ਟਰੰਪ ਨੇ ਸਾਲਾਂ ਤੱਕ ਸਰਕਾਰੀ ਕੰਮਕਾਜ ਠੱਪ ਰੱਖਣ ਦੀ ਦਿਤੀ ਚਿਤਾਵਨੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਵਾਈਟ ਹਾਊਸ ਵਿਚ ਟਰੰਪ ਨੇ ਮੀਡੀਆ ਨੂੰ ਕਿਹਾ ਕਿ ਹਾਂ ਮੈਂ ਬਿਲਕੁਲ ਸਹੀ ਕਿਹਾ ਹੈ।

Donald Trump

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਧਮਕੀ ਦਿੰਦੇ ਹੋਏ ਕਿਹਾ ਕਿ ਜੇਕਰ ਕਾਂਗਰਸ ਮੈਕਿਸਕੋ ਸਰਹੱਦ 'ਤੇ ਕੰਧ ਬਣਾਉਣ ਲਈ ਧਨ ਮੁਹੱਈਆ ਨਹੀਂ ਕਰਵਾਉਂਦਾ ਹੈ ਤਾਂ ਉਹ ਸਾਲਾਂ ਤੱਕ ਸਰਕਾਰੀ ਕੰਮਕਾਜ ਨੂੰ ਅਧੂਰੇ ਤੌਰ 'ਤੇ ਬੰਦ ਰੱਖਣ ਲਈ ਤਿਆਰ ਹਨ। ਇਸ ਵੇਲ੍ਹੇ ਕਰਮਚਾਰੀਆਂ ਨੂੰ ਤਨਖਾਹ ਦੇਣ ਲਈ ਧਨ ਬਿੱਲ ਪਾਸ ਨਾ ਹੋਣ ਕਾਰਨ ਪਿਛਲੇ ਦੇ ਹਫਤਿਆਂ ਤੋਂ ਅਮਰੀਕਾ ਦੇ ਕੁਝ ਸੰਘੀ ਵਿਭਾਗਾਂ ਵਿਚ ਕੰਮਕਾਜ ਠੱਪ ਪਿਆ ਹੋਇਆ ਹੈ। ਵੱਡੀ ਗਿਣਤੀ ਵਿਚ ਕਰਮਚਾਰੀਆਂ ਨੂੰ ਛੁੱਟੀ 'ਤੇ ਭੇਜ ਦਿਤਾ ਗਿਆ ਹੈ, ਜਦਕਿ ਹੋਰ ਕਰਮਚਾਰੀ ਬਿਨਾਂ ਤਨਖਾਹ ਤੋਂ ਕੰਮ ਕਰਨ 'ਤੇ ਮਜ਼ਬੂਰ ਹਨ।

ਇਸ ਗਤਿਰੋਧ ਨੂੰ ਖਤਮ ਕਰਨ ਲਈ ਵਾਈਟ ਹਾਊਸ ਵਿਚ ਆਯੋਜਿਤ ਸੰਸਦ ਮੰਤਰੀਆਂ ਦੀ ਬੈਠਕ ਬੇਨਤੀਜਾ ਰਹਿਣ ਤੋਂ ਬਾਅਦ ਟਰੰਪ ਨੇ ਕਿਹਾ ਕਿ ਸਰਹੱਦ 'ਤੇ ਕੰਧ ਬਣਾਉਣ ਲਈ ਉਹ ਰਾਸ਼ਟਰੀ ਐਮਰਜੈਂਸੀ ਦਾ ਵੀ ਐਲਾਨ ਕਰ ਸਕਦੇ ਹਨ। ਟਰੰਪ ਮੁਤਾਬਕ ਅਮਰੀਕਾ ਵਿਚ ਗ਼ੈਰ ਕਾਨੂੰਨੀ ਇੰਮੀਗ੍ਰੈਂਟਸ ਦਾ ਦਾਖਲਾ ਰੋਕਣ ਲਈ ਮੈਕਿਸਕੋ ਦੇ ਨਾਲ ਲਗਦੀ ਸਰਹੱਦ 'ਤੇ ਕੰਧ ਬਣਾਉਣਾ ਜਰੂਰੀ ਹੈ। ਬੈਠਕ ਤੋਂ ਬਾਅਦ ਡੈਮੋਕ੍ਰੇਟਸ ਨੇ ਮੀਡੀਆ ਨੂੰ ਰਾਸ਼ਟਰਪਤੀ ਦੀ ਧਮਕੀ ਬਾਰੇ ਦੱਸਿਆ। ਉਸ ਤੋਂ ਬਾਅਦ ਵਾਈਟ ਹਾਊਸ ਵਿਚ ਟਰੰਪ ਨੇ ਮੀਡੀਆ ਨੂੰ ਕਿਹਾ ਕਿ ਹਾਂ ਮੈਂ ਬਿਲਕੁਲ ਸਹੀ ਕਿਹਾ ਹੈ।

