ਸਊਦੀ ਅਰਬ ਨਾਲ ਤਣਾਅ, ਓਪੇਕ ਤੋਂ ਬਾਹਰ ਨਿਕਲ ਜਾਵੇਗਾ ਕਤਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਤਰ ਹੁਣ ਗੈਸ ਉਤਪਾਦਨ ਵੱਲ ਉਚੇਚਾ ਧਿਆਨ ਦੇਣ ਜਾ ਰਿਹਾ ਹੈ, ਇਸ ਲਈ ਇਸ ਨੇ ਤੇਲ ਉਤਪਾਦਕਾਂ ਦਾ ਸੰਗਠਨ ਛੱਡਣ ਦਾ ਫੈਸਲਾ ਲਿਆ ਹੈ।

Qatar energy minister Saad al-Kaabi

ਨਵੀਂ ਦਿੱਲੀ, (ਪੀਟੀਆਈ ) : ਦੁਨੀਆ ਵਿਚ ਸੱਭ ਤੋਂ ਵੱਧ ਐਲਐਨਜੀ ਦਾ ਨਿਰਯਾਤ ਕਰਨ ਵਾਲਾ ਦੇਸ਼ ਕਤਰ ਅਗਲੇ ਸਾਲ ਤੇਲ ਉਤਪਾਦਕ ਦੇਸ਼ਾਂ ਦੇ ਸਮੂਹ ਓਪੇਕ ਤੋਂ ਬਾਹਰ ਨਿਕਲ ਜਾਵੇਗਾ। ਕਤਰ ਦੇ ਊਰਜਾ ਮੰਤਰੀ ਸਾਦ-ਅਲ-ਕਾਬੀ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕਤਰ ਹੁਣ ਗੈਸ ਉਤਪਾਦਨ ਵੱਲ ਉਚੇਚਾ ਧਿਆਨ ਦੇਣ ਜਾ ਰਿਹਾ ਹੈ, ਇਸ ਲਈ ਇਸ ਨੇ ਤੇਲ ਉਤਪਾਦਕਾਂ ਦਾ ਸੰਗਠਨ ਛੱਡਣ ਦਾ ਫੈਸਲਾ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਕਤਰ ਨੇ ਜਨਵਰੀ 2019 ਤੋਂ ਓਪੇਕ ਵਿਚ ਅਪਣੀ ਮੈਂਬਰਸ਼ਿਪ ਵਾਪਸ ਲੈਣ ਦਾ ਫੈਸਲਾ ਕੀਤਾ ਅਤੇ ਓਪੇਕ ਨੂੰ ਇਸ ਦੀ ਜਾਣਕਾਰੀ ਦੇ ਦਿਤੀ ਗਈ ਹੈ।

ਕਤਰ ਵੱਲੋਂ ਇਹ ਵੱਡਾ ਫੈਸਲਾ ਆਉਣ ਵਾਲੀ 6 ਦਸੰਬਰ ਨੂੰ ਹੋਣ ਵਾਲੀ ਓਪੇਕ ਦੇਸ਼ਾਂ ਦੀ ਬੈਠਕ ਤੋਂ ਠੀਕ ਪਹਿਲਾਂ ਲਿਆ ਗਿਆ ਹੈ। ਕਤਰ ਓਪੇਕ ਦੇ ਗਠਨ ਤੋਂ ਇਕ ਸਾਲ ਬਾਅਦ ਸਾਲ 1961 ਵਿਚ ਹੀ ਇਸ ਦਾ ਮੈਂਬਰ ਬਣ ਗਿਆ ਸੀ। ਉਹ ਓਪੇਕ ਦਾ ਮੈਂਬਰ ਬਣਨ ਵਾਲਾ ਪਹਿਲਾ ਦੇਸ਼ ਹੈ ਜਿਸ ਨੇ ਸੰਗਠਨ ਤੋਂ ਬਾਹਰ ਨਿਕਲਣ ਦਾ ਫੈਸਲਾ ਲਿਆ ਹੈ। ਕਤਰ ਸਊਦੀ ਅਰਬ, ਯੂਏਈ, ਬਿਹਰੀਨ ਅਤੇ ਮਿਸਰ ਜਿਹੇ ਗੁਆਂਢੀ ਦੇਸ਼ਾਂ ਨਾਲ ਰਾਜਨੀਤਕ ਸਬੰਧ ਲਗਾਤਾਰ ਵਿਗਾੜਦਾ ਜਾ ਰਿਹਾ ਹੈ। ਇਨ੍ਹਾਂ ਦੇਸ਼ਾਂ ਨੇ ਅਤਿਵਾਦ ਦਾ ਸਮਰਥਨ ਕਰਨ ਦੇ ਦੋਸ਼ ਵਿਚ ਕਤਰ 'ਤੇ ਪਿਛਲੇ ਜੂਨ ਤੋਂ ਹੀ ਵਪਾਰਕ

ਅਤੇ ਆਵਾਜਾਈ ਜਿਹੀਆਂ ਗਤੀਵਿਧੀਆਂ 'ਤੇ ਰੋਕ ਲਗਾ ਰੱਖੀ ਹੈ। ਹਾਲਾਂਕਿ ਕਤਰ ਦਾ ਕਹਿਣਾ ਹੈ ਕਿ ਇਹ ਫੈਸਲਾ ਕਿਸੇ ਰਾਜਨੀਤਕ ਦਬਾਅ ਵਿਚ ਨਹੀਂ ਲਿਆ ਗਿਆ। ਕਾਬੀ ਨੇ ਕਿਹਾ ਕਿ ਕਤਰ ਭਵਿੱਖ ਵਿਚ ਵੀ ਕੱਚੇ ਤੇਲ ਦਾ ਉਤਪਾਦਨ ਜਾਰੀ ਰੱਖੇਗਾ ਪਰ ਉਹ ਗੈਸ ਉਤਪਾਦਨ ਵੱਲ ਜਿਆਦਾ ਧਿਆਨ ਦੇਣ ਵਾਲਾ ਹੈ। ਕਾਬੀ ਨੇ ਕਿਹਾ ਕਿ ਓਪੇਕ ਨੂੰ ਐਲਾਨ ਤੋਂ ਪਹਿਲਾਂ ਹੀ ਇਸ ਫੈਸਲਾ ਬਾਰੇ ਸੂਚਿਤ ਕੀਤਾ ਜਾ ਚੁੱਕਾ ਹੈ। ਅਸੀਂ ਹੁਣ ਅਪਣੇ ਵਿਕਾਸ ਵੱਲ ਧਿਆਨ ਦੇਣਾ ਹੈ। ਕਤਰ ਵੱਡਾ ਹਿੱਸੇਦਾਰ ਨਾ ਹੁੰਦੇ ਹੋਏ ਵੀ ਮਹੱਤਵਪੂਰਨ ਹੈ। ਕਤਰ 6 ਲੱਖ ਬੈਰਲ ਪ੍ਰਤੀ ਦਿਨ ( ਬੀਡੀਪੀ ) ਦਾ ਉਤਪਾਦਨ ਕਰਦਾ ਹੈ।