ਥਾਈਲੈਂਡ : ਗੁਫ਼ਾ ਅੰਦਰ ਫਸੇ ਖਿਡਾਰੀਆਂ ਨੂੰ ਬਚਾਉਣ ਦਾ ਕੰਮ ਜਾਰੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਉੱਤਰੀ ਥਾਈਲੈਂਡ 'ਚ ਫ਼ੁਟਬਾਲ ਟੀਮ ਦੇ 12 ਖਿਡਾਰੀਆਂ ਅਤੇ ਇਕ ਕੋਚ ਦੀ ਖੋਜ ਵਿਚ ਜੁਟੇ ਬਚਾਅ ਕਰਮਚਾਰੀਆਂ ਨੇ ਐਤਵਾਰ.......

Work to Save Players in Cave Continues

ਮਾਏ ਸਾਈ : ਉੱਤਰੀ ਥਾਈਲੈਂਡ 'ਚ ਫ਼ੁਟਬਾਲ ਟੀਮ ਦੇ 12 ਖਿਡਾਰੀਆਂ ਅਤੇ ਇਕ ਕੋਚ ਦੀ ਖੋਜ ਵਿਚ ਜੁਟੇ ਬਚਾਅ ਕਰਮਚਾਰੀਆਂ ਨੇ ਐਤਵਾਰ ਨੂੰ ਦਸਿਆ ਕਿ ਉਨ੍ਹਾਂ ਨੂੰ ਅਜੇ ਵੀ ਆਸ ਹੈ ਕਿ ਬੱਚੇ ਜ਼ਿੰਦਾ ਹੋਣਗੇ। ਉਨ੍ਹਾਂ ਦਸਿਆ ਕਿ ਮੌਸਮ ਠੀਕ ਹੋਣ ਤੋਂ ਬਾਅਦ ਬਚਾਅ ਕਰਮਚਾਰੀਆਂ ਨੇ ਗੁਫ਼ਾ ਦੇ ਕਾਫੀ ਅੰਦਰ ਇਕ ਟਿਕਾਣਾ ਬਣਾ ਲਿਆ ਹੈ। ਮੀਂਹ ਕਾਰਨ ਬੱਚਿਆਂ ਦੀ ਭਾਲ 'ਚ ਰੁਕਾਵਟ ਆਈ ਸੀ। ਇਹ ਬੱਚੇ 23 ਜੂਨ ਤੋਂ ਲਾਪਤਾ ਹਨ।

ਗੁਫ਼ਾ ਅੰਦਰ ਜੋ ਬੱਚੇ ਫਸੇ ਹਨ, ਉਨ੍ਹਾਂ ਦੀ ਉਮਰ 11 ਤੋਂ 16 ਸਾਲ ਦਰਮਿਆਨ ਹੈ ਅਤੇ ਇਨ੍ਹਾਂ ਦੇ ਨਾਲ ਕੋਚ ਵੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਪੂਰੀ ਟੀਮ ਬੀਤੇ ਸਨਿਚਰਵਾਰ ਨੂੰ ਜਦੋਂ ਗੁਫ਼ਾ ਅੰਦਰ ਗਈ ਤਾਂ ਭਾਰੀ ਮੀਂਹ ਕਾਰਨ ਨਿਕਲ ਨਹੀਂ ਸਕੀ। ਗੁਫ਼ਾ ਦੇ ਬਾਹਰ ਪਈਆਂ ਜੁੱਤੀਆਂ ਅਤੇ ਸਾਈਕਲ ਨੂੰ ਵੇਖ ਕੇ ਇਹ ਅੰਦਾਜ਼ਾ ਲਾਇਆ ਗਿਆ ਕਿ ਬੱਚੇ ਅਤੇ ਉਨ੍ਹਾਂ ਦੇ ਕੋਚ ਗੁਫ਼ਾ ਅੰਦਰ ਗਏ ਅਤੇ ਫਸ ਗਏ। ਇਸ ਤੋਂ ਬਾਅਦ ਭਾਰੀ ਮੀਂਹ ਪੈਣ ਕਾਰਨ ਗੁਫ਼ਾ ਵਿਚ ਪਾਣੀ ਭਰਦਾ ਗਿਆ ਅਤੇ ਬਚਾਅ ਕੰਮ ਮੁਸ਼ਕਲ ਹੋ ਗਿਆ।

ਹੁਣ ਬਚਾਅ ਕਰਮਚਾਰੀਆਂ ਨੇ ਕਿਹਾ ਕਿ ਮੀਂਹ ਰੁਕਣ ਅਤੇ ਗੁਫ਼ਾ ਅੰਦਰ ਇਕ ਟਿਕਾਣਾ ਬਣਨ ਤੋਂ ਬਾਅਦ ਇਕ ਵਾਰ ਫਿਰ ਇਹ ਉਮੀਦ ਜਾਗੀ ਹੈ ਕਿ ਲਾਪਤਾ ਬੱਚੇ ਸੁਰੱਖਿਅਤ ਹੋਣਗੇ ਅਤੇ ਉਨ੍ਹਾਂ ਨੂੰ ਛੇਤੀ ਹੀ ਲੱਭ ਲਿਆ ਜਾਵੇਗਾ। ਥਾਈਲੈਂਡ ਦੇ ਨੇਵੀ ਸੀਲ ਕਮਾਂਡਰ ਨੇ ਮੀਡੀਆ ਨੂੰ ਕਿਹਾ ਕਿ ਜਦੋਂ ਤਕ ਅਸੀਂ ਉਨ੍ਹਾਂ ਨੂੰ ਲੱਭ ਨਹੀਂ ਲੈਂਦੇ, ਉਦੋਂ ਤਕ ਰੁਕਾਂਗੇ ਨਹੀਂ। ਜੇ ਬੱਚੇ ਮਿਲ ਜਾਂਦੇ ਹਨ ਤਾਂ ਗੁਫ਼ਾ ਅੰਦਰ ਬਣਾਏ ਗਏ ਇਸ ਟਿਕਾਣੇ 'ਤੇ ਉਨ੍ਹਾਂ ਲਈ ਖਾਣ-ਪੀਣ ਅਤੇ ਡਾਕਟਰੀ ਸਹੂਲਤਾਂ ਦਾ ਇੰਤਜ਼ਾਮ ਕੀਤਾ ਗਿਆ ਹੈ।

ਆਸਟ੍ਰੇਲੀਆ, ਇੰਗਲੈਂਡ, ਜਾਪਾਨ ਅਤੇ ਚੀਨ ਤੋਂ ਵਿਦੇਸ਼ੀ ਮਾਹਰਾਂ ਨੂੰ ਵੀ ਇਸ ਬਚਾਅ ਕੰਮ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ 30 ਅਮਰੀਕੀ ਫ਼ੌਜੀ ਵੀ ਰਾਹਤ ਕੰਮ ਵਿਚ ਲੱਗੇ ਹੋਏ ਹਨ। ਇਨ੍ਹਾਂ ਸਾਰਿਆਂ ਨਾਲ 1000 ਤੋਂ ਵੱਧ ਥਾਈਲੈਂਡ ਦੇ ਬਚਾਅ ਕਰਮਚਾਰੀ ਜੁੜੇ ਹੋਏ ਹਨ। ਇਲਾਕੇ 'ਚ ਪਾਣੀ ਦਾ ਪੱਧਰ ਘੱਟ ਕਰਨ ਲਈ ਵੱਡੇ ਵਾਟਰ ਪੰਪ ਵੀ ਲਾਏ ਗਏ ਹਨ। (ਪੀਟੀਆਈ)