ਸੁਰੱਖਿਆ ਪ੍ਰੀਸ਼ਦ ਨੇ ਹਮਜਾ ਬਿਨ ਲਾਦੇਨ ਦਾ ਨਾਂ 'ਬਲੈਕ ਲਿਸਟ' 'ਚ ਕੀਤਾ ਸ਼ਾਮਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਅਮਰੀਕੀ ਹਮਲੇ 'ਚ ਮਾਰੇ ਗਏ ਅਲਕਾਇਦਾ ਦੇ ਸਰਗਨਾ ਓਸਾਮਾ ਬਿਨ ਲਾਦੇਨ...

Hamza bin Laden

ਦੁਬਈ : ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਅਮਰੀਕੀ ਹਮਲੇ 'ਚ ਮਾਰੇ ਗਏ ਅਲਕਾਇਦਾ ਦੇ ਸਰਗਨਾ ਓਸਾਮਾ ਬਿਨ ਲਾਦੇਨ ਦੇ ਬੇਟੇ ਹਮਜਾ ਬਿਨ ਲਾਦੇਨ ਦੀ ਨਕੇਲ ਕੱਸਦੇ ਹੋਏ ਉਸ ਦਾ ਨਾਂ ਬਲੈਕ ਲਿਸਟ 'ਚ ਪਾ ਦਿਤਾ ਹੈ। ਇਸ ਸੂਚੀ 'ਚ ਸ਼ਾਮਲ ਕੀਤੇ ਜਾਣ ਦੇ ਬਾਅਦ ਹੁਣ ਹਮਜਾ 'ਤੇ ਯਾਤਰਾ ਦੀ ਰੋਕ ਲੱਗ ਜਾਵੇਗੀ ਅਤੇ ਉਸ ਦੀ ਜਾਇਦਾਦ ਜ਼ਬਤ ਹੋ ਜਾਵੇਗੀ। ਇਸ ਦੇ ਨਾਲ ਹੀ ਹਥਿਆਰਾਂ ਦੀ ਖਰੀਦੋ-ਫਰੋਖਤ 'ਤੇ ਵੀ ਰੋਕ ਲੱਗੇਗੀ।

ਹਮਜਾ ਨੂੰ ਅਲਕਾਇਦਾ ਦੇ ਮੌਜੂਦਾ ਸਰਗਨਾ ਅਇਆਨ ਅਲ ਜਵਾਹਰੀ ਦੇ 'ਸਭ ਤੋਂ ਸੰਭਾਵਿਤ ਉਤਰਾਧਿਕਾਰੀ' ਦੇ ਰੂਪ 'ਚ ਦੇਖਿਆ ਜਾ ਰਿਹਾ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ 1267 ਆਈ. ਐੱਸ. ਆਈ. ਐੱਸ. ਅਤੇ ਅਲਕਾਇਦਾ ਰੋਕੂ ਕਮੇਟੀ ਨੇ ਵੀਰਵਾਰ ਨੂੰ 29 ਸਾਲਾ ਹਮਜਾ ਦੇ ਨਾਂ ਨੂੰ ਸੂਚੀ 'ਚ ਪਾਇਆ। ਇਸੇ ਦਿਨ, ਅਮਰੀਕਾ ਨੇ ਹਮਜਾ ਦੇ ਸਬੰਧ 'ਚ ਸੂਚਨਾ ਦੇਣ ਵਾਲੇ ਨੂੰ 10 ਲੱਖ ਡਾਲਰ ਦਾ ਇਨਾਮ ਦੇਣ ਦੀ ਘੋਸ਼ਣਾ ਕੀਤੀ।

ਸਾਊਦੀ ਅਰਬ ਨੇ ਵੀ ਸ਼ੁਕਰਵਾਰ ਨੂੰ ਘੋਸ਼ਣਾ ਕੀਤੀ ਕਿ ਉਨ੍ਹਾਂ ਨੇ ਹਮਜਾ ਦੀ ਨਾਗਰਿਕਤਾ ਰੱਦ ਕਰ ਦਿਤੀ ਹੈ। ਸੁਰੱਖਿਆ ਪ੍ਰੀਸ਼ਦ ਨੇ ਇਕ ਪ੍ਰੈੱਸ ਬਿਆਨ 'ਚ ਕਿਹਾ ਕਿ ਅਲ ਜਵਾਹਰੀ ਨੇ ਘੋਸ਼ਣਾ ਕੀਤੀ ਹੈ ਕਿ ਸਾਊਦੀ ਅਰਬ 'ਚ ਜੰਮਿਆ ਹਮਜਾ ਅਲਕਾਇਦਾ ਦਾ ਇਕ ਅਧਿਕਾਰਕ ਮੈਂਬਰ ਹੈ। ਪ੍ਰੀਸ਼ਦ ਨੇ ਕਿਹਾ,'' ਹਮਜਾ ਨੇ ਅਲਕਾਇਦਾ ਦੇ ਮੈਂਬਰਾਂ ਨੂੰ ਅਤਿਵਾਦੀ ਹਮਲੇ ਕਰਨ ਦੀ ਅਪੀਲ ਕੀਤੀ ਹੈ। ਉਸ ਨੂੰ ਅਲ ਜਵਾਹਰੀ ਦੇ ਸਭ ਤੋਂ ਸੰਭਾਵਿਤ ਉਤਰਾਧਿਕਾਰੀ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ।''