ਅਧੂਰੇ ਤੌਰ 'ਤੇ ਸਰਕਾਰੀ ਬੰਦੀ ਨੂੰ ਖਤਮ ਕਰਨ ਦੇ ਲਿਹਾਜ ਨਾਲ ਵਾਈਟ ਹਾਊਸ ਵਿਚ ਟਰੰਪ ਨਾਲ ਮਿਲਣ ਤੋਂ ਬਾਅਦ ਸੀਨੇਟ ਵਿਚ ਘੱਟ ਗਿਣਤੀ ਦੇ ਨੇਤਾ ਚੱਕ ਸ਼ੂਮਰ ਨੇ ਮੀਡੀਆ ਨੂੰ ਦੱਸਿਆ ਕਿ ਅਸੀਂ ਰਾਸ਼ਟਰਪਤੀ ਨੂੰ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਕੰਮ ਕਰੇ, ਪਰ ਉਹ ਇਸ ਲਈ ਤਿਆਰ ਨਹੀਂ ਹੋਈ। ਸਗੋਂ ਉਹਨਾਂ ਕਿਹਾ ਕਿ ਉਹ ਸਰਕਾਰ ਨੂੰ ਲੰਮੇ ਸਮੇਂ ਤੱਕ, ਮਹੀਨਾ ਜਾਂ ਸਾਲਾਂ ਤੱਕ ਠੱਪ ਰੱਖਣਗੇ।

ਬੈਠਕ ਵਿਚ ਸ਼ਾਮਲ ਹੋਈ ਸਦਨ ਦੀ ਸਪੀਕਰ ਨੈਂਸੀ ਪੇਲੋਸੀ ਨੇ ਵੀ ਸਰਕਾਰ ਦੇ ਕੰਮ ਸ਼ੁਰੂ ਕਰਨ ਦੀ ਲੋੜ 'ਤੇ ਜ਼ੋਰ ਦਿਤਾ। ਪੇਲੋਸੀ ਨੇ ਕਿਹਾ ਕਿ ਅਸੀਂ ਡੈਮੇਕ੍ਰੇਟਸ ਪੱਖ ਨੂੰ ਪਛਾਣਦੇ ਹਾਂ ਕਿ ਅਸੀਂ ਅਸਲ ਵਿਚ ਇਸ ਦਾ ਹੱਲ ਉਸ ਵੇਲ੍ਹੇ ਤੱਕ ਨਹੀਂ ਲੱਭ ਸਕਦੇ ਜਦ ਤਕ ਕਿ ਅਸੀਂ ਸਰਕਾਰ ਨੂੰ ਕੰਮ ਨਾ ਕਰਨ ਦੇਈਏ। ਅਸੀਂ ਰਾਸ਼ਟਰਪਤੀ ਨੂੰ ਸਪਸ਼ਟ ਕਰ ਦਿਤਾ ਹੈ ਕਿ ਅਮਰੀਕੀ ਲੋਕਾਂ ਤੋਂ ਸੇਵਾਵਾਂ ਵਾਪਸ ਲਈਆਂ ਜਾ ਰਹੀਆਂ ਹਨ।