8 ਮਹੀਨੇ ਬਾਅਦ ਟਰੰਪ-ਕਿਮ ਦੀ ਦੂਜੀ ਮੁਲਾਕਾਤ 27-28 ਫਰਵਰੀ ਨੂੰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਟਰੰਪ ਨੇ ਕਿਹਾ ਕਿ ਉਤਰ ਕੋਰੀਆ ਦੇ ਮਸਲੇ 'ਤੇ ਹੁਣ ਵੀ ਬਹੁਤ ਕੰਮ ਬਾਕੀ ਹੈ।

Trump-Kim

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਕਿਮ ਜੋਂਗ 27-28 ਫਰਵਰੀ ਨੂੰ ਵੀਅਤਨਾਮ ਵਿਚ ਮਿਲਣਗੇ। ਟਰੰਪ ਨੇ ਕਾਂਗਰਸ ਵਿਚ ਸਟੇਟ ਆਫ ਦਿ ਯੂਨੀਅਨ ਸਪੀਚ ਦੌਰਾਨ ਇਸ ਗੱਲ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਦੋਵੇਂ ਨੇਤਾ 12 ਜੂਨ ਨੂੰ ਸਿੰਗਾਪੁਰ ਵਿਚ ਮਿਲੇ ਸਨ। ਉਸ ਦੌਰਾਨ ਦੋਹਾਂ ਨੇਤਾਵਾਂ ਵਿਚਕਾਰ 90 ਮਿੰਟ ਦੀ ਲੰਮੀ ਗੱਲਬਾਤ ਹੋਈ ਸੀ। ਟਰੰਪ ਨੇ ਕਿਹਾ ਕਿ ਉਤਰ ਕੋਰੀਆ ਦੇ ਮਸਲੇ 'ਤੇ ਹੁਣ ਵੀ ਬਹੁਤ ਕੰਮ ਬਾਕੀ ਹੈ।

ਪਰ ਕਿਮ ਜੋਂਗ ਅਤੇ ਮੇਰੇ ਆਪਸੀ ਰਿਸ਼ਤੇ ਵਧੀਆ ਰਹੇ ਹਨ। ਹਾਲਾਂਕਿ ਟਰੰਪ ਨੇ ਉਤਰ ਕੋਰੀਆ ਨੂੰ ਧਮਕੀ ਵੀ ਦਿਤੀ ਹੈ। ਉਹਨਾਂ ਕਿਹਾ ਹੈ ਕਿ ਜੇਕਰ ਮੈਂ ਅਮਰੀਕਾ ਦਾ ਰਾਸ਼ਟਰਪਤੀ ਨਾ ਚੁਣਿਆ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਉਤਰ ਕੋਰੀਆ ਦੇ ਨਾਲ ਜੰਗ ਹੋ ਸਕਦੀ ਹੈ। ਟਰੰਪ-ਕਿਮ ਦੀ ਵੀਅਤਨਾਮ ਵਿਚ ਮੁਲਾਕਤ ਕਿਥੇ ਹੋਵੇਗੀ, ਇਹ ਨਿਰਧਾਰਤ ਨਹੀਂ ਕੀਤਾ ਗਿਆ ਹੈ। ਵੀਅਤਨਾਮ ਦੀ ਰਾਜਧਾਨੀ ਹਨੋਈ

ਅਤੇ ਤੱਟੀ ਸ਼ਹਿਰ ਦਾ ਨਾਂਗ ਦੇ ਨਾਮ 'ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਖ਼ਬਰਾਂ ਮੁਤਾਬਕ ਅਮਰੀਕਾ ਦੇ ਸੀਨੀਅਰ ਬੁਲਾਰੇ ਸਟੀਫਨ ਬੀਗਨ ਅਤੇ ਉੱਤਰ ਕੋਰੀਆ ਦੇ ਕਿਮ ਹਾਯੋਕ ਚੋਲ ਨਾਲ ਮੁਲਾਕਾਤ ਕਰਨਗੇ। ਦੱਸ ਦਈਏ ਕਿ ਸਿੰਗਾਪੁਰ ਵਿਖੇ ਦੋਹਾਂ ਨੇਤਾਵਾਂ ਦੀ ਹੋਈ ਪਹਿਲੀ ਮੁਲਾਕਾਤ ਦੋਰਾਨ ਟਰੰਪ ਨੇ ਕਿਮ ਨੂੰ ਪਰਮਾਣੂ ਪਰੀਖਣ ਦੇ ਵਿਰੋਧ 'ਤੇ ਸਹਿਮਤ ਕਰ ਲਿਆ ਸੀ। 

90 ਮਿੰਟ ਤੱਕ ਚਲੀ ਇਸ ਮੁਲਾਕਾਤ ਦੌਰਾਨ ਦੋਹਾਂ ਨੇਤਾਵਾਂ ਨੇ ਇਕ ਦਸਤਾਵੇਜ਼ 'ਤੇ ਹਸਤਾਖ਼ਰ ਵੀ ਕੀਤੇ ਸਨ। ਟਰੰਪ ਅਜਿਹੇ 12ਵੇਂ ਅਮਰੀਕੀ ਰਾਸ਼ਟਰਪਤੀ ਹਨ, ਜਿਹਨਾਂ ਨੂੰ ਉਤਰ ਕੋਰੀਆ ਦੇ ਨਾਲ ਵਿਵਾਦ ਨੂੰ ਦੂਰ ਕਰਨ ਵਿਚ ਕਾਮਯਾਬੀ ਮਿਲੀ। ਅਮਰੀਕਾ ਉਤਰ ਕੋਰੀਆ ਦੇ ਨਾਲ ਵਿਵਾਦ ਨੂੰ ਖਤਮ ਕਰਨ ਲਈ ਪਿਛਲੇ 65 ਸਾਲ ਤੋਂ ਉਪਰਾਲੇ ਕਰ ਰਿਹਾ ਸੀ।