ਕਰਤਾਰਪੁਰ ਸਾਹਿਬ ਲਾਂਘੇ ਦੇ ਨਿਰਮਾਣ ਲਈ ਸਰਕਾਰ ਵਲੋਂ ਲਿਆਂਦੀ ਤੇਜ਼ੀ
ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਡੇਰਾ ਬਾਬਾ ਨਾਨਕ ਤੋਂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ...
ਕਲਾਨੌਰ, 19 ਜਨਵਰੀ (ਗੁਰਦੇਵ ਸਿੰਘ ਰਜਾਦਾ) : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਡੇਰਾ ਬਾਬਾ ਨਾਨਕ ਤੋਂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਲਈ ਲਾਂਘਾ ਖੋਲ੍ਹਣ ਸਬੰਧੀ ਭਾਰਤ ਸਰਕਾਰ ਵਲੋਂ ਲਏ ਫ਼ੈਸਲੇ ਤੋਂ ਬਾਅਦ ਲਾਂਘੇ ਦੇ ਨਿਰਮਾਣ ਸਬੰਧੀ ਤੇ ਨੈਸ਼ਨਲ ਹਾਈਵੇ ਅਥਾਰਟੀ ਕੇਂਦਰ ਸਰਕਾਰ ਪੰਜਾਬ ਸਰਕਾਰ ਤੋਂ ਇਲਾਵਾ ਗ੍ਰਹਿ ਮੰਤਰਾਲੇ ਵਲੋਂ ਤੇਜ਼ੀ ਲਿਆਂਦੀ ਗਈ ਹੈ।
ਜਿਸ ਤਹਿਤ ਬੀਐਸਐਫ ਦੇ ਆਈਜੀ ਮਾਹੀਪਾਲ ਯਾਦਵ ਫਰੰਟੀਅਰ ਜਲੰਧਰ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਸੁਰੱਖਿਆ ਸਬੰਧੀ ਰਿਹਾਇਸ਼ ਬਣਾਉਣ ਲਈ ਕਸਬਾ ਕਲਾਨੌਰ ਦੇ ਜੀਓ ਜਲਾਈ, ਡੇਰਾ ਪਠਾਣਾ ਅਤੇ ਸ਼ਿਕਾਰ ਮਾਛੀਆਂ ਸਥਿਤ ਕੰਪਲੈਕਸ ਬਣਾਉਣ ਦੇ ਮੱਦੇਨਜ਼ਰ ਜ਼ਮੀਨ ਵੇਖੀ ਗਈ। ਦੱਸਣਯੋਗ ਹੈ ਕਿ ਕਸਬਾਡੇਰਾ ਬਾਬਾ ਨਾਨਕ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅੰਗ ਬਸਤਰ ਚੋਲਾ ਸਾਵੀ ਬਿਰਾਜਮਾਨ ਹਨ ਅਤੇ ਡੇਰਾ ਬਾਬਾ ਨਾਨਕ ਤੋਂ ਕਰੀਬ ਤਿੰਨ ਕਿਲੋਮੀਟਰ ਦੂਰੀ ਤੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਬਿਰਾਜਮਾਨ ਹਨ।
ਜਿੱਥੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਖੇਤੀਬਾੜੀ ਕਰਕੇ ਹੱਥੀਂ ਕਿਰਤ ਅਤੇ ਨਾਮ ਜਪਣ ਦਾ ਉਪਦੇਸ਼ ਦਿਤਾ ਸੀ ਅਤੇ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਏ ਸਨ। ਇਹ ਲਾਂਘਾ ਖੋਲ੍ਹਣ ਸਬੰਧੀ ਪਿਛਲੇ ਦਿਨੀਂ ਭਾਰਤ ਦੇ ਉਪ ਰਾਸ਼ਟਰਪਤੀ ਵਲੋਂ ਨੀਂਹ ਪੱਥਰ ਰੱਖ ਕੇ ਇਸ ਲਾਂਘੇ ਦੀ ਸ਼ੁਰੂਆਤ ਕੀਤੀ ਗਈ ਸੀ।
ਡੇਰਾ ਬਾਬਾ ਨਾਨਕ ਤੋਂ ਸ੍ਰੀ ਕਰਤਾਰਪੁਰ ਸਾਹਿਬ ਜੀ ਨੂੰ ਖੁੱਲ੍ਹ ਰਹੇ ਲਾਂਘੇ ਸਬੰਧੀ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਗੁਰਦਾਸਪੁਰ ਰਮਦਾਸ ਹਾਈਵੇ 354 ਤੋਂ ਕਰੀਬ 3.80 ਕਿਲੋਮੀਟਰ ਮਾਰਗ ਬਣਾਉਣ ਲਈ ਨੈਸ਼ਨਲ ਹਾਈਵੇ ਅਥਾਰਟੀ ਵਲੋਂ 200 ਫੁੱਟ ਸੜਕ ਬਣਾਉਣ ਦੇ ਮੱਦੇਨਜ਼ਰ ਕਿਸਾਨਾਂ ਦੀ ਜ਼ਮੀਨ ਅਕਵਾਇਰ ਕਰਨ ਸਬੰਧੀ ਰਿਪੋਰਟ ਤਿਆਰ ਕਰਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਭੇਜ ਦਿਤੀ ਹੈ।
ਇਸ ਤੋਂ ਇਲਾਵਾ ਕਰਤਾਰਪੁਰ ਸਾਹਿਬ ਲਾਂਘੇ ਦੇ ਰਸਤੇ ਦੇ ਨਿਰਮਾਣ ਤੋਂ ਇਲਾਵਾ ਇਮੀਗ੍ਰੇਸ਼ਨ ਦਫ਼ਤਰ, ਕਸਟਮ ਦਫ਼ਤਰ ਅਤੇ ਬੀਐਸਐਫ ਚੈੱਕ ਪੋਸਟ ਬਣਾਉਣ ਲਈ ਵੀ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਜਿੱਥੇ ਬੀਐਸਐਫ ਦੇ ਆਈਜੀ ਮਾਹੀਪਾਲ ਯਾਦਵ ਨੇ ਪੱਤਰਕਾਰਾਂ ਨਾਲਗੱਲਬਾਤ ਕਰਨ ਤੋਂ ਚੁੱਪੀ ਧਾਰੀ ਰੱਖੀ ਉੱਥੇਡੇਰਾ ਬਾਬਾ ਨਾਨਕ ਸਬ ਡਿਵੀਜ਼ਨ ਦੇ ਐੱਸਡੀਐਮ ਅਸ਼ੋਕ ਕੁਮਾਰ ਸ਼ਰਮਾ ਨੇ ਦਸਿਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੇ ਇਸ ਯੋਗ ਨਾਲ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਰਸਤੇ ਸਬੰਧੀ ਨੈਸ਼ਨਲ ਹਾਈਵੇ ਅਥਾਰਟੀ ਵਲੋਂ ਕਰਤਾਰਪੁਰ ਸਾਹਿਬ ਨੂੰ ਜਾਣ ਵਾਲੀ ਸੜਕ ਬਣਾਉਣ ਦਾ ਨਕਸ਼ਾ ਅਤੇ ਹੋਰ ਰਿਪੋਰਟ ਤਿਆਰ ਕਰਕੇ ਭੇਜ ਦਿਤੀ ਹੈ।