ਹੁਣ ਪੁਰਸ਼ ਨਹੀਂ ਦੇ ਸਕਣਗੇ ਪਤਨੀ ਨੂੰ ਗੁਪਤ ਤਲਾਕ
ਮਨੁੱਖੀ ਅਧਿਕਾਰ ਸੰਗਠਨਾਂ ਮੁਤਾਬਕ ਨਵਾਂ ਕਾਨੂੰਨ ਸਊਦੀ ਅਰਬ ਦੀਆਂ ਔਰਤਾਂ ਨੂੰ ਅਪਣੀ ਵਿਆਹਤਾ ਜਿੰਦਗੀ ਦੀ ਹਾਲਤ ਬਾਰੇ ਜਾਣਕਾਰੀ ਰੱਖਣ ਦਾ ਅਧਿਕਾਰ ਦੇਵੇਗਾ।
ਰਿਆਦ : ਸਊਦੀ ਪਸ਼ਾਸਨ ਨੇ ਔਰਤਾਂ ਦੇ ਅਧਿਕਾਰ ਪ੍ਰਤੀ ਇਕ ਵੱਡਾ ਕਦਮ ਚੁੱਕਿਆ ਹੈ। ਇਸ ਦੇ ਅਧੀਨ ਦੇਸ਼ ਵਿਚ ਅੋਰਤਾਂ ਨੂੰ ਗੁਪਤ ਤਲਾਕ ਦੇਣਾ ਹੁਣ ਸੰਭਵ ਨਹੀਂ ਹੋਵੇਗਾ। ਅਦਾਲਤਾਂ ਦੇ ਲਈ ਤਲਾਕ ਦੀ ਪ੍ਰਵਾਨਗੀ ਦੇਣ ਦੀ ਜਾਣਕਾਰੀ ਸਬੰਧਤ ਔਰਤ ਨੂੰ ਸੁਨੇਹੇ ਰਾਹੀਂ ਦੇਣਾ ਲਾਜ਼ਮੀ ਹੋਵੇਗਾ। ਮਹਿਲਾ ਵਕੀਲਾਂ ਨੇ ਨਵੇਂ ਕਾਨੂੰਨ ਨੂੰ ਗੁਪਤ ਤਲਾਕ ਦੀ ਮਾੜੀ ਰੀਤ ਨੂੰ ਖਤਮ ਕਰਨ ਦੀ ਦਿਸ਼ਾ ਵਿਚ ਬਹੁਤ ਮਹੱਤਵਪੂਰਨ ਕਰਾਰ ਦਿਤਾ ਹੈ। ਉਹਨਾਂ ਕਿਹਾ ਕਿ ਸਊਦੀ ਪੁਰਸ਼ ਹੁਣ ਅਪਣੀ ਪਤਨੀਆਂ ਨੂੰ ਬਿਨਾਂ ਦੱਸੇ ਵਿਆਹ ਨਹੀਂ ਤੋੜ ਸਕਣਗੇ।
ਕੋਰਟ ਵਿਚ ਕਬੂਲ ਕੀਤੀ ਗਈ ਉਹਨਾਂ ਦੀ ਤਲਾਕ ਦੀ ਅਰਜ਼ੀ ਉਸੇ ਵੇਲ੍ਹੇ ਹੀ ਵੈਧ ਮੰਨੀ ਜਾਵੇਗੀ ਜਦ ਇਸ ਦੀ ਲਿਖਤੀ ਜਾਣਕਾਰੀ ਸੁਨੇਹੇ ਰਾਹੀਂ ਸਬੰਧਤ ਔਰਤ ਨੂੰ ਭੇਜੀ ਜਾਵੇਗੀ। ਮਨੁੱਖੀ ਅਧਿਕਾਰ ਸੰਗਠਨਾਂ ਮੁਤਾਬਕ ਨਵਾਂ ਕਾਨੂੰਨ ਸਊਦੀ ਅਰਬ ਦੀਆਂ ਔਰਤਾਂ ਨੂੰ ਅਪਣੀ ਵਿਆਹਤਾ ਜਿੰਦਗੀ ਦੀ ਹਾਲਤ ਬਾਰੇ ਜਾਣਕਾਰੀ ਰੱਖਣ ਦਾ ਅਧਿਕਾਰ ਦੇਵੇਗਾ। ਇਸ ਨਾਲ ਨਾ ਸਿਰਫ ਉਹ ਗੁਜ਼ਾਰਾ ਭੱਤਾ ਅਤੇ ਬੱਚਿਆਂ ਦੀ ਸੁਰੱਖਿਆ ਸਬੰਧੀ ਅਧਿਕਾਰਾਂ ਲਈ ਅਰਜ਼ੀ ਦੇ ਸਕਣਗੀਆਂ, ਸਗੋਂ ਇਹ ਵੀ ਯਕੀਨੀ ਬਣਾ ਸਕਣਗੀਆਂ
ਕਿ ਤਲਾਕ ਤੋਂ ਪਹਿਲਾਂ ਉਹਨਾਂ ਦੀ ਜਾਂ ਉਹਨਾਂ ਦੇ ਪਰਵਾਰ ਵੱਲੋਂ ਜਾਰੀ ਕੀਤੀ ਗਈ ਪਾਵਰ ਆਫ਼ ਅਟਾਰਿਨੀ ਦੀ ਦੁਰਵਰਤੋਂ ਨਾਂ ਹੋ ਸਕੇ। ਦੱਸ ਦਈਏ ਕਿ ਸਊਦੀ ਅਰਬ ਵਿਚ ਔਰਤਾਂ ਅਜੇ ਵੀ ਪੁਰਸ਼ ਸਰਪ੍ਰਸਤ ਦੀ ਇਜਾਜ਼ਤ ਤੋਂ ਬਗੈਰ ਕੋਈ ਕੰਮ ਨਹੀਂ ਕਰ ਸਕਦੀਆਂ ਹਨ। ਇਸ ਵਿਚ ਪਾਸਪੋਰਟ ਲਈ ਅਰਜ਼ੀ ਦੇਣਾ, ਵਿਦੇਸ਼ ਯਾਤਰਾ 'ਤੇ ਜਾਣਾ, ਵਿਆਹ ਕਰਨਾ, ਬੈਂਕ ਖਾਤਾ ਖੋਲ੍ਹਣਾ ਜਾਂ ਫਿਰ ਅਪਣਾ ਕਾਰੋਬਾਰ ਖੋਲ੍ਹਣਾ ਸ਼ਾਮਲ ਹਨ।