ਅਮਰੀਕਾ: ਫ਼ਿਲਾਡੈਲਫ਼ੀਆ ’ਚ ਗੋਲੀਬਾਰੀ ਦੌਰਾਨ ਚਾਰ ਦੀ ਮੌਤ, ਸ਼ੱਕੀ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਇਸ ਸਾਲ ਅਮਰੀਕਾ ’ਚ ਸਮੂਹਕ ਗੋਲੀਬਾਰੀ ਦੀ ਇਹ 29ਵੀਂ ਘਟਨਾ

representative

ਫ਼ਿਲਾਡੇਲਫ਼ੀਆ (ਅਮਰੀਕਾ): ਅਮਰੀਕਾ ਦੇ ਫਿਲਾਡੇਲਫ਼ੀਆ ਸ਼ਹਿਰ ’ਚ ਸੋਮਵਾਰ ਰਾਤ ਨੂੰ ‘ਬੁਲੇਟਪਰੂਫ਼ ਜੈਕੇਟ’ ਪਾਈ ਇਕ ਬੰਦੂਕਧਾਰੀ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਜਿਸ ’ਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ।ਪੁਲਿਸ ਨੇ ਦਸਿਆ ਕਿ ਅਜਿਹਾ ਲਗਦਾ ਹੈ ਕਿ ਹਮਲਾਵਰ ਨੇ ਰਾਹ ਤੁਰਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਅਤੇ ਪੀੜਤਾਂ ਤੇ ਬੰਦੂਕਧਾਰੀ ਵਿਚਕਾਰ ਫਿਲਹਾਲ ਕਿਸੇ ਤਰ੍ਹਾਂ ਦੇ ਸਬੰਧ ਦਾ ਪਤਾ ਨਹੀਂ ਲਗਿਆ ਹੈ।

ਪੁਲਿਸ ਕਮਿਸ਼ਨਰ ਡੇਨੀਅਲ ਆਊਟਲਾ ਨੇ ਕਿਹਾ ਕਿ ਇਹ ਗੋਲੀਬਾਰੀ ਕਿੰਗਸੇਸਿੰਗ ਸ਼ਹਿਰ ਦੀਆਂ ਕੁਝ ਗਲੀਆਂ ’ਚ ਹੋਈ। ਅਧਿਕਾਰੀਆਂ ਨੇ ਸ਼ੱਕੀ ਦਾ ਪਿੱਛਾ ਕੀਤਾ ਅਤੇ ਆਤਮਸਮਰਪਣ ਕਰਨ ਤੋਂ ਬਾਅਦ ਉਸ ਨੂੰ ਇਕ ਗਲੀ ’ਚੋਂ ਗ੍ਰਿਫ਼ਤਾਰ ਕਰ ਲਿਆ ਗਿਆ।ਆਊਟਲਾ ਨੇ ਕਿਹਾ, ‘‘ਅਜੇ ਸਾਨੂੰ ਸਿਰਫ਼ ਏਨਾ ਪਤਾ ਹੈ ਕਿ ਇਹ ਵਿਅਕਤੀ ਅਪਣੇ ਘਰ ’ਚੋਂ ਨਿਕਲਿਆ ਅਤੇ ਉਸ ਨੇ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿਤਾ।

