ਅਪਣੀ ਧਰਤੀ 'ਤੇ ਦੁਸ਼ਮਣਾਂ ਨੂੰ ਪਨਾਹ ਦਿੰਦਾ ਹੈ ਪਾਕਿਸਤਾਨ : ਟਰੰਪ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਟਰੰਪ ਨੇ ਕਿਹਾ ਕਿ ਪਾਕਿਸਤਾਨ ਨੂੰ ਮਿਲਣ ਵਾਲੀ ਸਹਾਇਤਾ ਰਾਸ਼ੀ ਨੂੰ ਇਸ ਲਈ ਬੰਦ ਕੀਤਾ ਹੈ ਕਿਉਂਕਿ 'ਇਹ ਦੱਖਣੀ ਏਸ਼ੀਆਈ ਦੇਸ਼ ਦੁਸ਼ਮਣਾਂ ਨੂੰ ਪਨਾਹ ਦਿੰਦਾ ਹੈ'

Donald Trump

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨ ਦੇ ਨਾਲ ਅਮਰੀਕਾ ਦੇ ਤਣਾਅਪਰੂਨ ਸਬੰਧਾਂ ਨੂੰ ਲੈ ਕੇ ਨਵੇਂ ਸਾਲ ਦੇ ਅਪਣੇ ਪਹਿਲੇ ਬਿਆਨ ਵਿਚ ਕਿਹਾ ਕਿ ਉਹ ਪਾਕਿਸਤਾਨ ਨਾਲ ਚੰਗੇ ਸਬੰਧ ਚਾਹੁੰਦੇ ਹਨ ਪਰ ਉਹ ਅਜਿਹਾ ਨਹੀਂ ਕਰ ਸਕਦੇ ਕਿਉਂਕ ਪਾਕਿਸਤਾਨ ਅਪਣੇ ਦੁਸ਼ਮਣਾਂ ਨੂੰ ਪਨਾਹ ਦਿੰਦਾ ਹੈ। ਜ਼ਿਕਰਯੋਗ ਹੈ ਕਿ ਕਝ ਮਹੀਨੇ ਪਹਿਲਾਂ ਹੀ ਟਰੰਪ ਨੇ ਪਾਕਿਸਤਾਨ ਨੂੰ ਦਿਤੀ ਜਾਣ ਵਾਲੀ 1.3 ਅਰਬ ਅਮਰੀਕੀ ਡਾਲਰ ਦੀ ਵਿੱਤੀ ਮਦਦ ਦੇਣ ਤੋ ਨਾਂਹ ਕਰ ਦਿਤੀ ਸੀ।

ਟਰੰਪ ਨੇ ਅਪਣੇ ਮੰਤਰੀ ਮੰਡਲ ਦੇ ਸਹਿਯੋਗੀਆਂ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਦੀ ਨਵੀਂ ਸਰਕਾਰ ਦੇ ਨਾਲ ਛੇਤੀ ਹੀ ਬੈਠਕ ਹੋਵੇਗੀ। ਟਰੰਪ ਨੇ ਕਿਹਾ ਕਿ ਉਹਨਾਂ ਦੇ ਪ੍ਰਸ਼ਾਸਨ ਨੇ ਯੁੱਧ ਤੋਂ ਪ੍ਰਭਾਵਿਤ ਅਫਗਾਨਿਸਤਾਨ ਵਿਚ ਤਾਲਿਬਾਨ ਦੇ ਨਾਲ ਸ਼ਾਂਤਮਈ ਸਬੰਧਾਂ ਦੀ ਗਲੱਬਾਤ ਦੀ ਪਹਿਲ ਕੀਤੀ ਹੈ। ਟਰੰਪ ਨੇ ਕਿਹਾ ਕਿ ਉਹਨਾਂ ਨੇ ਪਾਕਿਸਤਾਨ ਨੂੰ ਮਿਲਣ ਵਾਲੀ 1.3 ਅਰਬ ਡਾਲਰ ਦੀ ਸਹਾਇਤਾ ਰਾਸ਼ੀ ਨੂੰ ਇਸ ਲਈ ਬੰਦ ਕੀਤਾ ਹੈ ਕਿਉਂਕਿ 'ਇਹ ਦੱਖਣੀ ਏਸ਼ੀਆਈ ਦੇਸ਼ ਦੁਸ਼ਮਣਾਂ ਨੂੰ ਪਨਾਹ ਦਿੰਦਾ ਹੈ'

ਅਤੇ ਉਹਨਾਂ ਦੀ ਦੇਖਭਾਲ ਕਰਦਾ ਹੈ। ਅਸੀਂ ਅਜਿਹਾ ਨਹੀਂ ਕਰ ਸਕਦੇ। ਟਰੰਪ ਨੇ ਪਾਕਿਸਤਾਨ 'ਤੇ ਅਮਰੀਕਾ ਦਾ ਸਾਥ ਨਾ ਦੇਣ ਦਾ ਵੀ ਦੋਸ਼ ਲਗਾਇਆ। ਇਸ ਤੋਂ ਪਹਿਲਾਂ ਦੱਖਣੀ ਕੈਰੋਲਿਨਾ ਦੇ ਸੀਨੇਟਰ ਲਿੰਡਸੇ ਗ੍ਰਾਹਮ ਨੇ ਵੀ ਕਿਹਾ ਸੀ ਕਿ ਜੇਕਰ ਪਾਕਿਸਤਾਨ ਤਾਲਿਬਾਨ ਨੂੰ ਗੱਲਬਾਤ ਲਈ ਰਾਜ਼ੀ ਕਰਨ ਲਈ ਅਮਰੀਕਾ ਦੀ ਮਦਦ ਕਰਦਾ ਹੈ ਤਾਂ ਅਮਰੀਕਾ ਅਤਿਵਾਦ ਅਤੇ ਆਈਐਸ ਨਾਲ ਮੁਕਾਬਲਾ ਕਰਨ 'ਤੇ ਵੀ ਧਿਆਨ ਦੇ ਸਕਦਾ ਹੈ।

ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਪਿਛਲੇ ਸਾਲ ਸਤੰਬਰ ਵਿਚ ਇਸਲਾਮਾਬਾਦ ਵਿਚ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਮੁਲਾਕਾਤ ਕੀਤੀ ਸੀ ਅਤੇ ਖੇਤਰੀ ਸ਼ਾਂਤੀ ਅਤੇ ਸਥਿਰਤਾ ਨੂੰ ਖ਼ਤਰਾ ਪੈਦਾ ਕਰਨ ਵਾਲੇ ਅਤਿਵਾਦੀਆਂ ਵਿਰੁਧ ਲਗਾਤਾਰ ਅਤੇ ਠੋਸ ਕਦਮ ਚੁਕੱਣ ਲਈ ਦਬਾਅ ਪਾਇਆ ਸੀ। ਦੱਸ ਦਈਏ ਕਿ ਪਿਛਲੇ ਇਕ ਸਾਲ ਤੋਂ ਰਾਸ਼ਟਰਪਤੀ ਟਰੰਪ ਲਗਾਤਾਰ ਪਾਕਿਸਤਾਨ 'ਤੇ ਹਮਲਾ ਬੋਲ ਰਹੇ ਹਨ।