ਭਾਰਤ ਦੇ ‘ਮਿਸ਼ਨ ਸ਼ਕਤੀ’ ਨੂੰ ਨਾਸਾ ਨੇ ਦੱਸਿਆ ਖਤਰਨਾਕ, ਪੁਲਾੜ 'ਚ ਮਲਬੇ ਦੇ 400 ਟੁਕੜੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕੀ ਸਪੇਸ ਏਜੰਸੀ ਨਾਸਾ ਨੇ ਮੰਗਲਵਾਰ ਨੂੰ ਚਿੰਤਾ ਜ਼ਾਹਿਰ ਕਰਕੇ ਇਸ ਮਿਸ਼ਨ ਨੂੰ ਖਤਰਨਾਕ ਦੱਸਿਆ ਹੈ।

NASA

ਨਿਊਯਾਰਕ: ਭਾਰਤ ਦੇ ‘ਮਿਸ਼ਨ ਸ਼ਕਤੀ’ ‘ਤੇ ਹੁਣ ਨਾਸਾ ਦੀ ਪ੍ਰਤੀਕਿਰਿਆ ਆਈ ਹੈ। ਅਮਰੀਕੀ ਸਪੇਸ ਏਜੰਸੀ ਨਾਸਾ ਨੇ ਮੰਗਲਵਾਰ ਨੂੰ ਚਿੰਤਾ ਜ਼ਾਹਿਰ ਕਰਕੇ ਇਸ ਮਿਸ਼ਨ ਨੂੰ ਖਤਰਨਾਕ ਦੱਸਿਆ ਹੈ। ਨਾਸਾ ਨੇ ਦੱਸਿਆ ਕਿ ਇਸ ਐਂਟੀ ਸੈਟੇਲਾਈਟ ਮਿਸਾਇਲ ਦੇ ਟੈਸਟ ਨਾਲ ਪੁਲਾੜ ਵਿਚ ਮਲਬੇ ਦੇ 400 ਟੁਕੜੇ ਹੋਰ ਵਧ ਗਏ ਹਨ। ਉਹਨਾਂ ਨੇ ਕਿਹਾ ਕਿ ਇਹ ਟੁਕੜੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਵਿਚ ਪੁਲਾੜ ਯਾਤਰੀਆਂ ਲਈ ਕਾਫੀ ਖਤਰਨਾਕ ਸਾਬਿਤ ਹੋ ਸਕਦੇ ਹਨ।

ਭਾਰਤ ਦੇ ਐਂਟੀ ਸੈਟੇਲਾਈਟ ਮਿਸਾਇਲ ਟੈਸਟ ਤੋਂ ਕੁਝ ਦਿਨ ਬਾਅਦ ਹੀ ਅਜਿਹਾ ਬਿਆਨ ਆਇਆ ਹੈ। ਨਾਸਾ ਦੇ ਮੁਖੀ ਜਿਮ ਬ੍ਰੇਡੇਨਸਟਾਈਨ ਨੇ ਆਪਣੇ ਕਰਮਚਾਰੀਆਂ ਨੂੰ ਸੰਬੋਧਨ ਕਰਦੇ ਹੋਏ ਭਾਰਤ ਦੇ ‘ਮਿਸ਼ਨ ਸ਼ਕਤੀ’ ਦਾ ਜ਼ਿਕਰ ਕੀਤਾ। ਉਹਨਾਂ ਕਿਹਾ, ‘ਇਹ ਟੁਕੜੇ ਇੰਨੇ ਵੱਡੇ ਨਹੀਂ ਹਨ ਕਿ ਇਹਨਾਂ ਨੂੰ ਟਰੈਕ ਕੀਤਾ ਜਾ ਸਕੇ। ਫਿਲਹਾਲ ਅਸੀਂ 6 ਇੰਚ (10 ਸੈਂਟੀਮੀਟਰ) ਜਾਂ ਇਸਤੋਂ ਵੱਡੇ ਟੁਕੜਿਆਂ ‘ਤੇ ਨਜ਼ਰ ਰੱਖ ਰਹੇ ਹਾਂ। ਇਸ ਤਰ੍ਹਾਂ ਦੇ ਹੁਣ ਤੱਕ 60 ਟੁਕੜੇ ਮਿਲ ਚੁੱਕੇ ਹਨ’।

ਨਾਸਾ ਦੇ ਮੁਖੀ ਨੇ ਕਿਹਾ ਕਿ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੋਂ ਉੱਪਰ ਮਲਬਾ ਜਾਣਾ ਬੇਹੱਦ ਖਤਰਨਾਕ ਸਾਬਿਤ ਹੋ ਸਕਦਾ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਭਵਿੱਖ ਵਿਚ ਪੁਲਾੜ ਮਿਸ਼ਨ ਬਹੁਤ ਮੁਸ਼ਕਿਲ ਹੋ ਜਾਵੇਗਾ। ਉਹਨਾਂ ਕਿਹਾ ਕਿ ਇਸ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ। 

ਨਾਸਾ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਪੁਲਾੜ ਵਿਚ ਇਕੱਲੇ ਚੀਨ ਨੇ ਹੀ 3 ਹਜ਼ਾਰ ਮਲਬੇ ਦੇ ਟੁਕੜੇ ਪੈਦਾ ਕਰ ਦਿੱਤੇ ਹਨ। ਚੀਨ ਨੇ ਸਾਲ 2007  ਵਿਚ ਇਕ ਐਂਟੀ ਸੈਟੇਲਾਈਟ ਟੈਸਟ ਕੀਤਾ ਸੀ। ਇਹ ਟੈਸਟ 530 ਮੀਲ ‘ਤੇ ਕੀਤਾ ਗਿਆ ਸੀ, ਇਸ ਇਕੱਲੇ ਟੈਸਟ ਨਾਲ ਹੀ ਪੁਲਾੜ ਵਿਚ 3 ਹਜ਼ਾਰ ਮਲਬੇ ਦੇ ਟੁਕੜੇ ਵਧ ਗਏ। ਬ੍ਰੇਡੇਨਸਟਾਈਨ ਨੇ ਕਿਹਾ ਕਿ ਭਾਰਤ ਦੇ ਟੈਸਟ ਤੋਂ ਬਾਅਦ ਇੰਟਰਨੈਸ਼ਨਲ ਸਪੇਸ ਸਟੇਸ਼ਨ ਨਾਲ ਟਰਕਾਉਣ ਦੀ ਸੰਭਾਵਨਾ ਕਰੀਬ 44 ਫੀਸਦੀ ਵਧ ਗਈ ਹੈ।