ਪਾਕਿਸਤਾਨ ਨੂੰ ਮਹਿੰਗੀ ਪੈ ਸਕਦੀ ਏ ਚੀਨ ਨਾਲ ਦੋਸਤੀ, ਕੌਮਾਂਤਰੀ ਬਾਈਕਾਟ ਦਾ ਡਰ ਸਤਾਉਣ ਲੱਗਾ!

ਏਜੰਸੀ

ਖ਼ਬਰਾਂ, ਕੌਮਾਂਤਰੀ

ਵਿਦੇਸ਼ ਮੰਤਰਾਲੇ ਨੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਖ਼ਤਰੇ ਤੋਂ ਜਾਣੂ ਕਰਵਾਇਆ

China Pak

ਨਵੀਂ ਦਿੱਲੀ : ਭਾਰਤ-ਚੀਨ ਵਿਚਕਾਰ ਚੱਲ ਰਹੇ ਸਰਹੱਦੀ ਰੇੜਕੇ ਦਰਮਿਆਨ ਪਾਕਿਸਤਾਨ ਵਲੋਂ ਚੀਨ ਨਾਲ   ਵਿਖਾਈ ਜਾ ਰਹੀ ਹੱਦੋ ਵੱਧ ਇਕਮੁੱਠਤਾ ਉਸ ਲਈ ਵੱਡੀ ਮੁਸੀਬਤ ਖੜ੍ਹੀ ਕਰ ਸਕਦੀ ਹੈ। ਕਰੋਨਾ ਮਹਾਮਾਰੀ ਕਾਰਨ ਦੁਨੀਆਂ ਦੇ ਬਹੁਤੇ ਦੇਸ਼ਾਂ ਅੰਦਰ ਚੀਨ ਖਿਲਾਫ਼ ਪਹਿਲਾਂ ਹੀ ਗੁੱਸੇ ਦੀ ਲਹਿਰ ਸੀ, ਜੋ ਹੁਣ ਡਰੈਗਨ ਦੀਆਂ ਗੁਆਢੀਆਂ ਨੂੰ ਡਰਾਉਣ ਧਮਕਾਉਣ ਦੀਆਂ ਨੀਤੀਆਂ ਕਾਰਨ ਹੋਰ ਪ੍ਰਚੰਡ ਹੁੰਦੀ ਜਾ ਰਹੀ ਹੈ। ਅਜਿਹੇ 'ਚ ਪਾਕਿਸਤਾਨ ਦੀਆਂ ਚੀਨ ਨਾਲ ਪਿਆਰ-ਪੀਂਘਾਂ ਉਸ ਲਈ ਬੁਰੇ ਦਿਨਾਂ ਦੀ ਸ਼ੁਰੂਆਤ ਵੀ ਹੋ ਸਕਦੀਆਂ ਹਨ।  

ਲੱਦਾਖ ਦੀ ਗਲਵਾਨ ਘਾਟੀ ਅੰਦਰ ਭਾਰਤੀ ਫ਼ੌਜ ਨਾਲ ਖ਼ੂਨੀ ਝੜਪ ਦੀ ਘਟਨਾ ਤੋਂ ਬਾਅਦ ਪਾਕਿਸਤਾਨ ਨੇ ਜਿਸ ਤਰ੍ਹਾਂ ਚੀਨ ਨਾਲ ਇਕਮੁਠਤਾ ਦਾ ਇਜਹਾਰ ਕੀਤਾ ਹੈ, ਉਸ ਨੇ ਉਸ ਨੂੰ ਖੁਦ ਹੀ ਕਟਹਿਰੇ 'ਚ ਖੜ੍ਹਾ ਕਰ ਦਿਤਾ ਸੀ। ਉਸ ਦੀ ਇਹ ਹਰਕਤ ਉਸ ਨੂੰ ਦੁਨੀਆਂ ਦੀਆਂ ਵੱਡੀਆਂ ਸ਼ਕਤੀਆਂ, ਅਮਰੀਕਾ, ਜਪਾਨ ਅਤੇ ਆਸਟ੍ਰੇਲੀਆ ਆਦਿ ਦੀ ਨਾਰਾਜਗੀ ਦਾ ਪਾਤਰਾ ਬਣਾ ਸਕਦੀਆਂ ਹਨ।  ਇਹੀ ਕਾਰਨ ਹੈ ਕਿ ਪਾਕਿਸਤਾਨ ਉਪਰ ਇਸ ਸਮੇਂ ਇਸ ਗੱਲ ਨੂੰ ਲੈ ਕੇ ਭਾਰੀ ਦਬਾਅ ਬਣਦਾ ਜਾ ਰਿਹਾ ਹੈ ਕਿ ਜਾਂ ਤਾਂ ਉਹ ਚੀਨ ਨਾਲ ਅਪਣੇ ਸਬੰਧਾਂ ਨੂੰ ਲੈ ਕੇ ਨੀਤੀ ਦੀ ਸਮੀਖਿਆ ਕਰੇ ਜਾਂ ਫਿਰ ਕੌਮਾਂਤਰੀ ਬਾਈਕਾਟ ਅਤੇ ਅਲੋਚਨਾ ਝੱਲਣ ਲਈ ਤਿਆਰ ਰਹੇ।

