ਚੀਨ 'ਚ ਲਾੜੀ ਨੂੰ ਮਿਲਦਾ ਹੈ ਦਾਜ, ਇਸ ਨੂੰ ਰੋਕਣ ਲਈ ਮਹਿੰਗੇ ਵਿਆਹਾਂ 'ਤੇ ਪਾਬੰਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਫ਼ੈਸਲੇ ਦਾ ਮਕਸਦ ਦਾਜ 'ਤੇ ਰੋਕ ਲਗਾਉਣ ਦੇ ਨਾਲ ਹੀ ਲੰਮੇ ਸਮੇਂ ਤੋਂ ਚਲੀ ਆ ਰਹੀ ਰੀਤ ਵਿਚ ਬਦਲਾਅ ਕਰਨਾ ਵੀ ਹੈ।

Chinese wedding

ਬੀਜਿੰਗ : ਚੀਨ ਵਿਚ ਮਹਿੰਗੇ ਹੁੰਦੇ ਜਾ ਰਹੇ  ਵਿਆਹ ਲੋਕਾਂ ਲਈ ਹੀ ਨਹੀਂ ਸਗੋਂ ਪ੍ਰਸ਼ਾਸਨ ਲਈ ਵੀ ਸਿਰਦਰਦ ਬਣ ਗਏ ਹਨ। ਇਸ ਦੇ ਲਈ ਮੱਧ ਹੇਨਾਨ ਰਾਜ ਦੇ ਪਿਊਆਂਗ ਪ੍ਰਸ਼ਾਸਨ ਨੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਸ ਦੇ ਅਧੀਨ ਵਿਆਹ ਵਿਚ ਤੋਹਫੇ, ਮਹਿਮਾਨਾਂ ਦੀ ਗਿਣਤੀ ਅਤੇ ਰਿਸੈਪਸ਼ਨ 'ਤੇ ਹੋਣ ਵਾਲੇ ਖਰਚਿਆਂ ਨੂੰ ਨਿਰਧਾਰਤ ਕਰ ਦਿਤਾ ਗਿਆ ਹੈ।

ਇਹ ਵੀ ਕਿਹਾ ਗਿਆ ਹੈ ਕਿ ਇਸ ਤੋਂ ਵੱਧ ਖਰਚ ਕਰਨ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਚੀਨ ਵਿਚ 100 ਔਰਤਾਂ 'ਤੇ 115 ਪੁਰਸ਼ ਹਨ। ਇਸ ਕਾਰਨ ਲੜਕੀਆਂ ਨੂੰ ਜੀਵਨ ਸਾਥੀ ਮਿਲਣਾ ਮੁਸ਼ਕਲ ਹੋ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਫ਼ੈਸਲੇ ਦਾ ਮਕਸਦ ਦਾਜ 'ਤੇ ਰੋਕ ਲਗਾਉਣ ਦੇ ਨਾਲ ਹੀ ਲੰਮੇ ਸਮੇਂ ਤੋਂ ਚਲੀ ਆ ਰਹੀ ਰੀਤ ਵਿਚ ਬਦਲਾਅ ਕਰਨਾ ਵੀ ਹੈ।

ਇਕ ਸਰਵੇਖਣ ਮੁਤਾਬਕ ਚੀਨ ਵਿਚ ਇਕ ਵਿਆਹ ਦੀ ਲਾਗਤ 1.48 ਕਰੋੜ (20730 ਅਮਰੀਕੀ ਡਾਲਰ ) ਤੋਂ ਵੱਧ ਪਹੁੰਚ ਗਈ ਹੈ ਜੋ ਕਿ ਲੱਖਾਂ ਪਰਵਾਰਾਂ ਦੀ ਸਮਰਥਾ ਤੋਂ ਬਾਹਰ ਹੈ। ਚੀਨ ਵਿਚ ਇਕ ਪਰਵਾਰ ਦੀ ਸਲਾਨਾ ਔਸਤ ਆਮਦਨੀ 1,92,791 ਰੁਪਏ ਹੈ। ਦਿਸ਼ਾ ਨਿਰਦੇਸ਼ਾਂ ਮੁਤਾਬਕ ਹੁਣ ਦਿਹਾਤੀ ਇਲਾਕਿਆਂ ਵਿਚ ਲਾੜੇ ਅਤੇ ਉਸ ਦੇ ਪਰਵਾਰ ਵੱਲੋਂ ਦਿਤਾ ਜਾਣ ਵਾਲਾ ਪੈਸਾ ਅਤੇ

ਜਾਇਦਾਦ 635680 ਰੁਪਏ ( 60000 ਯੂਆਨ) ਤੋਂ ਵੱਧ ਨਹੀਂ ਹੋਣੀ ਚਾਹੀਦੀ। ਉਥੇ ਹੀ ਸ਼ਹਿਰੀ ਇਲਾਕਿਆਂ ਵਿਚ ਇਸ ਦੀ ਹੱਦ 529733 ਰੁਪਏ (50000 ਯੂਆਨ) ਹੈ। ਵਿਆਹਾਂ 'ਤੇ ਦਿਤੇ ਜਾਣ ਵਾਲੇ ਤੋਹਫ਼ਿਆਂ ਦੀ ਰਕਮ ਵੀ ਨਿਰਧਾਰਤ ਕਰ ਦਿਤੀ ਗਈ ਹੈ। ਦਿਹਾਤੀ ਇਲਾਕਿਆਂ ਵਿਚ 317840 ਰੁਪਏ ਅਤੇ ਸ਼ਹਿਰੀ ਸਰਕਾਰੀ ਕਰਮਚਾਰੀਆਂ ਲਈ 211893 ਰੁਪਏ ਦੀ ਰਕਮ ਤੈਅ ਕਰ ਦਿਤੀ ਗਈ ਹੈ।

ਪਰਵਾਰਾਂ ਨੂੰ ਸਲਾਹ ਦਿਤੀ ਗਈ ਹੈ ਕਿ ਵਿਆਹਾਂ ਦੇ ਰਿਸੈਪਸ਼ਨ ਵਿਚ ਵੱਧ ਤੋਂ ਵੱਧ 15 ਟੇਬਲ ਹੀ ਰੱਖਣ। ਖਾਣੇ ਦੀ ਲਾਗਤ ਵੀ ਪ੍ਰਤੀ ਟੇਬਲ ਮੁਤਾਬਕ 3178 ਰੁਪਏ ( 300 ਯੂਆਨ ) ਤੋਂ ਵੱਧ ਨਹੀਂ ਹੋਣੀ ਚਾਹੀਦੀ। ਸ਼ਹਿਰੀ ਇਲਾਕਿਆਂ ਲਈ ਇਹ ਰਕਮ 6350 ਰੁਪਏ ( 600 ਯੂਆਨ) ਹੈ।  ਇਸੇ ਤਰ੍ਹਾਂ ਹੋਰਨਾਂ ਚੀਜ਼ਾਂ 'ਤੇ ਵੀ ਖਰਚ ਨੂੰ ਨਿਰਧਾਰਤ ਕਰ ਦਿਤਾ ਗਿਆ ਹੈ।