮਤਾਂ ਅਨੁਸਾਰ, ਪਿਛਲੇ ਇਕ ਮਹੀਨੇ 'ਚ ਦਿੱਲੀ 'ਚ ਸਰ੍ਹੋਂ ਦੇ ਤੇਲ ਦੀ ਕੀਮਤ 12 ਰੁਪਏ ਪ੍ਰਤੀ ਕਿਲੋਗ੍ਰਾਮ ਵੱਧ ਚੁੱਕੀ ਹੈ। 10 ਦਸੰਬਰ 2019 ਨੂੰ ਦਿੱਲੀ 'ਚ ਸਰ੍ਹੋਂ ਦੇ ਤੇਲ ਦੀ ਕੀਮਤ 124 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਜੋ 10 ਜਨਵਰੀ 2020 ਨੂੰ 136 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਇਸ ਦੌਰਾਨ ਦਿੱਲੀ 'ਚ ਪਾਮ ਤੇਲ ਦੀ ਕੀਮਤ 91 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵੱਧ ਕੇ 105 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ।

ਉੱਥੇ ਹੀ, ਸੋਇਆ ਤੇਲ ਦੀ ਕੀਮਤ ਮਹੀਨੇ 'ਚ 106 ਰੁਪਏ ਤੋਂ ਵੱਧ ਕੇ 122 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਜ਼ਿਕਰਯੋਗ ਹੈ ਕਿ ਸਰਕਾਰ ਨੇ ਮਲੇਸ਼ੀਆ ਤੋਂ ਰਿਫਾਇੰਡ ਪਾਮ ਤੇਲ ਦੀ ਦਰਾਮਦ 'ਤੇ ਰੋਕ ਲਗਾਈ ਹੈ। ਹਾਲਾਂਕਿ, ਕੱਚੇ ਪਾਮ ਤੇਲ ਦੀ ਦਰਾਮਦ 'ਤੇ ਇਹ ਲਾਗੂ ਨਹੀਂ ਹੈ। ਭਾਰਤ ਖਾਣ ਵਾਲੇ ਤੇਲਾਂ ਦੀ ਵੱਡੀ ਮਾਤਰਾ 'ਚ ਦਰਾਮਦ ਕਰਦਾ ਹੈ।

ਪਿਛਲੇ ਸੀਜ਼ਨ 2018-19 (ਨਵੰਬਰ-ਅਕਤੂਬਰ) ਦੌਰਾਨ 149.13 ਲੱਖ ਟਨ ਖਾਣ ਵਾਲੇ ਤੇਲ ਦੀ ਦਰਾਮਦ ਕੀਤੀ ਗਈ ਹੈ, ਜਦੋਂ ਕਿ ਇਕ ਸਾਲ ਪਹਿਲਾਂ 2017-18 ਦੌਰਾਨ 145.16 ਲੱਖ ਟਨ ਖਾਣ ਵਾਲੇ ਤੇਲ ਦੀ ਦਰਾਮਦ ਕੀਤੀ ਗਈ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।