ਸੀਰੀਆ ਵਿਚ ਕਾਰ ਬੰਬ ਧਮਾਕਾ, 19 ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਏਜ਼ਾਜ਼ ਸ਼ਹਿਰ ਵਿਚ ਮਸਜਿਦ ਦੇ ਨੇੜੇ ਹੋਇਆ ਧਮਾਕਾ

19 killed by car bomb in Syria's Azaz

ਬੇਰੂਤ : ਸੀਰੀਆ ਵਿਚ ਬਾਗ਼ੀਆਂ ਦੇ ਕੰਟਰੋਲ ਵਾਲੇ ਏਜ਼ਾਜ਼ ਸ਼ਹਿਰ ਵਿਚ ਭੀੜ ਵਾਲੇ ਬਾਜ਼ਾਰ ਅਤੇ ਇਕ ਮਸਜਿਦ ਦੇ ਨੇੜੇ ਕੀਤੇ ਗਏ ਕਾਰ ਬੰਬ ਧਮਾਕੇ ਵਿਚ ਲਗਭਗ 19 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਬਰਤਾਨੀਆ ਦੇ ਸੰਸਥਾ ਸੀਰੀਅਨ ਆਬਜ਼ਰਵੇਟਰੀ ਫ਼ਾਰ ਹਿਊਮਨ ਰਾਈਟਸ ਨੇ ਕਿਹਾ ਹੈ ਕਿ ਅਲੇਪੋ ਸੂਬੇ ਵਿਚ ਤੁਰਕੀ ਦੇ ਅਸਰ ਵਾਲੇ ਏਜ਼ਾਜ਼ ਖੇਤਰ ਵਿਤ ਹੋਏ ਇਸ ਹਮਲੇ ਵਿਚ ਚਾਰ ਬੱਚੇ ਵੀ ਮਾਰੇ ਗਏ ਹਨ ਅਤੇ 20 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ।

ਇਹ ਧਮਾਕਾ ਉਸ ਸਮੇਂ ਹੋਇਆ ਜਦ ਸ਼ਾਮ ਦੀ ਨਮਾਜ਼ ਤੋਂ ਬਾਅਦ ਵੱਡੀ ਗਿਣਤੀ ਵਿਚ ਲੋਕ ਮਸਜਿਦ ਤੋਂ ਬਾਹਰ ਆ ਰਹੇ ਸਨ। ਇਕ ਅਧਿਕਾਰੀ ਨੇ ਦਸਿਆ ਕਿ ਇਸ ਧਮਾਕੇ ਵਿਚ ਉਹ ਲੋਕ ਵੀ ਜ਼ਖ਼ਮੀ ਹੋਏ ਹਨ ਜੋ ਬਾਜ਼ਾਰ ਵਿਚ ਈਦ ਲਈ ਖ਼ਰੀਦਦਾਰੀ ਕਰ ਰਹੇ ਸਨ। ਹਸਪਤਾਲ ਦੇ ਇਕ ਅਧਿਕਾਰੀ ਨੇ ਦਸਿਆ ਕਿ ਧਮਾਕੇ ਵਿਚ ਮਾਰੇ ਗਏ ਵਿਅਕਤੀਆਂ ਅਤੇ ਜ਼ਖ਼ਮੀਆਂ ਦੇ ਰਿਸ਼ਤੇਦਾਰਾਂ ਨਾਲ ਹਸਪਤਾਲ ਪੂਰੀ ਤਰ੍ਹਾਂ ਭਰਿਆ ਹੋਇਆ ਹੈ। ਐਮਰਜੈਂਸੀ ਕਮਰੇ ਵੀ ਪੂਰੀ ਤਰ੍ਹਾਂ ਭਰੇ ਹੋਏ ਹਨ ਜਿਸ ਕਾਰਨ ਲਾਸ਼ਾਂ ਨੂੰ ਜ਼ਮੀਨ 'ਤੇ ਰਖਣਾ ਪਿਆ ਹੈ। ਹਾਲੇ ਤਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਸ ਹਮਲੇ ਦੇ ਪਿੱਛੇ ਕਿਸ ਦਾ ਹੱਥ ਹੈ। 

ਇਦਲਿਬ ਵਿਚ ਬੰਦ ਹੋਣ ਹਮਲੇ: ਟਰੰਪ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਟ ਟਰੰਪ ਨੇ ਸੀਰੀਆ ਅਤੇ ਰੂਸ ਨੂੰ ਕਿਹਾ ਹੈ ਕਿ ਉਹ ਜੇਹਾਦੀਆਂ ਦੇ ਗੜ੍ਹ ਇਦਲਿਬ ਵਿਚ ਹਮਲੇ ਬੰਦ ਕੀਤੇ ਜਾਣ। ਟਵੀਟ ਕਰ ਕੇ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਰੂਸ, ਸੀਰੀਆ ਅਤੇ ਕੁੱਝ ਹੱਦ ਤਕ ਈਰਾਨ ਸੀਰੀਆ ਦੇ ਇਦਲਿਬ ਵਿਚ ਲਗਾਤਾਰ ਹਮਲੇ ਕਰ ਕੇ ਨਿਰਦੋਸ਼ ਲੋਕਾਂ ਦੀ ਹਤਿਆ ਕਰ ਰਹੇ ਹਨ। ਸਾਰੀ ਦੁਨੀਆਂ ਇਸ ਕਤਲੇਆਮ ਨੂੰ ਵੇਖ ਰਹੀ ਹੈ। ਇਸ ਹਮਲੇ ਦਾ ਕਾਰਨ ਕੀ ਹੈ ਅਤੇ ਇਸ ਨੂੰ ਕੀ ਮਿਲੇਗਾ? ਇਨ੍ਹਾਂ ਹਮਲਿਆਂ ਨੂੰ ਬੰਦ ਕੀਤਾ ਜਾਵੇ।