ਕੁਲਭੂਸ਼ਣ ਜਾਧਵ ਨੂੰ ਅੱਜ ਸਫ਼ਾਰਤੀ ਮਦਦ ਦਿਵਾਈ ਜਾਵੇਗੀ : ਪਾਕਿਸਤਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਭਾਰਤ ਨੇ ਕਿਹਾ-ਕੋਈ ਸ਼ਰਤ ਨਹੀਂ ਚੱਲੇਗੀ

Kulbhushan Jadhav will be supported today: Pakistan

ਇਸਲਾਮਾਬਾਦ: ਪਾਕਿਸਤਾਨ ਨੇ ਐਲਾਨ ਕੀਤਾ ਹੈ ਕਿ ਦੋ ਸਤੰਬਰ ਨੂੰ ਕੁਲਭੂਸ਼ਣ ਜਾਧਵ ਨੂੰ ਸਫ਼ਾਰਤੀ ਮਦਦ ਮੁਹੱਈਆ ਕਰਾਈ ਜਾਵੇਗੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫ਼ੈਸਲ ਨੇ ਕਿਹਾ ਕਿ 49 ਸਾਲਾ ਭਾਰਤੀ ਨਾਗਰਿਕ ਜਾਧਵ ਨੂੰ ਸਫ਼ਾਰਤੀ ਸਬੰਧਾਂ ਬਾਰੇ ਵਿਆਨਾ ਕਨਵੈਨਸ਼ਨ, ਅੰਤਰਰਾਸ਼ਟਰੀ ਨਿਆਂ ਅਦਾਲਤ ਦੇ ਫ਼ੈਸਲੇ ਅਤੇ ਪਾਕਿਸਤਾਨ ਦੇ ਕਾਨੂੰਨਾਂ ਮੁਤਾਬਕ ਸਫ਼ਾਰਤੀ ਪਹੁੰਚ ਉਪਲਭਧ ਕਰਾਈ ਜਾ ਰਹੀ ਹੈ।

ਭਾਰਤੀ ਹਵਾਈ ਫ਼ੌਜ ਦੇ ਸੇਵਾਮੁਕਤ ਅਧਿਕਾਰੀ ਨੂੰ ਪਾਕਿਸਤਾਨ ਵਿਚ ਜਾਸੂਸੀ ਦੇ ਜੁਰਮ ਵਿਚ ਮੌਤ ਦੀ ਸਜ਼ਾ ਸੁਣਾਈ ਗਈ ਹੈ। ਭਾਰਤ ਦਾ ਕਹਿਣਾ ਹੈ ਕਿ ਜਾਧਵ ਨੂੰ ਈਰਾਨ ਤੋਂ ਅਗ਼ਵਾ ਕੀਤਾ ਗਿਆ ਸੀ ਜਿਥੇ ਉਹ ਹਵਾਈ ਫ਼ੌਜ ਤੋਂ ਸੇਵਾਮੁਕਤ ਹੋਣ ਮਗਰੋਂ ਵਪਾਰਕ ਕੰਮਾਂ ਲਈ ਗਿਆ ਸੀ ਅਤੇ ਉਸ ਵਿਰੁਧ ਗ਼ਲਤ ਦੋਸ਼ ਲਾਏ ਗਏ ਹਨ। ਕੁਲਭੂਸ਼ਣ ਇਸ ਵੇਲੇ ਜੇਲ ਵਿਚ ਬੰਦ ਹੈ।

ਪਾਕਿਸਤਾਨ ਦੀ ਇਸ ਤਜਵੀਜ਼ ’ਤੇ ਭਾਰਤ ਨੇ ਅਪਣਾ ਨਜ਼ਰੀਆ ਸਪੱਸ਼ਟ ਕਰਦਿਆਂ ਕਿਹਾ ਕਿ ਭਾਰਤ ਚਾਹੁੰਦਾ ਹੈ ਕਿ ਜਾਧਵ ਨੂੰ ਬਿਨਾਂ ਕਿਸੇ ਨਿਗਰਾਨੀ ਸਫ਼ਾਰਤੀ ਪਹੁੰਚ ਮਿਲੇ। ਜਾਧਵ ਨੂੰ ਸਫ਼ਾਰਤੀ ਮਦਦ ਦੀ ਇਜਾਜ਼ਤ ਦੇਣ ਦੇ ਪਾਕਿਸਤਾਨ ਦੇ ਵਾਅਦੇ ਦੇ ਲਗਭਗ 6 ਹਫ਼ਤੇ ਮਗਰੋਂ ਪਾਕਿਸਤਾਨ ਨੇ ਵੀਰਵਾਰ ਨੂੰ ਕਿਹਾ ਸੀ ਕਿ ਇਸ ਮੁੱਦੇ ’ਤੇ ਉਹ ਭਾਰਤ ਦੇ ਸੰਪਰਕ ਵਿਚ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।