ਅਫ਼ਗ਼ਾਨਿਸਤਾਨ 'ਚ ਧਮਾਕਾ, 20 ਹਲਾਕ, ਬਹੁਤੇ ਸਿੱਖ ਅਤੇ ਹਿੰਦੂ
ਅਫ਼ਗ਼ਾਨਿਸਤਾਨ ਦੇ ਪੂਰਬੀ ਹਿੱਸੇ 'ਚ ਨਾਂਗਰਹਾਰ ਸੂਬੇ ਦੇ ਜਲਾਲਾਬਾਦ ਸ਼ਹਿਰ 'ਚ ਧਮਾਕੇ ਦੀ ਘਟਨਾ ਵਿਚ 20 ਲੋਕਾਂ ਦੀ ਮੌਤ ਹੋ ਗਈ, ਜਿਥੇ ਰਾਸ਼ਟਰਪਤੀ ਅਸ਼ਰਫ਼ ....
ਜਲਾਲਾਬਾਦ, ਅਫ਼ਗ਼ਾਨਿਸਤਾਨ ਦੇ ਪੂਰਬੀ ਹਿੱਸੇ 'ਚ ਨਾਂਗਰਹਾਰ ਸੂਬੇ ਦੇ ਜਲਾਲਾਬਾਦ ਸ਼ਹਿਰ 'ਚ ਧਮਾਕੇ ਦੀ ਘਟਨਾ ਵਿਚ 20 ਲੋਕਾਂ ਦੀ ਮੌਤ ਹੋ ਗਈ, ਜਿਥੇ ਰਾਸ਼ਟਰਪਤੀ ਅਸ਼ਰਫ਼ ਗਨੀ ਦੌਰੇ 'ਤੇ ਹਨ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿਤੀ ਹੈ। ਸੂਤਰਾਂ ਦੇ ਮੁਤਾਬਕ ਇਸ ਧਮਾਕੇ 'ਚ ਮਰਨ ਵਾਲਿਆਂ 'ਚ ਜ਼ਿਆਦਾਤਰ ਹਿੰਦੂ ਤੇ ਸਿੱਖ ਦੱਸੇ ਜਾ ਰਹੇ ਹਨ।
ਨਾਂਗਰਹਾਰ ਸੂਬੇ ਦੇ ਪੁਲਿਸ ਚੀਫ਼ ਜਨਰਲ ਗੁਲਾਮ ਸਾਨਾਯੀ ਸਟਾਨੇਕਜ਼ਾਈ ਨੇ ਕਿਹਾ ਕਿ ਐਤਵਾਰ ਨੂੰ ਹੋਏ ਇਸ ਧਮਾਕੇ ਵਿਚ ਪੰਜ ਹੋਰ ਲੋਕ ਵੀ ਜ਼ਖਮੀ ਹੋਏ ਹਨ।ਅਫ਼ਗ਼ਾਨਿਸਤਾਨ ਦੇ ਮੀਡੀਆ ਮੁਤਾਬਕ ਰਾਸ਼ਟਰਪਤੀ ਅਸ਼ਰਫ ਗਨੀ ਨਾਲ ਮਿਲਣ ਦੇ ਲਈ ਜਾ ਰਹੇ ਹਿੰਦੂ ਤੇ ਸਿੱਖਾਂ ਦੇ ਇਕ ਸੰਗਠਨ 'ਤੇ ਆਤਮਘਾਤੀ ਹਮਲਾ ਹੋਇਆ। ਅਜੇ ਤਕ ਕਿਸੇ ਵੀ ਅਤਿਵਾਦੀ ਸੰਗਠਨ ਨੇ ਇਹ ਜ਼ਿੰਮੇਦਾਰੀ ਨਹੀਂ ਲਈ।
ਪਰ ਇਸ ਖੇਤਰ 'ਚ ਤਾਲਿਬਾਨ ਤੇ ਆਈ.ਐਸ.ਆਈ.ਐਸ. ਦੋਵੇਂ ਅਤਿਵਾਦੀ ਸੰਗਠਨ ਬਹੁਤ ਸਰਗਰਮ ਹਨ।ਅਫ਼ਗ਼ਾਨਿਸਤਾਨ 'ਚ ਬਹੁਤ ਘੱਟ ਗਿਣਤੀ 'ਚ ਹਿੰਦੂਆਂ ਤੇ ਸਿੱਖਾਂ ਦੀ ਆਬਾਦੀ ਹੈ, ਜੋ ਕਿ ਪਿਛਲੇ ਕਈ ਦਹਾਕਿਆਂ ਤੋਂ ਇਸਲਾਮਿਕ ਕੱਟੜਪੰਥੀਆਂ ਦਾ ਸ਼ਿਕਾਰ ਹੋ ਰਹੀ ਹੈ। ਅੱਜ ਇਨ੍ਹਾਂ ਦੀ ਆਬਾਦੀ ਅਫ਼ਗ਼ਾਨਿਸਤਾਨ 'ਚ 1000 ਤੋਂ ਵੀ ਘੱਟ ਰਹਿ ਗਈ ਹੈ।
ਉਥੇ ਹੀ ਅਫ਼ਗ਼ਾਨਿਸਤਾਨ ਦੇ ਨਾਂਗਰਹਾਰ ਵਿਚ ਸਨਿਚਰਵਾਰ ਨੂੰ ਹਵਾਈ ਹਮਲੇ 'ਚ 5 ਆਈ.ਐਸ.ਆਈ.ਐਸ. ਦੇ ਅਤਿਵਾਦੀਆਂ ਨੂੰ ਵੀ ਢੇਰ ਕਰ ਦਿਤਾ ਗਿਆ ਸੀ। ਸਨਿਚਰਵਾਰ ਨੂੰ ਹੀ ਮੈਦਾਨ ਵਡਾਰਕ ਸੂਬੇ 'ਚ ਤਾਲਿਬਾਨ ਨੇ ਖੁਦ ਧਮਾਕਾ ਕਰ ਕੇ ਅਪਣੇ ਤਿੰਨ ਸਾਥੀਆਂ ਨੂੰ ਮਾਰ ਦਿਤਾ ਸੀ। (ਪੀਟੀਆਈ)