ਰਾਜ ਸਭਾ ਵਿਚ ਅੱਜ ਪੇਸ਼ ਹੋਵੇਗਾ ਤਿੰਨ ਤਲਾਕ ਬਿੱਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਤੇ ਹੋਰ ਕਰਨਗੇ ਵਿਰੋਧ....

Three separate divorce bills

ਨਵੀਂ ਦਿੱਲੀ, (ਸ ਸ ਸ): ਮੁਸਲਮਾਨਾਂ ਵਿਚ ਇਕ ਵਾਰ ਵਿਚ ਤਿੰਨ ਤਲਾਕ ਦੀ ਪ੍ਰਥਾ ਨੂੰ ਅਪਰਾਧ ਦੀ ਸ਼੍ਰੇਣੀ ਵਿਚ ਲਿਆਉਣ ਵਾਲਾ ਤਿੰਨ ਤਲਾਕ ਬਿੱਲ ਸੋਮਵਾਰ ਨੂੰ ਰਾਜ ਸਭਾ ਵਿਚ ਪੇਸ਼ ਕੀਤਾ ਜਾਵੇਗਾ। ਉਧਰ, ਕਾਂਗਰਸ ਦਾ ਕਹਿਣਾ ਹੈ ਕਿ ਉਹ ਇਸ ਵੇਲੇ ਇਸ ਬਿੱਲ ਨੂੰ ਪਾਸ ਨਹੀਂ ਹੋਣ ਦੇਵੇਗੀ।

ਸੱਤਾਧਿਰ ਭਾਜਪਾ ਨੇ ਉਪਰਲੇ ਸਦਨ ਵਿਚ ਵ੍ਹਿਪ ਜਾਰੀ ਕਰ ਕੇ ਅਪਣੇ ਮੈਂਬਰਾਂ ਨੂੰ ਹਾਜ਼ਰ ਰਹਿਣ ਲਈ ਕਿਹਾ ਹੈ। ਕੈਬਨਿਟ ਮੰਤਰੀ ਰਵੀਸ਼ੰਕਰ ਪ੍ਰਸਾਦ ਉਪਰਲੇ ਸਦਨ ਵਿਚ ਇਸ ਬਿੱਲ ਨੂੰ ਪੇਸ਼ ਕਰਨਗੇ। ਬਿੱਲ ਨੂੰ ਵੀਰਵਾਰ ਨੂੰ ਵਿਰੋਧੀ ਧਿਰ ਦੇ ਬਾਈਕਾਟ ਵਿਚਾਲੇ ਦੁਬਾਰਾ ਮਨਜ਼ੂਰੀ ਦਿਤੀ ਜਾ ਚੁਕੀ ਹੈ। ਬਿੱਲ ਦੇ ਪੱਖ ਵਿਚ 245 ਜਦਕਿ ਵਿਰੋਧੀ ਧਿਰ ਵਿਚ 11 ਵੋਟਾਂ ਪਈਆਂ ਸਨ। ਪ੍ਰਸਾਦ ਨੇ ਸ਼ੁਕਰਵਾਰ ਨੂੰ ਦਾਅਵਾ ਕੀਤਾ ਸੀ ਕਿ ਬੇਸ਼ੱਕ ਰਾਜ ਸਭਾ ਵਿਚ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਕੋਲ ਲੋੜੀਂਦਾ ਬਹੁਮਤ ਨਾ ਹੋਵੇ ਪਰ ਸਦਨ ਵਿਚ ਇਸ ਬਿੱਲ ਨੂੰ ਸਮਰਥਨ ਮਿਲੇਗਾ।

ਬਿੱਲ ਨੂੰ ਸੋਮਵਾਰ ਨੂੰ ਰਾਜ ਸਭਾ ਵਿਚ ਕੰਮਕਾਜੀ ਏਜੰਡੇ ਵਿਚ ਸ਼ਾਮਲ ਕੀਤਾ ਗਿਆ ਹੈ। ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਨੇ ਸਨਿਚਰਵਾਰ ਨੂੰ ਕੋਚੀ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਪਾਰਟੀ ਹੋਰਾਂ ਨਾਲ ਹੱਥ ਮਿਲਾ ਕੇ ਬਿੱਲ ਨੂੰ ਸਦਨ ਵਿਚ ਪਾਸ ਨਹੀਂ ਹੋਣ ਦੇਵੇਗੀ। 10 ਵਿਰੋਧੀ ਧਿਰਾਂ ਲੋਕ ਸਭਾ ਵਿਚ ਮੁਸਲਿਮ ਮਹਿਲਾ ਵਿਆਹ ਅਧਿਕਾਰ ਰਾਖੀ ਸਬੰਧੀ ਬਿੱਲ 2018 ਵਿਰੁਧ ਖੁਲ੍ਹ ਕੇ ਸਾਹਮਣੇ ਆਈਆਂ ਸਨ।