ਭਾਰਤੀ ਸਿੱਖਾਂ ਨੇ ਕਰਤਾਰਪੁਰ ਸਾਹਿਬ ਵਿਚ ਸੋਨੇ ਦੀ ਪਾਲਕੀ ਕੀਤੀ ਸਥਾਪਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਗਏ 1100 ਸਿੱਖਾਂ ਵਿਚੋਂ ਜ਼ਿਆਦਾਤਰ ਨੇ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦੀ ਯਾਤਰਾ ਕੀਤੀ।

Golden ‘Palki Sahib’ installed at Gurdwara Darbar Sahib in Kartarpur

ਲਾਹੌਰ : ਭਾਰਤ ਤੋਂ ਵੱਡੀ ਗਿਣਤੀ ਵਿਚ ਸਿੱਖਾਂ ਨੇ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਤੇ ਇਸ ਧਾਰਮਕ ਸਥਾਨ 'ਤੇ ਸੋਨੇ ਦੀ ਪਾਲਕੀ ਸਥਾਪਤ ਕੀਤੀ। ਨਨਕਾਣਾ ਸਾਹਿਬ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550ਵੀਂ ਜੈਅੰਤੀ ਸਬੰਧੀ ਸਮਾਗਮ ਵਿਚ ਸ਼ਾਮਲ ਹੋਣ ਪਾਕਿਸਤਾਨ ਗਏ 1100 ਸਿੱਖਾਂ ਵਿਚੋਂ ਜ਼ਿਆਦਾਤਰ ਨੇ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦੀ ਯਾਤਰਾ ਕੀਤੀ ਜਿਸ ਨੂੰ ਕਰਤਾਰਪੁਰ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਨ੍ਹਾਂ ਨਾਲ ਪਾਕਿ ਦੇ ਪੰਜਾਬ ਸੂਬੇ ਦੇ ਗਵਰਨਰ ਚੌਧਰੀ ਸਰਵਰ ਵੀ ਮੌਜੂਦ ਸਨ। ਇਨ੍ਹਾਂ ਤੀਰਥ ਯਾਤਰੀਆਂ ਨੇ ਗੁਰਦਵਾਰੇ ਵਿਚ ਅਪਣੇ ਨਾਲ ਲਿਆਂਦੀ ਸੋਨੇ ਦੀ ਪਾਲਕੀ ਸਥਾਪਤ ਕੀਤੀ।

ਚੌਧਰੀ ਗਵਰਨਰ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਨੂੰ ਨਿਰਧਾਰਤ ਸਮੇਂ ਵਿਚ ਪੂਰਾ ਕੀਤਾ ਗਿਆ ਹੈ ਤੇ ਇਸ ਨਾਲ ਦੋਵੇਂ ਦੇਸ਼ ਨੇੜੇ ਆਉਣਗੇ। ਇਸ ਵਿਚਾਲੇ ਪਾਕਿਸਤਾਨ ਸਰਕਾਰ ਨੇ ਫ਼ੈਸਲਾ ਲਿਆ ਕਿ ਭਾਰਤੀ ਨਾਗਰਿਕਾਂ ਤੋਂ ਇਲਾਵਾ ਵਿਦੇਸ਼ੀ ਸਿੱਖਾਂ ਨੂੰ ਕਰਤਾਰਪੁਰ ਦੇ ਦਰਸ਼ਨਾਂ ਲਈ ਯਾਤਰਾ ਸੰਚਾਲਕ ਗ੍ਰਹਿ ਮੰਤਰਾਲੇ ਤੋਂ ਐਨ.ਓ.ਸੀ. ਲੈਣੀ ਪਵੇਗੀ।

ਇਕ ਅਧਿਕਾਰੀ ਨੇ ਕਿਹਾ ਕਿ ਅਮਰੀਕਾ, ਕੈਨੇਡਾ ਤੇ ਯੂਰਪੀ ਦੇਸ਼ਾਂ ਤੋਂ ਆਉਣ ਵਾਲੇ ਸਿੱਖਾਂ ਨੂੰ ਲਾਹੌਰ ਦੇ ਲਈ ਯਾਤਰਾ ਵੀਜ਼ਾ ਜਾਰੀ ਕੀਤਾ ਗਿਆ ਹੈ। ਪਵਿੱਤਰ ਸਥਾਨਾਂ 'ਤੇ ਉਨ੍ਹਾਂ ਦੇ ਦੌਰੇ 'ਚ ਸੁਰੱਖਿਆ ਸਬੰਧੀ ਸਮੱਸਿਆਵਾਂ ਹਨ। ਇਸ ਲਈ ਯਾਤਰੀ ਸੰਚਾਲਕਾਂ ਨੂੰ ਐਨ.ਓ.ਸੀ. ਲੈਣ ਲਈ ਕਿਹਾ ਗਿਆ ਹੈ। ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਭਾਰਤ ਤੇ ਹੋਰ ਦੇਸ਼ਾਂ ਤੋਂ ਸਿੱਖ ਤੀਰਥ ਯਾਤਰੀ ਨਨਕਾਣਾ ਸਾਹਿਬ ਵਿਚ ਆਉਣ ਲੱਗੇ ਹਨ।