ਕੋਰੋਨਾ ਵਾਇਰਸ ਕਾਰਨ ਚੀਨ 'ਚ ਘਟਿਆ ਪ੍ਰਦੂਸ਼ਣ, ਨਾਸਾ ਨੇ ਜਾਰੀ ਕੀਤੀਆਂ ਤਸਵੀਰਾਂ

ਏਜੰਸੀ

ਖ਼ਬਰਾਂ, ਕੌਮਾਂਤਰੀ

ਕੋਰੋਨਾ ਵਾਇਰਸ ਦੇ ਕਹਿਰ ਦੌਰਾਨ ਨਾਸਾ ਤੇ ਯੂਰਪੀ ਪੁਲਾੜ ਏਜੰਸੀ ਦੇ ਪ੍ਰਦੂਸ਼ਣ ਨਿਗਰਾਨੀ ਉਪਗ੍ਰਹਿਆਂ ਨੇ ਚੀਨ 'ਚ ਹਵਾ ਪ੍ਰਦੂਸ਼ਣ ਦੇ ਪੱਧਰ 'ਚ ਗਿਰਾਵਟ ਦਰਜ ਕੀਤੀ ਹੈ।

Photo

ਵਾਸ਼ਿੰਗਟਨ : ਚੀਨ 'ਚ ਕੋਰੋਨਾ ਵਾਇਰਸ ਦੇ ਕਹਿਰ ਦੌਰਾਨ ਨਾਸਾ ਤੇ ਯੂਰਪੀ ਪੁਲਾੜ ਏਜੰਸੀ ਦੇ ਪ੍ਰਦੂਸ਼ਣ ਨਿਗਰਾਨੀ ਉਪਗ੍ਰਹਿਆਂ ਨੇ ਚੀਨ 'ਚ ਹਵਾ ਪ੍ਰਦੂਸ਼ਣ ਦੇ ਪੱਧਰ 'ਚ ਗਿਰਾਵਟ ਦਰਜ ਕੀਤੀ ਹੈ। ਇਸ ਤੋਂ ਪਹਿਲਾਂ ਨਾਸਾ ਦੀਆਂ ਤਸਵੀਰਾਂ 'ਚ ਪਿਛਲੇ ਮਹੀਨੇ ਚੀਨ 'ਚ ਨਾਈਟ੍ਰੋਜਨ ਡਾਇਆਕਸਾਈਡ ਦਾ ਡਿੱਗਦਾ ਪੱਧਰ ਦਿਖਾਇਆ ਗਿਆ ਜਿਸ ਦਾ ਕਾਰਨ ਵਾਇਰਸ ਕਾਰਨ ਆਈ ਆਰਥਕ ਮੰਦੀ ਸੀ।

ਅਮਰੀਕੀ ਪੁਲਾੜ ਏਜੰਸੀ ਨੇ ਸ਼ਨਿਚਰਵਾਰ ਨੂੰ ਇਕ ਬਿਆਨ 'ਚ ਕਿਹਾ, 'ਇਸ ਗੱਲ ਦੇ ਸਬੂਤ ਹਨ ਕਿ ਕੋਰੋਨਾ ਵਾਇਰਸ ਦੇ ਕਹਿਰ ਤੋਂ ਬਾਅਦ ਆਰਥਕ ਮੰਦੀ ਕਾਰਨ ਹੀ ਇਹ ਗਿਰਾਵਟ ਦੇਖਣ ਨੂੰ ਮਿਲੀ ਹੈ।' ਖੋਜ ਵਿਗਿਆਨੀ ਫੀ ਲਿਊ ਅਨੁਸਾਰ, ਇਹ ਪਹਿਲੀ ਵਾਰ ਹੈ ਜਦੋਂ ਕਿਸੇ ਘਟਨਾ ਕਾਰਨ ਵੱਡੇ ਪੱਧਰ 'ਤੇ ਪ੍ਰਦੂਸ਼ਣ 'ਚ ਇੰਨੀ ਵੱਡੀ ਗਿਰਾਵਟ ਦੇਖੀ ਹੈ।' ਚੀਨ 'ਚ ਕੋਰੋਨਾ ਵਾਇਰਸ ਦਾ ਪਸਾਰ ਰੋਕਣ ਲਈ ਪ੍ਰੋਡਿਊਸਰਜ਼ ਨੇ ਕਾਰਖਾਨੇ ਬੰਦ ਕਰ ਦਿਤੇ ਹਨ।

ਨਾਸਾ ਦੇ ਅਰਥ ਆਬਜ਼ਰਵੇਟਰੀ ਨੇ ਕਿਹਾ ਕਿ ਹਾਲ ਹੀ 'ਚ ਦਰਜ ਕੀਤੀ ਗਈ ਗਿਰਾਵਟ ਦਾ ਕਾਰਨ ਲੂਨਰ ਨਿਊ ਈਅਰ ਵੀ ਹੋ ਸਕਦਾ ਹੈ। ਹਾਲਾਂਕਿ ਖੋਜੀਆਂ ਦਾ ਮੰਨਣਾ ਹੈ ਕਿ ਪ੍ਰਦੂਸ਼ਣ 'ਚ ਆਈ ਇਹ ਗਿਰਾਵਟ ਨਾ ਤਾਂ ਛੁੱਟੀਆਂ ਕਾਰਨ ਹੈ ਤੇ ਨਾ ਹੀ ਇਸ ਦਾ ਕਿਸੇ ਤਰ੍ਹਾਂ ਦੇ ਮੌਸਮ ਨਾਲ ਸਬੰਧ ਹੈ। 
 

ਕੋਰੋਨਾ ਕਾਰਨ ਆਸਟ੍ਰੇਲੀਆ 'ਚ ਪਹਿਲੀ ਮੌਤ, 27 ਲੋਕ ਪ੍ਰਭਾਵਿਤ

ਡਾਇਮੰਡ ਪ੍ਰਿੰਸਸ ਕਰੂਜ਼ ਸ਼ਿਪ 'ਚੋਂ ਵਾਪਸ ਲਿਆਂਦੇ 78 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। ਪਰਥ ਦਾ ਰਹਿਣ ਵਾਲਾ ਇਹ ਵਿਅਕਤੀ ਪਹਿਲਾ ਆਸਟ੍ਰੇਲੀਅਨ ਹੈ, ਜਿਸ ਦੀ ਜਾਨ ਕੋਰੋਨਾ ਵਾਇਰਸ ਕਾਰਨ ਗਈ ਹੈ।

ਉਸ ਦਾ ਇਲਾਜ ਸਰ ਚਾਰਲਸ ਗਾਇਰਡਨਰ ਹਸਪਤਾਲ 'ਚ ਚੱਲ ਰਿਹਾ ਸੀ। ਡਾਇਮੰਡ ਪ੍ਰਿੰਸਸ ਕਰੂਜ਼ ਜਹਾਜ਼ 'ਚ ਇਸ ਵਿਅਕਤੀ ਨਾਲ ਉਸ ਦੀ ਪਤਨੀ ਵੀ ਸੀ, ਜੋ ਸਿਹਤ ਨਿਗਰਾਨੀ 'ਚ ਹੈ। ਬਜ਼ੁਰਗ ਜੋੜੇ ਨੂੰ ਹਫ਼ਤਾ ਕੁ ਪਹਿਲਾਂ ਹੀ ਪਰਥ ਭੇਜਿਆ ਗਿਆ ਸੀ।