ਇਸ ਸਬੰਧੀ ਪਾਕਿਸਤਾਨ ਦਾ ਵਿਦੇਸ਼ ਮੰਤਰਾਲਾ ਪਹਿਲਾਂ ਹੀ ਚਿਤਾਵਨੀ ਦੇ ਚੁੱਕਾ ਹੈ। ਮੰਤਰਾਲਾ ਨੇ ਇਮਰਾਨ ਖ਼ਾਨ ਦੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਦਸਿਆ ਹੈ ਕਿ ਜੇ ਇਸ ਸਮੇਂ ਵੀ ਨਾ ਸੰਭਲੇ ਤਾਂ ਸਾਨੂੰ ਉਨ੍ਹਾਂ ਮਹਾਂਸ਼ਕਤੀਆਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈ ਸਕਦਾ ਹੈ ਜੋ ਕੋਰੋਨਾ ਮਹਾਮਾਰੀ ਦੌਰਾਨ ਭਾਰਤ ਨਾਲ ਚੀਨ ਦੇ ਹਮਲਾਵਰ ਵਤੀਰੇ ਕਾਰਨ ਉਸ ਨੂੰ ਘੇਰਨ ਲਈ ਸਰਗਰਮ ਹਨ। ਇਸ ਗੱਲ ਦੇ ਸੰਕੇਤ ਮਿਲਣੇ ਸ਼ੁਰੂ ਹੋ ਗਏ ਹਨ। ਬੀਤੇ ਦਿਨੀਂ ਪਾਕਿਸਤਾਨ ਦੀ ਏਅਰਲਾਈਨ ਪੀ.ਆਈ.ਏ. ਨੂੰ ਯੂਰਪੀ ਯੂਨੀਅਨ ਨੇ ਬੈਨ ਲਗਾਉਂਦੇ ਹੋਏ ਯੂਰਪ ਵਿਚ ਜਹਾਜ਼ ਲੈਡਿੰਗ ਕਰਨ ਦੀ ਇਜਾਜ਼ਤ ਨਹੀਂ ਦਿਤੀ। ਭਾਰਤ ਖਿਲਾਫ਼ ਚੀਨ ਦੇ ਹਮਲਾਵਰ ਤੇਵਰ ਤੋਂ ਬਾਅਦ ਯੂਰਪੀਨ ਯੂਨੀਅਨ ਹੁਣ ਚੀਨ ਨੂੰ ਕੂਟਨੀਤਕ ਪੱਧਰ 'ਤੇ ਅਲੱਗ-ਥਲੱਗ ਕਰਨ ਦੇ ਰਾਹ ਤੁਰ ਪਿਆ ਹੈ। ਅਜਿਹੇ 'ਚ ਹੁਣ ਪਾਕਿਸਤਾਨ ਨੂੰ ਵੀ ਇਸ ਦਾ ਖਮਿਆਜ਼ਾ ਭੁਗਤਣ ਦਾ ਡਰ ਸਤਾਉਣ ਲੱਗਾ ਹੈ।

