ਰੂਸੀ ਹਵਾਈ ਜਹਾਜ਼ ਨੂੰ ਉਡਾਨ ਦੌਰਾਨ ਲੱਗੀ ਭਿਆਨਕ ਅੱਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਜਹਾਜ਼ ਵਿਚ ਸਵਾਰ ਸਨ ਕੁਲ 78 ਯਾਤਰੀ, ਹਾਦਸੇ ਦੀ ਜਾਂਚ ਸ਼ੁਰੂ

A Russian Firefighters Fired In the Plane

ਮਾਸਕੋ- ਰੂਸ ਦੀ ਰਾਜਧਾਨੀ ਮਾਸਕੋ ਦੇ ਸ਼ੇਰੇਮੇਤੇਵੋ ਹਵਾਈ ਅੱਡੇ 'ਤੇ ਉਸ ਸਮੇਂ ਸਾਰਿਆਂ ਨੂੰ ਭਾਜੜਾਂ ਪੈ ਗਈਆਂ ਜਦੋਂ ਉਡਾਨ ਦੌਰਾਨ ਇਕ ਜਹਾਜ਼ ਨੂੰ ਭਿਆਨਕ ਅੱਗ ਲੱਗ ਗਈ। ਇਸ ਹਵਾਈ ਜਹਾਜ਼ ਹਾਦਸੇ ਵਿਚ 41 ਵਿਅਕਤੀਆਂ ਦੀ ਮੌਤ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਜਾਣਕਾਰੀ ਅਨੁਸਾਰ ਇਸ ਜਹਾਜ਼ ਵਿਚ ਕੁਲ 78 ਯਾਤਰੀ ਸਵਾਰ ਸਨ। ਇਸ ਰੂਸੀ ਏਅਰੋਫਲੋਟ ਸੁਖੋਈ ਸੁਪਰਜੈੱਟ ਜਹਾਜ਼ ਨੇ ਹਵਾਈ ਅੱਡੇ ਤੋਂ ਆਰਕਟਿਕ ਸ਼ਹਿਰ ਮਰਮਾਸਕ ਲਈ ਉਡਾਨ ਭਰੀ ਸੀ। ਉਡਾਨ ਭਰਦਿਆਂ ਹੀ ਇਸ ਵਿਚੋਂ ਧੂੰਆਂ ਨਿਕਲਣ ਲੱਗਿਆ।

ਜਹਾਜ਼ ਚਾਲਕ ਟੀਮ ਨੇ ਤੁਰੰਤ ਏਟੀਸੀ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਜਹਾਜ਼ ਦੀ ਐਂਮਰਜੈਂਸੀ ਲੈਡਿੰਗ ਕਰਵਾਈ ਗਈ। ਲੈਂਡਿੰਗ ਦੌਰਾਨ ਪੂਰਾ ਜਹਾਜ਼ ਅੱਗ ਦੇ ਗੋਲੇ ਵਿਚ ਬਦਲ ਗਿਆ। ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਜਹਾਜ਼ ਤੋਂ ਨਿਕਲਦੀ ਅੱਗ ਦੀਆਂ ਲਪਟਾਂ ਅਤੇ ਅਸਮਾਨ ਵਿਚ ਧੂੰਏਂ ਨੂੰ ਦੂਰ ਤੋਂ ਦੇਖਿਆ ਜਾ ਸਕਦਾ ਸੀ।

ਜਹਾਜ਼ ਵਿਚੋਂ ਕੱਢੇ ਗਏ ਲੋਕਾਂ ਦਾ ਕਹਿਣਾ ਹੈ ਕਿ ਭਿਆਨਕ ਅੱਗ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਤਾਂ ਇਕ ਵਾਰ ਇੰਝ ਲੱਗਿਆ ਸੀ ਕਿ ਕੋਈ ਜੀਵਤ ਨਹੀਂ ਬਚਿਆ ਹੋਵੇਗਾ। ਹਾਦਸੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਦੋ ਸਾਲ ਪੁਰਾਣਾ ਸੀ। ਫਿਲਹਾਲ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿਤੀ ਗਈ ਹੈ।