ਕਰਤਾਰਪੁਰ ਲਾਂਘਾ ਦੋਹਾਂ ਦੇਸ਼ਾਂ ਦੀ ਦੋਸਤੀ ਵਿਚ ਵਾਧਾ ਕਰੇਗਾ : ਚੌਧਰੀ ਮੁਹੰਮਦ ਸਰਵਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਿਹਾ, ਮਹਿਜ਼ 4 ਕਿਲੋਮੀਟਰ ਦੀ ਦੂਰੀ ਤੈਅ ਕਰਨ ਲਈ 70 ਸਾਲ ਦਾ ਸਮਾਂ ਲੱਗ ਗਿਆ

Chaudhry Muhammad Sarwar

ਅੰਮ੍ਰਿਤਸਰ/ਨਨਕਾਣਾ ਸਾਹਿਬ (ਚਰਨਜੀਤ ਸਿੰਘ): ਪਾਕਿਸਤਾਨੀ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਨੇ ਕਿਹਾ ਹੈ ਕਿ ਕਰਤਾਰਪੁਰ ਲਾਂਘੇ ਨਾਲ ਦੋਹਾਂ ਦੇਸ਼ਾਂ ਦੇ ਸਬੰਧ ਬਿਹਤਰ ਬਣਨਗੇ ਤੇ ਇਹ ਲਾਂਘਾ ਦੋਹਾਂ ਦੇਸ਼ਾਂ ਦੀ ਦੋਸਤੀ ਵਿਚ ਵਾਧਾ ਕਰੇਗਾ। ਗੁਰਦਵਾਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਚੌਧਰੀ ਸਰਵਰ ਨੇ ਕਿਹਾ ਕਿ ਚੰਗੀ ਨੀਯਤ ਨਾਲ ਕੀਤੇ ਕੰਮ ਦਾ ਨਤੀਜਾ ਵੀ ਚੰਗਾ ਹੀ ਨਿਕਲਦਾ ਹੈ। ਉਨ੍ਹਾਂ ਕਿਹਾ,''ਮਹਿਜ਼ 4 ਕਿਲੋਮੀਟਰ ਦੀ ਦੂਰੀ ਤਹਿ ਕਰਨ ਲਈ 70 ਸਾਲ ਦਾ ਸਮਾਂ ਲੱਗ ਗਿਆ। ਮੈਂ ਸਿੱਖ ਭਰਾਵਾਂ ਦੇ ਸਬਰ ਦੀ ਤਾਰੀਫ਼ ਕਰਦਾ ਹਾਂ ਕਿ ਜਿਨ੍ਹਾਂ ਪੂਰੇ ਦਿਲ ਨਾਲ ਇਹ ਅਰਦਾਸਾਂ ਕੀਤੀਆਂ।''

ਉਨ੍ਹਾਂ ਕਿਹਾ ਕਿ ਇਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਤਹਿਰੀਕ ਏ ਇਨਸਾਫ਼ ਪਾਰਟੀ ਦਾ ਇਤਿਹਾਸਕ ਤੇ ਮਿਸਾਲੀ ਫ਼ੈਸਲਾ ਹੈ। ਉਨ੍ਹਾਂ ਕਿਹਾ ਕਿ ਜਦ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਜਾਰੀ ਸੀ ਤਾਂ ਉਸ ਵਕਤ ਲਾਈਨ ਆਫ਼ ਕੰਟਰੋਲ 'ਤੇ ਤਣਾਅ ਵਾਲਾ ਮਾਹੌਲ ਸੀ, ਕਸ਼ਮੀਰ ਵਿਚ ਵੀ ਹਾਲਤ ਖ਼ਰਾਬ ਸਨ। ਉਸ ਸਮੇਂ ਕਿਹਾ ਜਾ ਰਿਹਾ ਸੀ ਕਿ ਇਹ ਕੰਮ ਪੂਰਾ ਨਹੀਂ ਹੋ ਸਕਦਾ। ਮੈਂ ਉਸ ਵੇਲੇ ਵੀ ਐਲਾਨੀਆ ਕਿਹਾ ਸੀ ਕਿ ਜੰਗ ਹੋਵੇ ਚਾਹੇ ਅਮਨ ਇਹ ਲਾਂਘੇ ਦਾ ਕੰਮ ਹਰ ਹਾਲਤ ਵਿਚ ਮੁਕਮੰਲ ਹੋਵੇਗਾ।

9 ਨਵੰਬਰ ਦੇ ਸਮਾਗਮ ਬਾਰੇ ਗੱਲ ਕਰਦਿਆਂ ਚੌਧਰੀ ਸਰਵਰ ਨੇ ਕਿਹਾ ਕਿ ਇਸ ਸਮਾਗਮ ਵਿਚ ਹਰ ਸਿੱਖ ਵਿਸ਼ੇਸ਼ ਮਹਿਮਾਨ ਹੋਵੇਗਾ ਪਰ ਸਰਨਾ ਭਰਾਵਾਂ ਦੀ ਕੀਤੀ ਮਿਹਨਤ ਨੂੰ ਅੱਖੋ ਪਰੋਖੇ ਨਹੀਂ ਕੀਤਾ ਜਾ ਸਕਦਾ। ਇਸ ਲਈ ਪਰਮਜੀਤ ਸਿੰਘ ਸਰਨਾ ਤੇ ਹਰਵਿੰਦਰ ਸਿੰਘ ਸਰਨਾ ਇਸ ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ। ਉਨ੍ਹਾਂ ਪਾਕਿਸਾਨ ਔਕਾਫ਼ ਬੋਰਡ ਦੇ ਚੇਅਰਮੈਨ ਡਾਕਟਰ ਆਮਰ ਅਹਿਮਦ ਉਨ੍ਹਾਂ ਦੀ ਟੀਮ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਪਿੱਠ ਥਾਪੜਦਿਆਂ ਕਿਹਾ ਕਿ ਇਨ੍ਹਾਂ ਸਾਰਿਆਂ ਦੀ ਮਿਹਨਤ ਨਾਲ ਅੱਜ ਅਸੀ ਇਹ ਦਿਹਾੜਾ ਮਨਾ ਰਹੇ ਹਾਂ। ਇਸ ਮੌਕੇ ਪਾਕਿਸਾਤਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰੰਘ, ਸਾਬਕਾ ਪ੍ਰਧਾਨ ਬਿਸ਼ਨ ਸਿੰਘ, ਜਰਨਲ ਸਕੱਤਰ  ਅਮੀਰ ਸਿੰਘ, ਮੈਂਬਰ ਸਾਗਰ ਸਿੰਘ, ਸਰਬੱਤ ਸਿੰਘ, ਪਾਕਿ ਪੰਜਾਬ ਦੇ ਕੈਬਨਿਟ ਸੈਕਟਰੀ ਮੁਹਿੰਦਰਪਾਲ ਸਿੰਘ , ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ, ਸਿਮਰਨਜੀਤ ਸਿੰਘ ਮਾਨ ਆਦਿ ਹਾਜ਼ਰ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।