ਇਰਾਨ ਦੀ ਪਾਕਿ ਨੂੰ ਚਿਤਾਵਨੀ, ਅਤਿਵਾਦ ਵਿਰੁਧ ਕਦਮ ਨਾ ਚੁੱਕੇ ਤਾਂ ਅਸੀਂ ਕਰਾਂਗੇ ਭਾਰਤ ਜਿਹੀ ਕਾਰਵਾਈ
ਅਤਿਵਾਦੀਆਂ ਨੂੰ ਸੁਰੱਖਿਆ ਤੇ ਪਨਾਹ ਦੇਣ ਵਾਲਾ ਪਾਕਿਸਤਾਨ ਦੇਸ਼ ਭਾਰਤ, ਈਰਾਨ, ਅਫ਼ਗਾਨਿਸਤਾਨ ਅਤੇ ਅਮਰੀਕਾ ਸਮੇਤ ਕਈ ਦੇਸ਼ਾਂ ਲਈ...
ਨਵੀਂ ਦਿੱਲੀ : ਅਤਿਵਾਦੀਆਂ ਨੂੰ ਸੁਰੱਖਿਆ ਤੇ ਪਨਾਹ ਦੇਣ ਵਾਲਾ ਪਾਕਿਸਤਾਨ ਦੇਸ਼ ਭਾਰਤ, ਈਰਾਨ, ਅਫ਼ਗਾਨਿਸਤਾਨ ਅਤੇ ਅਮਰੀਕਾ ਸਮੇਤ ਕਈ ਦੇਸ਼ਾਂ ਲਈ ਖਤਰਾ ਬਣ ਚੁੱਕਿਆ ਹੈ। ਇਰਾਨ ਨੇ ਤਾਂ ਉਸ ਨੂੰ ਧਮਕੀ ਦੇ ਦਿਤੀ ਹੈ ਕਿ ਜੇਕਰ ਪਾਕਿਸਤਾਨ ਨੇ ਅਪਣੇ ਦੇਸ਼ ਵਿਚ ਪਲ ਰਹੇ ਅਤਿਵਾਦ ਦੇ ਵਿਰੁਧ ਕਾਰਗਰ ਕਾਰਵਾਈ ਨਾ ਕੀਤੀ ਤਾਂ ਇਰਾਨ ਪਾਕਿਸਤਾਨ ਵਿਚ ਦਾਖ਼ਲ ਹੋ ਕੇ ਦਹਿਸ਼ਤਗਰਦਾਂ ਦਾ ਖ਼ਾਤਮਾ ਕਰੇਗਾ।
ਭਾਰਤ ਸਮੇਤ ਹੋਰ ਕਈ ਦੇਸ਼ ਪਾਕਿਸਤਾਨ ਨੂੰ ਉਸ ਦੀ ਜ਼ਮੀਨ ਉਤੇ ਮੌਜੂਦ ਅਤਿਵਾਦੀ ਟਿਕਾਣਿਆਂ ਦੇ ਵਿਰੁਧ ਪ੍ਰਭਾਵੀ ਕਾਰਵਾਈ ਕਰਨ ਲਈ ਕਹਿ ਰਹੇ ਹਨ ਪਰ ਪਾਕਿ ਉਤੇ ਜ਼ਰਾ ਕੁ ਜਿੰਨਾ ਵੀ ਅਸਰ ਨਹੀਂ ਹੋਇਆ। 13 ਫਰਵਰੀ ਨੂੰ ਇਰਾਨ ਦੇ ਰਿਵੋਲਿਊਸ਼ਨਰੀ ਗਾਰਡ ਉਤੇ ਅਤੇ 14 ਫਰਵਰੀ ਨੂੰ ਪੁਲਵਾਮਾ ਵਿਚ ਸੀਆਰਪੀਐਫ਼ ਦੇ ਜਵਾਨਾਂ ਉਤੇ ਹੋਏ ਆਤਮਘਾਤੀ ਹਮਲਿਆਂ ਵਿਚੋਂ ਇਕ ਵਾਰ ਫਿਰ ਸਾਹਮਣੇ ਆਇਆ ਕਿ ਪਾਕਿਸਤਾਨ ਅਤਿਵਾਦੀਆਂ ਦਾ ਅੱਡਾ ਬਣ ਚੁੱਕਿਆ ਹੈ।
ਅਜਿਹੇ ਵਿਚ ਭਾਰਤ ਦੇ ਬਾਲਾਕੋਟ ਵਿਚ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ ਉਤੇ ਕਾਰਵਾਈ ਕਰਨ ਤੋਂ ਬਾਅਦ ਇਰਾਨ ਵੀ ਪਾਕਿਸਤਾਨ ਵਿਚ ਪਲ ਰਹੇ ਅਤਿਵਾਦੀਆਂ ਵਿਰੁਧ ਵੱਡਾ ਕਦਮ ਚੁੱਕਣ ਨੂੰ ਤਿਆਰ ਹੈ। ਇਰਾਨ ਦੇ ਆਈਆਰਜੀਸੀ ਕੁਰਦਸ ਫੋਰਸ ਦੇ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਨੇ ਪਾਕਿਸਤਾਨ ਸਰਕਾਰ ਅਤੇ ਉਸ ਦੇ ਫ਼ੌਜ ਮੁਖੀ ਨੂੰ ਸਖ਼ਤ ਸ਼ਬਦਾਂ ਵਿਚ ਚਿਤਾਵਨੀ ਦਿਤੀ। ਉਨ੍ਹਾਂ ਕਿਹਾ ਕਿ ਮੇਰੇ ਕੋਲ ਪਾਕਿ ਸਰਕਾਰ ਲਈ ਇਹ ਸਵਾਲ ਹੈ ਕਿ ਉਹ ਕਿਥੇ ਜਾ ਰਿਹਾ ਹੈ।
ਉਸ ਨੇ ਅਪਣੇ ਗੁਆਂਢੀ ਦੇਸ਼ਾਂ ਦੀਆਂ ਸਰਹੱਦਾਂ ਉਤੇ ਅਸ਼ਾਂਤੀ ਪੈਦਾ ਕੀਤੀ ਹੈ। ਕੋਈ ਗੁਆਂਢੀ ਨਹੀਂ ਬਚਿਆ ਜਿਸ ਦੇ ਲਈ ਪਾਕਿਸਤਾਨ ਖਤਰਾ ਨਾ ਬਣਿਆ ਹੋਵੇ। ਇਰਾਨ ਸੰਸਦ ਦੇ ਵਿਦੇਸ਼ ਨੀਤੀ ਕਮਿਸ਼ਨ ਦੇ ਚੇਅਰਮੈਨ ਹਸ਼ਮਤੁਲਾਹ ਫਲਾਹਤਪਿਛੇਹ ਨੇ ਕਿਹਾ ਕਿ ਤਹਿਰਾਨ ਪਾਕਿਸਤਾਨ ਨਾਲ ਲੱਗਦੀ ਅਪਣੀ ਸਰਹੱਦ ਉਤੇ ਕੰਧ ਬਣਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਜੇਕਰ ਅਪਣੀ ਜ਼ਮੀਨ ਉਤੇ ਅਤਿਵਾਦੀ ਸਮੂਹਾਂ ਦੇ ਵਿਰੁਧ ਸਖ਼ਤ ਤੇ ਪ੍ਰਭਾਵੀ ਕਾਰਵਾਈ ਨਹੀਂ ਕਰੇਗਾ ਤਾਂ ਇਰਾਨ ਪਾਕਿਸਤਾਨ ਵਿਚ ਅਤਿਵਾਦੀ ਸਮੂਹਾਂ ਵਿਰੁਧ ਕਾਰਵਾਈ ਕਰੇਗਾ।
ਇਰਾਨ ਦੀ ਆਈਆਰਜੀਸੀ ਕੁਰਦਸ ਫੋਰਸ ਦੇ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਨੇ ਕਿਹਾ ਕਿ ਪ੍ਰਮਾਣੂ ਬੰਬ ਰੱਖਣ ਵਾਲਾ ਪਾਕਿਸਤਾਨ ਖੇਤਰ ਵਿਚ ਕੁਝ ਸੌ ਮੈਂਬਰਾਂ ਵਾਲੇ ਅਤਿਵਾਦੀ ਸਮੂਹਾਂ ਨੂੰ ਤਬਾਹ ਨਹੀਂ ਕਰ ਸਕਦਾ। ਪਾਕਿਸਤਾਨ ਇਰਾਨ ਦੇ ਇਰਾਦੇ ਦਾ ਇਮਤਿਹਾਨ ਨਾ ਲਵੇ। ਜ਼ਿਕਰਯੋਗ ਹੈ ਕਿ ਅਤਿਵਾਦ ਨਾਲ ਸਖ਼ਤੀ ਨਾਲ ਪੇਸ਼ ਆਉਣ ਦੇ ਮੁੱਦੇ ਉਤੇ ਇਰਾਨ ਅਤੇ ਭਾਰਤ ਇਕ ਦੂਜੇ ਨਾਲ ਸਹਿਮਤ ਹੈ ਅਤੇ ਇਕ-ਦੂਜੇ ਨਾਲ ਖੜ੍ਹੇ ਵਿਖਾਈ ਦੇ ਰਹੇ ਹਨ। ਦਰਅਸਲ ਦੋਵੇਂ ਦੇਸ਼ ਸਰਹੱਦ ਪਾਰ ਅਤਿਵਾਦ ਦਾ ਸਾਹਮਣਾ ਕਰ ਰਹੇ ਹਨ ਅਤੇ ਹਾਲ ਦੇ ਸਾਲ ਵਿਚ ਇਨ੍ਹਾਂ ਵਿਚ ਸਹਿਯੋਗ ਵਿਚ ਵੀ ਵਾਧਾ ਹੋਇਆ ਹੈ।