ਬਾਬੇ ਨਾਨਕ ਦੇ ਖੇਤਾਂ ਨੂੰ ਬਚਾਉਣ ਲਈ ਇਸ ਪਾਕਿ ਔਰਤ ਨੇ ਦਿਤਾ ਇਹ ਬਿਆਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਸ਼੍ਰੀ ਕਰਤਾਪੁਰ ਸਾਹਿਬ ਦੇ ਦਰਸ਼ਨਾਂ ਲਈ ਉਸਾਰੀ ਅਧੀਨ ਲਾਂਘੇ ਦਾ ਜੰਗੀ ਪੱਧਰ 'ਤੇ ਕੰਮ ਚੱਲ ਰਿਹਾ....

Pakistani Momina Waheed assembly member

ਕਰਤਾਰਪੁਰ ਸਾਹਿਬ : ਸ਼੍ਰੀ ਕਰਤਾਪੁਰ ਸਾਹਿਬ ਦੇ ਦਰਸ਼ਨਾਂ ਲਈ ਉਸਾਰੀ ਅਧੀਨ ਲਾਂਘੇ ਦਾ ਜੰਗੀ ਪੱਧਰ 'ਤੇ ਕੰਮ ਚੱਲ ਰਿਹਾ ਹੈ। ਉਥੇ ਹੀ ਕਰਤਾਰਪੁਰ ਸਾਹਿਬ ਦੇ ਆਲੇ ਦੁਆਲੇ ਵੀ ਵਿਕਾਸ ਕੀਤੇ ਜਾਣ ਦੀ ਤਜਵੀਜ਼ ਪੇਸ਼ ਕੀਤੀ ਜਾ ਚੁੱਕੀ ਹੈ। ਪੰਜਾਬ ਕੈਬਨਿਟ ਮੰਤਰੀ ਨਵਜੋਤ ਸਿੱਧੂ ਵਲੋਂ ਬੀਤੇ ਮਹੀਨੇ ਅਪਣੇ ਦੋਸਤ ਇਮਰਾਨ ਖ਼ਾਨ ਨੂੰ ਚਿੱਠੀ ਲਿਖੀ ਗਈ ਸੀ ਜਿਸ 'ਚ ਉਨ੍ਹਾਂ ਵਲੋਂ ਮੰਗ ਕੀਤੀ ਗਈ ਸੀ ਕਿ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ ਖੇਤਾਂ 'ਚ ਵਿਕਾਸ ਦੇ ਨਾਮ 'ਤੇ ਛੇੜਛਾੜ ਨਾ ਕੀਤੀ ਜਾਵੇ ਤਾਂ ਜੋ ਕਰਤਾਰਪੁਰ ਸਾਹਿਬ ਜਾਂਦਿਆਂ ਹੀ ਹਰ ਨਾਨਕ ਨਾਮ ਬਾਬੇ ਨਾਨਕ ਨੂੰ ਉਸ ਮਿੱਟੀ 'ਚੋਂ ਮਹਿਸੂਸ ਕਰ ਸਕਣ।

ਸਿੱਧੂ ਦੀ ਮੰਗ ਤੋਂ ਬਾਅਦ ਹੁਣ ਇਮਰਾਨ ਸਰਕਾਰ ਦੀ ਸਿਆਲਕੋਟ ਤੋਂ ਇਕ ਔਰਤ ਅਸੈਂਬਲੀ ਮੈਂਬਰ ਮੋਮਿਨਾ ਵਹੀਦ ਨੇ ਵੀ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਆਲੇ ਦੁਆਲੇ ਵਾਲੀ ਜ਼ਮੀਨ 'ਤੇ 'ਨੋ ਕੰਸਟਰਕਸ਼ਨ ਜ਼ੋਨ' ਘੋਸ਼ਿਤ ਕਰਨ ਲਈ ਮਤਾ ਪੇਸ਼ ਕੀਤਾ ਹੈ। ਜਿਸ 'ਤੇ ਅਗਲੇ ਇਜਲਾਸ ਦੌਰਾਨ ਬਹਿਸ ਹੋਣ ਦੀ ਸੰਭਾਵਨਾ ਹੈ। ਮੋਮਿਨਾ ਵਹੀਦ ਦਾ ਕਹਿਣਾ ਹੈ ਕਿ ਕਰਤਾਰਪੁਰ ਸਾਹਿਬ ਗਲਿਆਰੇ ਲਈ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਆਲੇ-ਦੁਆਲੇ ਵੱਡੇ ਪੱਧਰ ਉਤੇ ਉਸਾਰੀ ਕੀਤੇ ਜਾਣ ਦੀ ਤਜਵੀਜ਼ ਹੈ। ਜਿਸ ਨਾਲ ਗੁਰੂ ਨਾਨਕ ਦੇਵ ਜੀ ਦੇ ਵਿਰਾਸਤੀ ਖੇਤ ਪ੍ਰਭਾਵਿਤ ਹੋਣਗੇ।

ਉਨ੍ਹਾਂ ਮੰਗ ਕੀਤੀ ਹੈ ਕਿ ਇਹ ਉਸਾਰੀ ਗੁਰੂ ਨਾਨਕ ਦੇ ਖੇਤਾਂ ਤੋਂ ਦੂਰ ਕਰਵਾਈ ਜਾਵੇ। ਉਥੇ ਹੀ ਅਸੈਂਬਲੀ ਮੈਂਬਰ ਮੋਮਿਨਾ ਵਹੀਦ ਨੇ ਇਹ ਵੀ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਜਿਥੇ 18 ਸਾਲਾਂ ਤਕ ਆਪ ਹਲ ਵਾਹ ਕੇ ਅਨਾਜ਼ ਪੈਦਾ ਕੀਤਾ ਸੀ, ਉਥੇ ਅੱਜ ਵੀ ਅਨਾਜ਼ ਪੈਦਾ ਕੀਤਾ ਜਾਵੇ ਅਤੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਉਥੇ ਉਗਾਈਆਂ ਫ਼ਸਲਾਂ ਤੇ ਅਨਾਜ਼ ਦਾ ਲੰਗਰ ਛਕਾਇਆ ਜਾਵੇ। ਦੱਸ ਦਈਏ ਕਿ ਪਾਕਿਸਤਾਨ ਵਿਚ ਕਰਤਾਰਪੂਰ ਲਾਂਘੇ ਦਾ 40 ਫੀਸਦੀ ਕੰਮ ਮੁਕੰਮਲ ਹੋ ਗਿਆ ਹੈ। ਛੇਤੀ ਤੋਂ ਛੇਤੀ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਸ਼ਰਧਾਲੂ ਇਸ ਗੁਰਦੁਆਰੇ ਦੇ ਦਰਸ਼ਨ ਕਰ ਸਕਣ।