ਜੋ ਕਸ਼ਮੀਰ ਸਮੱਸਿਆ ਨੂੰ ਸੁਲਝਾਏ, ਓਹੀ ਨੋਬਲ ਸ਼ਾਂਤੀ ਪੁਰਸਕਾਰ ਦਾ ਸਹੀ ਹੱਕਦਾਰ : ਇਮਰਾਨ ਖਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਨੋਬਲ ਸ਼ਾਂਤੀ ਪੁਰਸਕਾਰ ਲਈ ਉਹ ਖ਼ੁਦ ਨੂੰ ਕਾਬਿਲ ਨਹੀਂ ਮੰਨਦੇ...

Imran Khan

ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਨੋਬਲ ਸ਼ਾਂਤੀ ਪੁਰਸਕਾਰ ਲਈ ਉਹ ਖ਼ੁਦ ਨੂੰ ਕਾਬਿਲ ਨਹੀਂ ਮੰਨਦੇ। ਉਨ੍ਹਾਂ ਦਾ ਕਹਿਣਾ ਹੈ ਕਿ ਕਸ਼ਮੀਰ ਸਮੱਸਿਆ ਦਾ ਹੱਲ ਕੱਢਣ ਵਾਲੇ ਵਿਅਕਤੀ ਨੂੰ ਹੀ ਇਹ ਪੁਰਸਕਾਰ ਮਿਲਣਾ ਚਾਹੀਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਸਮੱਸਿਆ ਦਾ ਹੱਲ ਹੋਣ ਤੋਂ ਬਾਅਦ ਹੀ ਉਪਮਹਾਂਦੀਪ ਵਿਚ ਸ਼ਾਂਤੀ ਅਤੇ ਮਾਨਵੀ ਵਿਕਾਸ ਦਾ ਰਸਤਾ ਸਾਫ਼ ਹੋ ਸਕੇਗਾ।

ਪਾਕਿ ਮੀਡੀਆ ਵਲੋਂ ਕਿਹਾ ਗਿਆ ਹੈ ਕਿ ਭਾਰਤੀ ਪਾਇਲਟ ਅਭਿਨੰਦਨ ਵਰਧਮਾਨ ਨੂੰ ਰਿਹਾਅ ਕਰਨ ਤੋਂ ਬਾਅਦ ਪਾਕਿ ਦੇ ਲੋਕਾਂ ਨੇ ਸੋਸ਼ਲ ਮੀਡੀਆ ਉਤੇ ਅਭਿਆਨ ਚਲਾਇਆ ਹੈ। ਅਜੇ ਤੱਕ ਤਿੰਨ ਲੱਖ ਤੋਂ ਜ਼ਿਆਦਾ ਲੋਕਾਂ ਨੇ ਇਮਰਾਨ ਨੂੰ ਨੋਬਲ ਦਿਤੇ ਜਾਣ ਦੇ ਸਮਰਥਨ ਵਿਚ ਹਸਤਾਖਰ ਕੀਤੇ ਹਨ। ਇਸ ਤੋਂ ਪਹਿਲਾਂ ਵੀਰਵਾਰ ਨੂੰ ਸੰਸਦ ਦੇ ਸੰਯੁਕਤ ਸੈਸ਼ਨ ਵਿਚ ਇਮਰਾਨ ਨੇ ਕਿਹਾ ਸੀ ਕਿ ਅਭਿਨੰਦਨ ਦੀ ਰਿਹਾਈ ਸ਼ਾਂਤੀ ਵੱਲ ਨੂੰ ਉਨ੍ਹਾਂ ਦਾ ਇਕ ਕਦਮ ਹੈ।

ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਇਮਰਾਨ ਨੂੰ ਨੋਬਲ ਪੁਰਸਕਾਰ ਦੇਣ ਦਾ ਪ੍ਰਸਤਾਵ ਸੰਸਦ ਦੇ ਸਕੱਤਰੇਤ ਵਿਚ ਪੇਸ਼ ਕੀਤਾ। ਇਸ ਵਿਚ ਕਿਹਾ ਗਿਆ ਹੈ ਕਿ ਭਾਰਤ ਦੇ ਗੁੱਸੇ ਵਾਲੇ ਰੁਖ਼ ਦੇ ਚਲਦੇ ਦੋ ਪਰਮਾਣੂ ਤਾਕਤ ਸੰਪੰਨ ਰਾਸ਼ਟਰਾਂ ਦੇ ਵਿਚ ਜੰਗ ਦੀ ਸਥਿਤੀ ਬਣ ਗਈ ਸੀ ਪਰ ਇਮਰਾਨ ਨੇ ਸ਼ਾਂਤੀ ਕਾਇਮ ਰੱਖਣ ਲਈ ਚੰਗਾ ਕੰਮ ਕੀਤਾ। ਪ੍ਰਸਤਾਵ ਵਿਚ ਕਿਹਾ ਗਿਆ ਹੈ ਕਿ ਸ਼ਾਂਤੀ ਲਈ ਕੀਤੀਆਂ ਗਈਆਂ ਇਮਰਾਨ ਦੀਆਂ ਕੋਸ਼ਿਸ਼ਾਂ ਲਈ ਸ਼ਾਬਾਸ਼ੀ ਦਿਤੀ ਜਾਣੀ ਚਾਹੀਦੀ ਹੈ।

ਇਸ ਦੇ ਲਈ ਸਭ ਤੋਂ ਉੱਤਮ ਰਹੇਗਾ ਕਿ ਉਨ੍ਹਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਨਾਲ ਨਵਾਜਿਆ ਜਾਵੇ। ਪਾਕਿਸਤਾਨ ਪੀਪਲਸ ਪਾਰਟੀ (ਪੀਪੀਪੀ) ਦੇ ਸੀਨੀਅਰ ਨੇਤਾ ਸਈਦ ਖੁਰਸ਼ੀਦ ਸ਼ਾਹ ਨੇ ਦੁੱਖ ਜਤਾਇਆ ਹੈ ਕਿ ਉਪਮਹਾਦੀਪ ਵਿਚ ਅਜੇ ਵੀ ਜੰਗ ਦੇ ਹਾਲਾਤ ਬਣੇ ਹੋਏ ਹਨ ਅਤੇ ਸੱਤਾਧਾਰੀ ਪਾਰਟੀ ਦੇ ਨੇਤਾ ਇਮਰਾਨ ਨੂੰ ਨੋਬਲ ਪੁਰਸਕਾਰ ਦੇਣ ਦਾ ਅਭਿਆਨ ਚਲਾ ਰਹੇ ਹਨ। ਉਨ੍ਹਾਂ ਨੇ ਅਭਿਨੰਦਨ ਨੂੰ ਰਿਹਾਅ ਕਰਨ ਦੀ ਟਾਈਮਿੰਗ ਉਤੇ ਵੀ ਸਵਾਲ ਚੁੱਕੇ ਹਨ।

ਸ਼ਾਹ ਨੇ ਕਿਹਾ ਕਿ ਇਸ ਮੁਸ਼ਕਿਲ ਸਮੇਂ ਵਿਚ ਵਿਰੋਧੀ ਪੱਖ ਨੇ ਸਰਕਾਰ ਨੂੰ ਪੂਰਾ ਸਹਿਯੋਗ ਦਿਤਾ ਪਰ ਇਮਰਾਨ ਵਿਰੋਧੀ ਸੰਸਦਾਂ ਨੂੰ ਮਿਲੇ ਵੀ ਨਹੀਂ। ਉਨ੍ਹਾਂ ਦਾ ਕਹਿਣਾ ਸੀ ਕਿ ਜਿਸ ਪ੍ਰਧਾਨ ਮੰਤਰੀ ਨੂੰ ਨੋਬਲ ਪੁਰਸਕਾਰ ਦੇਣ ਲਈ ਅਭਿਆਨ ਚਲਾਇਆ ਜਾ ਰਿਹਾ ਹੈ ਉਹ ਵਿਰੋਧੀ ਸੰਸਦਾਂ ਨਾਲ ਗੱਲ ਵੀ ਨਹੀਂ ਕਰਦੇ।