ਪਾਕਿਸਤਾਨ : ਸਿੱਖ ਲੜਕੀ ਮਾਪਿਆਂ ਨੂੰ ਸੌਂਪਣ ਦੀ ਖ਼ਬਰ ਅਫ਼ਵਾਹ ਨਿਕਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

 ਲੜਕੀ ਦੇ ਭਰਾ ਨੇ ਵੀਡੀਉ ਜਾਰੀ ਕਰ ਕੇ ਦੱਸੀ ਸਚਾਈ

Jagjit Kaur with Brother

ਲਾਹੌਰ  (ਜਗਜੀਤ ਸਿੰਘ) : ਪਾਕਿਸਤਾਨ ਦੇ ਸ੍ਰੀ ਨਨਕਾਣਾ ਸਾਹਿਬ ’ਚ ਕੁਝ ਸ਼ਰਾਰਤੀ ਅਨਸਰਾਂ ਵਲੋਂ ਗੁਰਦਵਾਰਾ ਸਾਹਿਬ ਦੇ ਗ੍ਰੰਥੀ ਸਿੰਘ ਦੀ ਬੇਟੀ ਜਗਜੀਤ ਕੌਰ ਨੂੰ ਜਬਰਨ ਧਰਮ ਬਦਲਣ ਵਾਸਤੇ ਮਜਬੂਰ ਕੀਤਾ ਗਿਆ ਅਤੇ ਸਿੱਖੀ ਛੱਡ ਕੇ ਇਸਲਾਮ ਕਬੂਲ ਕਰਵਾਇਆ ਗਿਆ ਹੈ। ਇਸ ਘਟਨਾ ਨੂੰ ਲੈ ਕੇ ਸਮੁੱਚੇ ਵਿਸ਼ਵ ਵਿਚ ਸਿੱਖਾਂ ਵਿਚ ਬਹੁਤ ਵੱਡਾ ਰੋਸ ਹੈ ਅਤੇ ਸਿੱਖ ਸੰਗਠਨਾਂ ਦੇ ਸਖ਼ਤ ਪ੍ਰਤੀਕਰਮ ਆ ਰਹੇ ਹਨ। ਜਦੋਂ ਇਹ ਮਾਮਲਾ ਮੀਡੀਆ ’ਚ ਆਇਆ ਤਾਂ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਨੇ ਜਾਂਚ ਦੇ ਹੁਕਮ ਦਿਤੇ ਸਨ। 

ਇਸ ਤੋਂ ਬਾਅਦ ਮੀਡੀਆ ’ਚ ਇਹ ਖ਼ਬਰਾਂ ਵੀ ਆਈਆਂ ਕਿ ਲੜਕੀ ਉਸ ਦੇ ਪਰਵਾਰਕ ਮੈਂਬਰਾਂ ਨੂੰ ਸੌਂਪ ਦਿਤੀ ਗਈ ਹੈ ਪਰ ਇਹ ਖ਼ਬਰ ਕੇਵਲ ਅਫ਼ਵਾਹ ਨਿਕਲੀ ਹੈ ਕਿਉਂਕਿ ਅਗ਼ਵਾ ਹੋਈ ਸਿੱਖ ਲੜਕੀ ਦੇ ਭਰਾ ਸਵਿੰਦਰ ਸਿੰਘ ਨੇ ਇਸ ਨੂੰ ਅਫ਼ਵਾਹ ਦਸਿਆ ਹੈ। ਉਨ੍ਹਾਂ ਇਕ ਵੀਡੀਉ ਜਾਰੀ ਕਰਦਿਆਂ ਕਿਹਾ ਹੈ ਕਿ ਇਕ ਖ਼ਬਰ ਮਿਲ ਰਹੀ ਹੈ ਕਿ ਉਨ੍ਹਾਂ ਦੀ ਭੈਣ ਜਗਜੀਤ ਕੌਰ ਵਾਪਸ ਪਰਵਾਰ ਨੂੰ ਮਿਲ ਗਈ ਹੈ ਅਤੇ 8 ਵਿਅਕਤੀ ਗਿ੍ਰਫ਼ਤਾਰ ਹੋ ਗਏ ਹਨ ਪਰ ਇਹ ਝੂਠੀ ਖ਼ਬਰ ਹੈ। ਉਨ੍ਹਾਂ ਕਿਹਾ ਕਿ ਅਜੇ ਤਕ ਸਾਨੂੰ ਇਨਸਾਫ਼ ਨਹੀਂ ਮਿਲਿਆ ਤੇ ਇਹ ਖ਼ਬਰ ਫ਼ੈਲਾਅ ਕੇ ਭਰਮ ਪੈਦਾ ਕੀਤਾ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਕ ਖ਼ਬਰ ਸਾਹਮਣੇ ਆਈ ਸੀ ਕਿ ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ’ਚ ਅਗ਼ਵਾ ਕਰ ਕੇ ਧਰਮ ਪਰਿਵਰਤਨ ਕਰਵਾਈ ਗਈ ਸਿੱਖ ਲੜਕੀ ਜਗਜੀਤ ਕੌਰ ਨੂੰ ਬੀਤੀ ਰਾਤ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਦੀ ਮੌਜੂਦਗੀ ਨੂੰ ਲਾਹੌਰ ਦੇ ਦਾਰ ਉਲ ਅਮਾਨ ਸ਼ੈਲਟਰ ਹੋਮ ’ਚ ਭੇਜ ਦਿਤਾ ਗਿਆ ਹੈ। ਇਥੇ ਭੇਜਣ ਤੋਂ ਪਹਿਲਾਂ ਉਸ ਦੀ ਪਰਵਾਰ ਨਾਲ ਵੀ ਮੁਲਾਕਾਤ ਕਰਾਈ ਗਈ। ਨਨਕਾਣਾ ਸਾਹਿਬ ਪੁਲਿਸ ਨੇ ਇਸ ਮਾਮਲੇ ਵਿਚ 8 ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕਰ ਲਿਆ ਹੈ।

