ਰੂਸ ਵਲੋਂ ਪਲਟਵਾਰ ਕਰਨ ਦੇ ਸ਼ੱਕ ਕਾਰਨ ਨਾਟੋ ਨੇ ਤਿਆਰ ਕੀਤੀ ਫ਼ੌਜੀ ਯੋਜਨਾ

ਏਜੰਸੀ

ਖ਼ਬਰਾਂ, ਕੌਮਾਂਤਰੀ

30 ਦਿਨਾਂ ਅੰਦਰ ਤਿੰਨ ਲੱਖ ਨਾਟੋ ਫ਼ੌਜੀ ਤੈਨਾਤ ਕਰਨ ਦੀ ਯੋਜਨਾ

representational

ਬਰਸਲਜ਼: ਉੱਤਰੀ ਐਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਇਕ ਸਿਖਰਲੇ ਫ਼ੌਜੀ ਅਧਿਕਾਰੀ ਨੇ ਸੋਮਵਾਰ ਨੂੰ ਕਿਹਾ ਕਿ ਯੂਕਰੇਨ ’ਚ ਜਾਰੀ ਜੰਗ ’ਚ ਰੂਸ ਦੀਆਂ ਫ਼ੌਜਾਂ ਨੂੰ ਨੁਕਸਾਨ ਹੋ ਰਿਹਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਨ੍ਹਾਂ ਨੂੰ ਹਰਾ ਦਿਤਾ ਗਿਆ ਹੈ।ਨਾਟੋ ਅਧਿਕਾਰੀ ਨੇ ਸੀਤ ਯੁੱਧ ਤੋਂ ਬਾਅਦ ਜਥੇਬੰਦੀ ਦੀਆਂ ਫ਼ੌਜੀ ਯੋਜਨਾਵਾਂ ’ਚ ਸਭ ਤੋਂ ਵੱਡਾ ਫੇਰਬਦਲ ਪੇਸ਼ ਕੀਤਾ ਹੈ।

ਨਾਟੋ ਦੀ ਫ਼ੌਜੀ ਕਮੇਟੀ ਦੇ ਪ੍ਰਮੁੱਖ ਰੋਬ ਬਾਇਅਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਭਾਵੇਂ 11 ਫੁਟ ਲੰਮੇ ਨਹੀਂ ਹਨ ਪਰ ਉਹ ਯਕੀਨੀ ਤੌਰ ’ਤੇ 2 ਫੁਟ ਦੇ ਵੀ ਨਹੀਂ ਹਨ। ਉਨ੍ਹਾਂ ਕਿਹਾ, ‘‘ਇਸ ਕਾਰਨ ਰੂਸੀਆਂ ਅਤੇ ਪਲਟਵਾਰ ਕਰਨ ਦੀ ਉਨ੍ਹਾਂ ਦੀ ਸਮਰਥਾ ਨੂੰ ਘੱਟ ਨਹੀਂ ਮੰਨਿਆ ਜਾਣਾ ਚਾਹੀਦਾ।’’ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਅਤੇ ਉਨ੍ਹਾਂ ਦੇ ਨਾਟੋ ਹਮਰੁਤਬਾ ਲਿਥੁਆਨਿਆ ਦੀ ਰਾਜਧਾਨੀ ਵਿਨਿਅਸ ’ਚ ਅਗਲੇ ਹਫ਼ਤੇ ਹੋਣ ਵਾਲੇ ਸਿਖਰ ਸੰਮੇਲਨ ’ਚ ਗਠਜੋੜ ਦੀ ਯੋਜਨਾ ਪ੍ਰਣਾਲੀ ’ਚ ਵੱਡੇ ਫੇਰਬਦਲ ਨੂੰ ਲਾਗੂ ਕਰਨਗੇ।

ਇਹ ਵੀ ਪੜ੍ਹੋ: ਪੰਜਾਬ ਪੁਲਿਸ ਨੇ ਕਾਬੂ ਕੀਤਾ ਸ਼ਾਤਰ ਚੋਰ, ਨਾਂਅ ਬਦਲ ਕੇ ਮਾਰਦਾ ਸੀ ਲੱਖਾਂ ਰੁਪਏ ਦੀਆਂ ਠੱਗੀਆਂ 

ਕਾਲੇ ਸਾਗਰ ’ਚ ਲਗਭਗ 40 ਹਜ਼ਾਰ ਫ਼ੌਜੀ ਉੱਤਰ ’ਚ ਈਸਟੋਨੀਆ ਤੋਂ ਰੋਮਾਨੀਆ ਤਕ ਤੈਨਾਤ ਹਨ। ਇਸ ਇਲਾਕੇ ’ਚ ਲਗਭਗ 100 ਹਵਾਈ ਜਹਾਜ਼ ਰੋਜ਼ ਉਡਾਨ ਭਰਦੇ ਹਨ, ਅਤੇ 27 ਜੰਗੀ ਬੇੜੇ ਬਾਲਟਿਕ ਅਤੇ ਮੈਡੀਟੇਰੇਨੀਅਨ ਸਮੁੰਦਰਾਂ ’ਚ ਚਲ ਰਹੇ ਹਨ। ਹਾਲਾਂਕਿ ਇਹ ਗਿਣਤੀ ਵਧਣ ਵਾਲੀ ਹੈ। ਨਾਟੋ ਪ੍ਰਮਾਣੂ ਹਥਿਆਰਾਂ ਨਾਲ ਲੈਸ ਰੂਸ ਨਾਲ ਸਿੱਧਾ ਟਕਰਾਅ ਤੋਂ ਬਚਣ ਦੀ ਕੋਸ਼ਿਸ਼ ’ਚ ਹੈ। ਨਵੀਂ ਯੋਜਨਾ ਤਹਿਤ ਨਾਟੋ ਦਾ ਟੀਚਾ 30 ਦਿਨਾਂ ਅੰਦਰ ਤਿੰਨ ਲੱਖ ਫ਼ੌਜੀਆਂ ਨੂੰ ਅਪਣੇ ਪੂਰਬੀ ਹਿੱਸੇ ’ਚ ਜਾਣ ਲਈ ਤਿਆਰ ਕਰਨਾ ਹੈ।

ਬਾਇਅਰ ਨੇ ਕਿਹਾ ਕਿ ਨਾਟੋ ਦੀ ਨਵੀਂ ਯੋਜਨਾ ਰੂਸ ਵਲੋਂ 17 ਮਹੀਨੇ ਪੂਰਬੀ ਯੂਕਰੇਨ ’ਤੇ ਸ਼ੁਰੂ ਕੀਤੇ ਹਮਲੇ ਤੋਂ ਪਹਿਲਾਂ ਦੀ ਉਸ ਦੀ ਫ਼ੌਜ ਦੀ ਸਮਰਥਾ ’ਤੇ ਅਧਾਰਤ ਹੈ। ਉਨ੍ਹਾਂ ਕਿਹਾ ਕਿ ਰੂਸ ਦੀ ਥਲਸੈਨਾ ਕਮਜ਼ੋਰ ਹੋਈ ਹੈ, ਨਾ ਕਿ ਉਸ ਦੀ ਸਮੁੰਦਰੀ ਅਤੇ ਹਵਾਈ ਫ਼ੌਜ। ਬਾਇਅਰ ਨੇ ਕਿਹਾ ਕਿ ਰੂਸ ਦੀ 94 ਫ਼ੀ ਸਦੀ ਥਲਸੈਨਾ ਯੂਕਰੇਨ ਜੰਗ ’ਚ ਲੱਗੀ ਹੋਈ ਹੈ।