ਬਲੋਚਿਸਤਾਨ 'ਚ ਪਾਕਿਸਤਾਨੀ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ, ਲੈਫਟੀਨੈਂਟ ਜਨਰਲ ਸਮੇਤ 6 ਦੀ ਮੌਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਹੈਲੀਕਾਪਟਰ 'ਚ ਸਵਾਰ ਲੈਫਟੀਨੈਂਟ ਜਨਰਲ ਅਤੇ ਫੌਜ ਦੇ ਪੰਜ ਸੀਨੀਅਰ ਅਧਿਕਾਰੀਆਂ ਦੀ ਮੌਤ ਹੋ ਗਈ ਹੈ।

Debris of Pakistan Army helicopter found in Balochistan; 6 dead


ਇਸਲਾਮਾਬਾਦ: ਬਲੋਚਿਸਤਾਨ ਵਿਚ ਹੜ੍ਹ ਰਾਹਤ ਕਾਰਜਾਂ ਲਈ ਤਾਇਨਾਤ ਪਾਕਿਸਤਾਨੀ ਫੌਜ ਦਾ ਇਕ ਹੈਲੀਕਾਪਟਰ ਏਅਰ ਟ੍ਰੈਫਿਕ ਕੰਟਰੋਲ (ਏਟੀਸੀ) ਕਮਰੇ ਨਾਲ ਸੰਪਰਕ ਟੁੱਟਣ ਤੋਂ ਬਾਅਦ ਮੰਗਲਵਾਰ ਨੂੰ ਹਾਦਸਾਗ੍ਰਸਤ ਹੋ ਗਿਆ। ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਹੈਲੀਕਾਪਟਰ 'ਚ ਸਵਾਰ ਲੈਫਟੀਨੈਂਟ ਜਨਰਲ ਅਤੇ ਫੌਜ ਦੇ ਪੰਜ ਸੀਨੀਅਰ ਅਧਿਕਾਰੀਆਂ ਦੀ ਮੌਤ ਹੋ ਗਈ ਹੈ। ਹੈਲੀਕਾਪਟਰ 12ਵੀਂ ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਸਰਫਰਾਜ਼ ਅਲੀ ਨੂੰ ਲੈ ਕੇ ਜਾ ਰਿਹਾ ਸੀ, ਜੋ ਬਲੋਚਿਸਤਾਨ ਸੂਬੇ ਵਿਚ ਹੜ੍ਹ ਰਾਹਤ ਕਾਰਜਾਂ ਦੀ ਨਿਗਰਾਨੀ ਕਰ ਰਹੇ ਸਨ।

Debris of Pakistan Army helicopter found in Balochistan; 6 dead

ਪਾਕਿਸਤਾਨ ਦੀ ਆਰਮਡ ਫੋਰਸਿਜ਼ ਦੇ ਮੀਡੀਆ ਵਿੰਗ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਜ਼ ਦੇ ਡਾਇਰੈਕਟਰ ਜਨਰਲ ਮੇਜਰ ਜਨਰਲ ਬਾਬਰ ਇਫਤਿਖਾਰ ਅਨੁਸਾਰ ਹੜ੍ਹ ਰਾਹਤ ਕਾਰਜਾਂ ਲਈ ਤਾਇਨਾਤ ਹੈਲੀਕਾਪਟਰ ਦਾ ਮਲਬਾ ਮੂਸਾ ਗੋਠ, ਵਿੰਦਰ, ਲਾਸਬੇਲਾ ਵਿਚ ਮਿਲਿਆ ਹੈ। ਲੈਫਟੀਨੈਂਟ ਜਨਰਲ ਸਰਫਰਾਜ਼ ਅਲੀ ਸਮੇਤ ਸਾਰੇ ਛੇ ਅਧਿਕਾਰੀ ਅਤੇ ਸਿਪਾਹੀ ਮਾਰੇ ਗਏ ਸਨ। ਉਹਨਾਂ ਕਿਹਾ ਕਿ ਮੁਢਲੀ ਜਾਂਚ ਮੁਤਾਬਕ ਖਰਾਬ ਮੌਸਮ ਹਾਦਸੇ ਦਾ ਕਾਰਨ ਹੋ ਸਕਦਾ ਹੈ।