ਵਧੀਕ ਸੈਸ਼ਨ ਜੱਜ ਦੇ ਆਦੇਸ਼ ਅਨੁਸਾਰ ਉਸ ਨੂੰ ਦਾਰੂਲ ਅਮਨ ਲਾਹੌਰ ਵਿਖੇ ਰਖਿਆ ਗਿਆ ਹੈ। ਪਰ ਅਗ਼ਵਾ ਕੀਤੀ ਗਈ ਜਗਜੀਤ ਕੌਰ ਦੇ ਭਰਾਵਾਂ ਸਵਿੰਦਰ ਸਿੰਘ ਅਤੇ ਮਨਮੋਹਨ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਨਾ ਤਾਂ ਅਜੇ ਤਕ ਉਨ੍ਹਾਂ ਦੀ ਭੈਣ ਉਨ੍ਹਾਂ ਨੂੰ ਸੌਂਪੀ ਗਈ ਹੈ ਅਤੇ ਨਾ ਹੀ ਮਾਮਲੇ ਨਾਲ ਸਬੰਧਤ ਦੋਸ਼ੀਆਂ ’ਚੋਂ ਕਿਸੇ ਦੀ ਗਿ੍ਰਫ਼ਤਾਰੀ ਹੋਈ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਉਨ੍ਹਾਂ ਨੂੰ ਮਜਬੂਰਨ ਕੋਈ ਨਾ ਕੋਈ ਫ਼ੈਸਲਾ ਲੈਣਾ ਹੋਵੇਗਾ।

ਉਨ੍ਹਾਂ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ, ਫ਼ੌਜ ਮੁਖੀ ਕਮਰ ਜਾਵੇਦ ਬਾਜਵਾ ਅਤੇ ਚੀਫ਼ ਜਸਟਿਸ ਆਫ਼ ਪਾਕਿਸਤਾਨ ਤੋਂ ਦੋਸ਼ੀਆਂ ਵਿਰੁਧ ਕਾਰਵਾਈ ਕੀਤੇ ਜਾਣ ਦੀ ਅਪੀਲ ਕਰਦਿਆਂ ਚਿਤਾਵਨੀ ਦਿਤੀ ਕਿ ਇਹ ਘਟਨਾ ਸਿੱਖਾਂ ਅਤੇ ਮੁਸਲਮਾਨਾਂ ਦੇ ਸਬੰਧਾਂ ’ਚ ਵਿਗਾੜ ਪਾਉਣ ਦੇ ਨਾਲ-ਨਾਲ ਕਰਤਾਰਪੁਰ ਲਾਂਘੇ ਅਤੇ ਕਸ਼ਮੀਰ ਮਸਲੇ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ।