ਟਰੰਪ ਨੂੰ ਨਾ ਦਿਤੀ ਜਾਵੇ ਖ਼ੁਫ਼ੀਆ ਜਾਣਕਾਰੀ, ਫਿਸਲ ਸਕਦੀ ਹੈ ਜ਼ੁਬਾਨ : ਬਾਈਡਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਕਿਹਾ, ਮੈਨੂੰ ਇਹੀ ਲਗਦੈ ਕਿ ਉਨ੍ਹਾਂ ਨੂੰ ਖੁਫ਼ੀਆ ਜਾਣਕਾਰੀਆਂ ਦੇਣ ਦੀ ਜ਼ਰੂਰਤ ਨਹੀਂ ਹੈ

Joe Biden

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਉਨ੍ਹਾਂ ਦੇ ਅਸਥਿਰ ਵਤੀਰੇ ਕਾਰਨ ਖੁਫ਼ੀਆ ਜਾਣਕਾਰੀਆਂ ਨਹੀਂ ਦਿਤੀਆਂ ਜਾਣੀਆਂ ਚਾਹੀਦੀਆਂ। ਅਮਰੀਕਾ ’ਚ ਕਾਰਜਕਾਲ ਪੂਰਾ ਕਰਨ ਵਾਲੇ ਰਾਸ਼ਟਰਪਤੀਆਂ ਨੂੰ ਸ਼ਿਸ਼ਟਾਚਾਰ ਵਜੋਂ ਅਜਿਹੀਆਂ ਜਾਣਕਾਰੀਆਂ ਦੇਣ ਦਾ ਇਤਿਹਾਸ ਰਿਹਾ ਹੈ।

ਬਾਈਡਨ ਨੇ ‘ਸੀਬੀਐੱਸ’ ਨਿਊਜ਼ ਨੂੰ ਦਿਤੀ ਇੰਟਰਵਿਊ ’ਚ ਕਿਹਾ, ‘ਮੈਂ ਕਿਆਸ ਨਹੀਂ ਲਗਾਉਣਾ ਚਾਹੁੰਦਾ। ਮੈਨੂੰ ਇਹੀ ਲਗਦਾ ਹੈ ਕਿ ਉਨ੍ਹਾਂ ਨੂੰ ਖੁਫ਼ੀਆ ਜਾਣਕਾਰੀਆਂ ਦੇਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਨੂੰ ਖੁਫ਼ੀਆ ਜਾਣਕਾਰੀਆਂ ਦੇਣ ਦੀ ਕੀ ਅਹਿਮੀਅਤ ਹੈ। ਉਹ ਕੀ ਅਸਰ ਪਾ ਸਕਦੇ ਹਨ।

ਇਸ ਦੇ ਬਜਾਏ ਅਸਲੀਅਤ ਤਾਂ ਇਹ ਵੀ ਹੈ ਕਿ ਉਨ੍ਹਾਂ ਜ਼ੁਬਾਨ ਫਿਸਲ ਸਕਦੀ ਹੈ ਤੇ ਉਹ ਕੁਝ ਵੀ ਬੋਲ ਸਕਦੇ ਹਨ।’ ਇਹ ਇੰਟਰਵਿਊ ਐਤਵਾਰ ਨੂੰ ਪ੍ਰਸਾਰਤ ਕੀਤਾ ਜਾਵੇਗਾ। ਸ਼ੁਕਰਵਾਰ ਨੂੰ ਇਸ ਦੇ ਕੁੱਝ ਅੰਸ਼ ਪ੍ਰਸਾਰਤ ਕੀਤੇ ਗਏ। ਬਾਈਡਨ ਨੇ ਕਿਹਾ ਕਿ ਟਰੰਪ ਨੂੰ ਉਨ੍ਹਾਂ ਦੇ ਅਸਥਿਰ ਵਤੀਰੇ ਕਾਰਨ ਅਜਿਹੀਆਂ ਜਾਣਕਾਰੀਆਂ ਨਹੀਂ ਦੇਣੀਆਂ ਚਾਹੀਦੀਆਂ।

ਇਸ ਹਫ਼ਤੇ ਦੀ ਸ਼ੁਰੂਆਤ ’ਚ ਵ੍ਹਾਈਟ ਹਾਊਸ ਦੀ ਪ੍ਰਰੈੱਸ ਸੈਕਟਰੀ ਜੇਨ ਪਾਕੀ ਨੇ ਕਿਹਾ ਸੀ ਕਿ ਟਰੰਪ ਨੂੰ ਖੁਫ਼ੀਆ ਜਾਣਕਾਰੀਆਂ ਦੇਣ ਦੇ ਵਿਸ਼ੇ ’ਚ ਸਮੀਖਿਆ ਕੀਤੀ ਜਾ ਰਹੀ ਹੈ। ਡੈਮੋਕ੍ਰੇਟਿਕ ਪਾਰਟੀ ਦੇ ਕੁੱਝ ਸੰਸਦ ਮੈਂਬਰਾਂ ਤੇ ਇੱਥੋਂ ਤਕ ਕਿ ਤਤਕਾਲੀ ਟਰੰਪ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਵੀ ਉਨ੍ਹਾਂ ਨੂੰ ਜਾਣਕਾਰੀ ਦਿੰਦੇ ਰਹਿਣ ਬਾਰੇ ਸਵਾਲ ਕੀਤੇ ਸਨ। 

ਖ਼ਾਸ ਗੱਲ ਇਹ ਹੈ ਕਿ ਰਾਸ਼ਟਰਪਤੀ ਰਹਿਣ ਦੌਰਾਨ ਵੀ ਟਰੰਪ ਨੂੰ ਨਿਯਮਤ ਤੌਰ ’ਤੇ ਖੁਫ਼ੀਆ ਜਾਣਕਾਰੀਆਂ ਨਹੀਂ ਦਿਤੀਆਂ ਜਾਂਦੀਆਂ ਸਨ। ਉਨ੍ਹਾਂ ਨੂੰ ਹਫ਼ਤੇ ’ਚ ਦੋ ਤੋਂ ਤਿੰਨ ਵਾਰ ਖੁਫ਼ੀਆ ਅਧਿਕਾਰੀ ਤੱਥਾਂ ਬਾਰੇ ਜ਼ੁਬਾਨੀ ਤੌਰ ’ਤੇ ਜਾਣੂ ਕਰਵਾਉਂਦੇ ਸਨ।