Debris of Pakistan Army helicopter found in Balochistan; 6 dead

ਸੋਮਵਾਰ ਨੂੰ ਬਲੋਚਿਸਤਾਨ ਦੇ ਲਾਸਬੇਲਾ ਵਿਖੇ ਹੜ੍ਹ ਰਾਹਤ ਕਾਰਜਾਂ ਲਈ ਪਾਕਿਸਤਾਨੀ ਫੌਜੀ ਹਵਾਬਾਜ਼ੀ ਹੈਲੀਕਾਪਟਰ ਤਾਇਨਾਤ ਕੀਤਾ ਗਿਆ ਸੀ ਜਦੋਂ ਇਸ ਦਾ ਏਟੀਸੀ ਨਾਲ ਸੰਪਰਕ ਟੁੱਟ ਗਿਆ। ਮੀਡੀਆ ਰਿਪੋਰਟ ਅਨੁਸਾਰ ਜਨਰਲ ਸਰਫਰਾਜ਼ ਪਿਛਲੇ ਸਾਲ ਅਕਤੂਬਰ ਵਿਚ ਤਤਕਾਲੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੁਆਰਾ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈਐਸਆਈ) ਦੇ ਡਾਇਰੈਕਟਰ ਜਨਰਲ ਦੇ ਅਹੁਦੇ ਲਈ ਦਾਅਵੇਦਾਰਾਂ ਵਿਚੋਂ ਇਕ ਸਨ। ਉਹ ਸੰਯੁਕਤ ਰਾਜ ਅਮਰੀਕਾ ਵਿਚ ਪਾਕਿਸਤਾਨ ਦੇ ਰੱਖਿਆ ਅਧਿਕਾਰੀ ਵਜੋਂ ਕੰਮ ਕਰ ਚੁੱਕੇ ਹਨ।

Debris of Pakistan Army helicopter found in Balochistan; 6 dead

ਲੈਫਟੀਨੈਂਟ ਜਨਰਲ ਤੋਂ ਇਲਾਵਾ ਹੈਲੀਕਾਪਟਰ 'ਚ ਪਾਇਲਟ ਮੇਜਰ ਸਈਦ, ਕੋ-ਪਾਇਲਟ ਮੇਜਰ ਤਲਹਾ, ਕੋਸਟ ਗਾਰਡ ਦੇ ਡਾਇਰੈਕਟਰ ਜਨਰਲ ਬ੍ਰਿਗੇਡੀਅਰ ਅਮਜਦ, ਇੰਜੀਨੀਅਰ ਬ੍ਰਿਗੇਡੀਅਰ ਖਾਲਿਦ ਅਤੇ ਚੀਫ ਨਾਇਕ ਮੁਦੱਸਿਰ ਸਵਾਰ ਸਨ। ਅਧਿਕਾਰੀਆਂ ਨੇ ਦੱਸਿਆ ਕਿ ਹੈਲੀਕਾਪਟਰ ਨੇ ਸੋਮਵਾਰ ਸ਼ਾਮ 5:10 ਵਜੇ ਖੇਤਰ ਤੋਂ ਉਡਾਣ ਭਰੀ ਅਤੇ ਸ਼ਾਮ 6.05 ਵਜੇ ਕਰਾਚੀ ਉਤਰਨਾ ਸੀ ਪਰ ਉਸ ਦਾ ਏਟੀਸੀ ਨਾਲ ਸੰਪਰਕ ਟੁੱਟ ਗਿਆ। ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਮੰਗਲਵਾਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨਾਲ ਫੋਨ 'ਤੇ ਗੱਲ ਕੀਤੀ ਅਤੇ ਉਹਨਾਂ ਨੂੰ ਤਾਜ਼ਾ ਘਟਨਾਕ੍ਰਮ ਤੋਂ ਜਾਣੂ ਕਰਵਾਇਆ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਪ੍ਰਧਾਨ ਇਮਰਾਨ ਖਾਨ ਨੇ ਇਸ ਘਟਨਾ 'ਤੇ ਚਿੰਤਾ ਪ੍ਰਗਟਾਈ ਹੈ।