ਜੱਗੀ ਜੌਹਲ ਦੀ ਰਿਹਾਈ ਲਈ ਇੰਗਲੈਂਡ ’ਚ ਕੀਤਾ ਗਿਆ ਰੋਸ ਪ੍ਰਦਰਸ਼ਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਜੱਗੀ ਜੌਹਲ ਦੇ ਪਰਿਵਾਰ ਨੇ ਕਿਹਾ- ਵਾਪਸੀ ਤੱਕ ਕਰਾਂਗੇ ਸੰਘਰਸ਼

Protest in uk calling for return of jaggi johal detained in India

 

ਲੰਡਨ: ਪਿਛਲੇ 5 ਸਾਲਾਂ ਤੋਂ ਭਾਰਤ ਦੀ ਜੇਲ੍ਹ ਵਿਚ ਨਜ਼ਰਬੰਦ ਜਗਤਾਰ ਸਿੰਘ ਜੱਗੀ ਜੌਹਲ ਦੀ ਰਿਹਾਈ ਅਤੇ ਇੰਗਲੈਂਡ ਵਾਪਸੀ ਦੀ ਮੰਗ ਨੂੰ ਲੈ ਕੇ ਉਹਨਾਂ ਦੇ ਪਰਿਵਾਰ ਵੱਲ਼ੋਂ ਪ੍ਰਦਰਸ਼ਨ ਕੀਤਾ ਗਿਆ ਹੈ। ਬ੍ਰਿਟੇਨ ਦੇ ਸਕਾਟਲੈਂਡ ਦੇ ਡੰਬਰਟਨ ਸ਼ਹਿਰ ਵਿਚ ਰਹਿਣ ਵਾਲਾ ਜਗਤਾਰ ਸਿੰਘ ਜੌਹਲ ਪੰਜ ਸਾਲ ਪਹਿਲਾਂ ਨਵੰਬਰ 2017 ਵਿਚ ਭਾਰਤ ਆਇਆ ਸੀ।

ਜਗਤਾਰ ਸਿੰਘ ਜੌਹਲ 2017 ਤੋਂ ਭਾਰਤ ਦੀ ਜੇਲ੍ਹ ਵਿਚ ਬੰਦ ਹੈ। ਉਸ ’ਤੇ ਸੱਜੇ ਪੱਖੀ ਹਿੰਦੂ ਨੇਤਾਵਾਂ ਦੀ ਟਾਰਗੇਟ ਕਿਲਿੰਗ ’ਚ ਸ਼ਾਮਲ ਹੋਣ ਦਾ ਇਲਜ਼ਾਮ ਹੈ। ਸੈਂਕੜੇ ਲੋਕਾਂ ਨੇ ਡਾਊਨਿੰਗ ਸਟ੍ਰੀਟ 'ਤੇ ਰੋਸ ਮਾਰਚ ਕੱਢਿਆ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਭਾਰਤ ਵਿਚ ਨਜ਼ਰਬੰਦ ਬ੍ਰਿਟਿਸ਼ ਸਿੱਖ ਦੀ ਰਿਹਾਈ ਦੀ ਮੰਗ ਕੀਤੀ ਜਾਵੇ।  

ਜੌਹਲ ਦੇ ਸਮਰਥਨ ਵਿਚ ਸ਼ਾਮਲ ਹੋਏ ਪ੍ਰਦਰਸ਼ਨਕਾਰੀਆਂ ‘ਚ ਨਾਜ਼ਨੀਨ ਜ਼ਾਗਰੀ-ਰੈਟਕਲਿਫ ਅਤੇ ਉਹਨਾਂ ਦੇ ਪਤੀ ਰਿਚਰਡ ਰੈਟਕਲਿਫ ਵੀ ਸ਼ਾਮਲ ਹੋਏ। ਨਾਜ਼ਨੀਨ ਬ੍ਰਿਟਿਸ਼-ਈਰਾਨੀ ਔਰਤ ਹੈ, ਜਿਸ ਨੂੰ ਸਰਕਾਰ ਦਾ ਤਖ਼ਤਾ ਪਲਟਣ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿਚ 6 ਸਾਲ ਤੱਕ ਈਰਾਨ ਵਿਚ ਨਜ਼ਰਬੰਦ ਕੀਤਾ ਗਿਆ ਸੀ।

ਜੌਹਲ ਦੇ ਭਰਾ ਨੇ ਕਿਹਾ ਕਿ ਪ੍ਰਦਰਸ਼ਨ ਵਿਚ ਰਿਚਰਡ ਰੈਟਕਲਿਫ ਦੀ ਸ਼ਮੂਲੀਅਤ ਨੇ ਉਹਨਾਂ ਨੂੰ ਉਮੀਦ ਦਿੱਤੀ ਹੈ। ਉਹਨਾਂ ਕਿਹਾ ਕਿ ਅਸੀਂ ਉਦੋਂ ਤੱਕ ਸੰਘਰਸ਼ ਕਰਾਂਗੇ ਜਦੋਂ ਤੱਕ ਜੱਗੀ ਜੌਹਲ ਦੀ ਘਰ ਵਾਪਸੀ ਨਹੀਂ ਹੁੰਦੀ।