ਭਾਰਤ ਨਾਲ ਜੁੜੇ ਸ੍ਰੀਲੰਕਾ ਬੰਬ ਧਮਾਕੇ ਦੇ ਤਾਰ ; ਕੇਰਲ ਤੋਂ 2 ਨੌਜਵਾਨ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਈਸਟਰ ਮੌਕੇ 8 ਲੜੀਵਾਰ ਬੰਬ ਧਮਾਕਿਆਂ 'ਚ 253 ਲੋਕਾਂ ਦੀ ਹੋਈ ਸੀ ਮੌਤ

NIA detained two suspect boy from Kerala Kasaragod in Sri Lanka bombing case

ਨਵੀਂ ਦਿੱਲੀ : ਸ੍ਰੀਲੰਕਾ 'ਚ ਈਸਟਰ ਦੇ ਮੌਕੇ ਹੋਏ ਬੰਬ ਧਮਾਕੇ ਦੇ ਤਾਰ ਹੁਣ ਭਾਰਤ ਨਾਲ ਜੁੜਨ ਲੱਗੇ ਹਨ। ਇਸ ਸਬੰਧ 'ਚ ਭਾਰਤੀ ਜਾਂਚ ਏਜੰਸੀ ਨੇ ਦੋ ਨੌਜਵਾਨਾਂ ਨੂੰ ਹਿਰਾਸਤ 'ਚ ਲੈ ਲਿਆ ਹੈ। ਫਿਲਹਾਲ ਇਨ੍ਹਾਂ ਤੋਂ ਪੁਛਗਿਛ ਚੱਲ ਰਹੀ ਹੈ। ਦੋਹਾਂ ਨੌਜਵਾਨਾਂ ਨੂੰ ਕਾਸਰਗੋਡ ਜ਼ਿਲ੍ਹੇ ਤੋਂ ਹਿਰਾਸਤ 'ਚ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਇਲਾਕਾ ਪਹਿਲਾਂ ਵੀ ਚਰਚਾਵਾਂ 'ਚ ਰਿਹਾ ਹੈ। ਉਦੋਂ ਖ਼ਬਰਾਂ ਆਈਆਂ ਸਨ ਕਿ ਇਥੋਂ ਦੇ ਕਾਫ਼ੀ ਨੌਜਵਾਨ ਅਤਿਵਾਦੀ ਸੰਗਠਨ ਆਈ.ਐਸ. ਤੋਂ ਪ੍ਰਭਾਵਤ ਹੋ ਕੇ ਉਸ 'ਚ ਸ਼ਾਮਲ ਹੋਣ ਲਈ ਅਫ਼ਗ਼ਾਨਿਸਤਾਨ ਚਲੇ ਗਏ ਹਨ।

ਤਾਜ਼ਾ ਜਾਣਕਾਰੀ ਮੁਤਾਬਕ ਜਿਹੜੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਨ੍ਹਾਂ ਦਾ ਸਿੱਧਾ ਸੰਪਰਕ ਸ੍ਰੀਲੰਕਾ ਬੰਬ ਧਮਾਕੇ ਦੇ ਮੁੱਖ ਸਾਜ਼ਸ਼ਕਰਤਾ ਜਹਰਾਨ ਹਾਸ਼ਿਮ ਨਾਲ ਹੈ। ਫ਼ਿਲਹਾਲ ਉਨ੍ਹਾਂ ਤੋਂ ਐਨ.ਆਈ.ਏ. ਦੇ ਹੈਡ ਕੁਆਰਟਰ 'ਚ ਪੁੱਛਗਿੱਛ ਚੱਲ ਰਹੀ ਹੈ। ਜ਼ਿਕਰਯੋਗ ਹੈ ਕਿ ਸ੍ਰੀਲੰਕਾ ਦੇ ਕੋਲੰਬੋ 'ਚ ਈਸਟਰ ਮੌਕੇ 8 ਲੜੀਵਾਰ ਬੰਬ ਧਮਾਕੇ ਹੋਏ ਸਨ। ਚਰਚ ਅਤੇ ਵੱਡੇ ਹੋਟਲਾਂ 'ਚ ਹੋਏ ਇਨ੍ਹਾਂ ਧਮਾਕਿਆਂ 'ਚ 253 ਲੋਕਾਂ ਦੀ ਜਾਨ ਚਲੀ ਗਈ ਸੀ। ਇਹ ਸ੍ਰੀਲੰਕਾ ਦੇ ਇਤਿਹਾਸ ਦਾ ਹੁਣ ਤਕ ਦਾ ਸਭ ਤੋਂ ਵੱਡਾ ਅਤਿਵਾਦੀ ਹਮਲਾ ਸੀ।

ਇਸ ਸਬੰਧ 'ਚ ਹੁਣ ਤਕ 106 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਨਾਲ ਹੀ ਇਸਲਾਮਿਕ ਸਟੇਟ ਨੇ ਦਾਅਵਾ ਕੀਤਾ ਹੈ ਕਿ ਪੂਰਬੀ ਸੂਬੇ 'ਚ ਇਸ ਛਾਪੇਮਾਰੀ ਦੌਰਾਨ ਖ਼ੁਦ ਨੂੰ ਬੰਬ ਨਾਲ ਉਡਾਉਣ ਵਾਲੇ 3 ਅਤਿਵਾਦੀ ਉਸ ਦੇ ਮੈਂਬਰ ਸਨ। ਗ੍ਰਿਫ਼ਤਾਰ ਸ਼ੱਕੀਆਂ 'ਚ ਇਕ ਤਾਮਿਲ ਮਿਡਲ ਸਕੂਲ ਦਾ ਅਧਿਆਪਕ ਵੀ ਸ਼ਾਮਲ ਹੈ। ਉਸ ਕੋਲੋਂ 50 ਸਿਮ ਕਾਰਡ ਅਤੇ ਹੋਰ ਸ਼ੱਕੀ ਸਮਗਰੀ ਬਰਾਮਦ ਕੀਤੀ ਗਈ ਹੈ।