ਇੰਨਾ ਹੀ ਨਹੀਂ, ਪਾਕਿਸਤਾਨ ਦੇ ਲੋਕਾਂ ਅੰਦਰ ਚੀਨ ਨੂੰ ਲੈ ਕੇ ਪਹਿਲਾਂ ਹੀ ਗੁੱਸਾ ਪਾਇਆ ਜਾ ਰਿਹਾ ਹੈ।  ਖ਼ਾਸ ਕਰ ਕੇ ਬਲੋਚਿਸਤਾਨ ਅਤੇ ਗਿਲਗਿਤ-ਬਾਲਿਟਸਤਾਨ 'ਚ ਜਿਸ ਤਰ੍ਹਾਂ ਚੀਨ-ਪਾਕਿਸਤਾਨ ਆਰਥਿਕ ਗਲਿਆਰੇ (ਸੀਪੈਕ) ਦੀ ਆੜ 'ਚ ਪਾਕਿਸਤਾਨ ਦੇ ਕੁਦਰਤੀ ਸੋਮਿਆਂ ਦਾ ਹਨਨ ਕੀਤਾ ਜਾ ਰਿਹਾ ਹੈ, ਉਸ ਨੂੰ ਲੈ ਕੇ ਸਥਾਨਕ ਲੋਕਾਂ ਅੰਦਰ ਗੁੱਸੇ ਦੀ ਲਹਿਰ ਹੈ। ਬਲੂਚ ਅਤੇ ਗਿਲਗਿਤ-ਬਾਲਿਟਸਤਾਨ ਦੇ ਲੋਕਾਂ ਨੂੰ ਸਥਾਨਕ ਨੌਕਰੀਆਂ ਨਹੀਂ ਦਿਤੀਆਂ ਜਾ ਰਹੀਆਂ ਜਦਕਿ ਚੀਨੀ ਕੰਪਨੀਆਂ ਇਨ੍ਹਾਂ ਕੰਮਾਂ ਲਈ ਚੀਨੀ ਮਜ਼ਦੂਰਾਂ ਨੂੰ ਹੀ ਪਹਿਲ ਦਿੰਦੀਆਂ ਹਨ

ਇਸ ਤੋਂ ਇਲਾਵਾ ਚੀਨ ਦੀਆਂ ਕੰਪਨੀਆਂ ਸਥਾਨਕ ਪਰੰਪਰਾਵਾਂ ਅਤੇ ਰੀਤੀ ਰਿਵਾਜ਼ਾਂ ਨੂੰ ਬਹੁਤੀ ਤਵੱਜੋਂ ਨਹੀਂ ਦਿੰਦੀਆਂ। ਇਸ ਕਾਰਨ ਇਨ੍ਹਾਂ ਦੀ ਸਥਾਨਕ ਲੋਕਾਂ ਨਾਲ ਵਖਰੇਵਾਂ ਵਧਦਾ ਜਾ ਰਿਹਾ ਹੈ। ਚੀਨ ਦੀਆਂ ਵਿਸਥਾਰਵਾਦੀ ਨੀਤੀਆਂ ਵੀ ਲੋਕਾਂ ਨੂੰ ਡਰਾ ਰਹੀਆਂ ਹਨ ਕਿਤੇ ਪਾਕਿਸਤਾਨ ਅੰਦਰ ਵੀ ਉਹ ਅਪਣਾ ਅਸਲੀ ਰੂਪ ਨਾ ਵਿਖਾ ਦੇਵੇ। ਇਸੇ ਤਰ੍ਹਾਂ ਚੀਨ ਸਰਕਾਰ ਵਲੋਂ ਜਿਸ ਤਰ੍ਹਾਂ ਉਈਗਰ ਮੁਸਲਮਾਨਾਂ 'ਤੇ ਜ਼ੁਲਮ ਢਾਹੇ ਜਾ ਰਹੇ ਹਨ, ਉਸ ਦੀ ਚਰਚਾ ਕਈ ਧਾਰਮਕ ਵੈਟਸਐਪ ਗਰੁੱਪਾਂ ਜ਼ਰੀਏ ਸਥਾਨਕ ਲੋਕਾਂ ਅੰਦਰ ਹੋ ਰਹੀ ਹੈ ਜੋ ਲੋਕਾਂ ਅੰਦਰ ਚੀਨ ਖਿਲਾਫ਼ ਸ਼ੱਕ ਪੈਦਾ ਕਰ ਰਹੀਆਂ ਹਨ। ਇਹੀ ਕਾਰਨ ਹੈ ਕਿ ਪਾਕਿਸਤਾਨ ਨੂੰ ਚੀਨ ਨਾਲ ਦੋਸਤੀ ਦਾ ਖਮਿਆਜ਼ਾ ਬਾਹਰੀ ਦੁਨੀਆਂ ਦੇ ਨਾਲ-ਨਾਲ ਘਰ ਅੰਦਰੋਂ ਭੁਗਤਣਾ ਪੈ ਸਕਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।