ਇਹ ਵੀ ਪੜ੍ਹੋ:  ਸ਼ਾਹਰੁਖ ਖ਼ਾਨ ਨਾਲ ਫ਼ਿਲਮ ਦੀ ਸ਼ੂਟਿੰਗ ਦੌਰਾਨ ਵਾਪਰਿਆ ਹਾਦਸਾ 

ਉਨ੍ਹਾਂ ਕਿਹਾ ਕਿ ਸ਼ੱਕੀ ਨੇ ‘ਬੁਲੇਟ ਪਰੂਫ਼ ਜੈਕੇਟ’ ਪਾਈ ਹੋਈ ਸੀ, ਉਸ ਕੋਲੋਂ ਕਈ ਮੈਗਜ਼ੀਨ, ਇਕ ‘ਏ.ਆਰ.-ਟਾਈਪ ਰਾਇਫ਼ਲ’ ਇਕ ਹੈਂਡਗਨ ਅਤੇ ਇਕ ਪੁਲਿਸ ਸਕੈਨਰ ਸੀ। ਪੁਲਿਸ ਅਧਿਕਾਰੀਆਂ ਨੂੰ ਕਿੰਗਸੇਸਿੰਗ ਸ਼ਹਿਰ ’ਚ ਗੋਲੀਆਂ ਚੱਲਣ ਦੀ ਸੂਚਨਾ ਮਿਲਣ ਤੋਂ ਬਾਅਦ ਇਲਾਕੇ ’ਚ ਭੇਜਿਆ ਗਿਆ। ਪੁਲਿਸ ਮੁਲਾਜ਼ਮ ਗੋਲੀਆਂ ਲੱਗਣ ਨਾਲ ਜ਼ਖ਼ਮੀ ਲੋਕਾਂ ਨੂੰ ਮਿਲੇ ਅਤੇ ਜਦੋਂ ਉਹ ਉਨ੍ਹਾਂ ਨੂੰ ਹਸਪਤਾਲ ਪਹੁੰਚਾ ਰਹੇ ਸਨ ਤਾਂ ਉਨ੍ਹਾਂ ਨੇ ਹੋਰ ਗੋਲੀਆਂ ਚੱਲਣ ਦੀ ਆਵਾਜ਼ ਸੁਣੀ।

ਸ਼ੱਕੀ ਹਮਲਾਵਰ ਦੀ ਉਮਰ 40 ਸਾਲ ਦਸੀ ਜਾ ਰਹੀ ਹੈ। ਅਜੇ ਕਿਸੇ ਹੋਰ ਵਿਕਅਤੀ ਨੂੰ ਹਿਰਾਸਤ ’ਚ ਨਹੀਂ ਲਿਆ ਗਿਆ ਹੈ ਅਤੇ ਕੋਈ ਹੋਰ ਜਾਣਕਾਰੀ ਪ੍ਰਾਪਤ ਨਹੀਂ ਹੈ। ਆਊਟਲਾ ਨੇ ਦਸਿਆ ਕਿ ਮ੍ਰਿਤਕ ਮਰਦਾਂ ਦੀ ਉਮਰ 20 ਤੋਂ 50 ਸਾਲਾਂ ਵਿਚਕਾਰ ਹੈ। ਹਸਪਤਾਲ ’ਚ ਭਰਤੀ ਦੋ ਮੁੰਡਿਆਂ ਦੀ ਉਮਰ ਦੋ ਅਤੇ 13 ਸਾਲ ਹੈ। ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।

ਇਹ ਵੀ ਪੜ੍ਹੋ: ਦੋ ਟਰੱਕਾਂ ਦੀ ਟੱਕਰ ’ਚ ਚਾਲਕ ਨੌਜਵਾਨ ਦੀ ਮੌਤ

ਜ਼ਿਕਰਯੋਗ ਹੈ ਕਿ ਇਸ ਘਟਨਾ ਤੋਂ ਇਕ ਦਿਨ ਪਹਿਲਾਂ ਵੀ ਬਾਲਟੀਮੋਰ ’ਚ ਗੋਲੀਬਾਰੀ ਹੋਈ ਸੀ ਜਿਸ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ, ਜਦਕਿ 28 ਲੋਕ ਜ਼ਖ਼ਮੀ ਹੋ ਗਏ ਸਨ। ਅੰਕੜਿਆਂ ਅਨੁਸਾਰ ਫਿਲਾਡੇਲਫ਼ੀਆ ’ਚ ਗੋਲੀਬਾਰੀ ਦੇਸ਼ ’ਚ ਇਸ ਸਾਲ ਸਮੂਹਕ ਗੋਲੀਬਾਰੀ ਦੀ ਇਹ 29ਵੀਂ ਘਟਨਾ ਹੈ।